May 12, 2020 | By ਸਿੱਖ ਸਿਆਸਤ ਬਿਊਰੋ
ਲੰਡਨ: ਪੰਜਾਬ ਦੇ ਪਿੰਡ ਲੱਖਣ ਕੇ ਪੱਡਾ ਵਿਖੇ ਕੌਮਾਂਤਰੀ ਕਬੱਡੀ ਖਿਡਾਰੀ ਅਰਵਿੰਦਰਜੀਤ ਸਿੰਘ ਦੇ ਕਤਲ ਦੀ ਯੂਨਾਈਟਿਡ ਖਾਲਸਾ ਦਲ ਯੂ.ਕੇ. ਵਲੋਂ ਸਖਤ ਨਿਖੇਧੀ ਕੀਤੀ ਗਈ ਹੈ। ਬਰਤਾਨੀਆ ਰਹਿੰਦੇ ਸਿੱਖਾਂ ਦੇ ਇਸ ਦਲ ਪ੍ਰਧਾਨ ਭਾਈ ਨਿਰਮਲ ਸਿੰਘ ਸੰਧੂ ਅਤੇ ਜਨਰਲ ਸਕੱਤਰ ਭਾਈ ਲਵਸਿ਼ੰਦਰ ਸਿੰਘ ਡੱਲੇਵਾਲ ਨੇ ਕਿਹਾ ਹੈ ਕਿ ਉਹ ਨੌਜਵਾਨ ਅਰਵਿੰਦਰ ਸਿੰਘ ਦੇ ਪਰਿਵਾਰ ਨਾਲ ਡੂੰਘੀ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਅਰਦਾਸ ਕਰਦੇ ਹਨ ਕਿ ਅਕਾਲ ਪੁਰਖ ਕਬੱਡੀ ਦੇ ਕੌਮਾਂਤਰੀ ਖਿਡਾਰੀ ਅਰਵਿੰਦਰਜੀਤ ਸਿੰਘ ਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬੱਲ ਬਖਸ਼ੇ।
ਸਿੱਖ ਆਗੂਆਂ ਨੇ ਕਿਹਾ ਕਿ ਨੌਜਵਾਨ ਅਰਵਿੰਦਰਜੀਤ ਸਿੰਘ ਨੂੰ ਕਤਲ ਕਰਨ ਅਤੇ ਉਸਦੇ ਸਾਥੀ ਨੂੰ ਜਖਮੀ ਕਰਨ ਵਾਲੇ ਸਹਾਇਕ ਸਬ-ਇੰਸਪੈਕਟਰ ਪਰਮਜੀਤ ਸਿੰਘ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਜਿਹੜੇ ਲੋਕਾਂ ਨੇ ਪਟਿਆਲਾ ਵਿਖੇ ਵਾਪਰੀ ਘਟਨਾ ਨੂੰ ਅਧਾਰ ਬਣਾ ਕੇ ਪੁਲਿਸ ਦੇ ਪੱਖ ਹੱਕ ਅਤੇ ਨਿਹੰਗ ਸਿੰਘਾਂ ਖਿਲਾਫ ਬੜਾ ਕੁੱਝ ਬੋਲਿਆ ਸੀ ਅੱਜ ਉਹਨਾਂ ਦੀ ਬੰਦ ਜੁਬਾਨ ਵੀ ਕਈ ਤਰਾਂ ਦੇ ਸਵਾਲੀਆ ਚਿੰਨ੍ਹ ਲਗਾ ਰਹੀ ਹੈ।
ਨਿਹੰਗ ਸਿੰਘਾਂ ਨਾਲ ਹੋਈ ਲੜਾਈ ਵਿੱਚ ਹੱਥ ਵਢਾਉਣ ਵਾਲੇ ਥਾਣੇਦਾਰ ਦੇ ਹੱਕ ਵਿੱਚ ਖੜਦਿਆਂ ਜਿਹਨਾਂ ਫਿਲਮੀ ਐਕਟਰਾਂ, ਗਾਇਕਾਂ, ਨਾਚਾਰਾਂ, ਸਿਆਸੀ ਬਟੇਰਿਆਂ ਨੇ ਖੁਦ ਨੂੰ ਹਰਜੀਤ ਸਿੰਘ ਆਖਿਆ ਸੀ, ਅੱਜ ਉਹ ਕਿਸੇ ਨਿਰਦੋਸ਼ ਨੌਜਵਾਨ ਦੇ ਕਤਲ ਨੂੰ ਵੇਖ ਕੇ ਮੋਨ ਵਰਤ ਧਾਰਨ ਕਰ ਗਏ ਹਨ?
ਉਨ੍ਹਾਂ ਕਿਹਾ ਕਿ ਵਕੀਲ ਤੋਂ ਸਿਆਸਤਦਾਨ ਬਣੇ ਐਚ.ਐਸ. ਫੂਲਕਾ ਵਰਗੇ ਜਿਹੜੇ ਇੱਕ ਪੁਲਸੀਏ ਦਾ ਕੇਵਲ ਹੱਥ ਵੱਢੇ ਜਾਣ ਤੇ ਨਿਹੰਗ ਸਿੰਘਾਂ ਵਾਸਤੇ ਫਾਸਟ ਟਰੈਕ ਅਦਾਲਤ ਰਾਹੀਂ ਉਮਰ ਕੈਦ ਦੀ ਮੰਗ ਕਰਦੇ ਸੀ ਕੀ ਉਹ ਦੱਸਣਗੇ ਕਿ ਇਸ ਸਹਾਇਕ ਸਬ ਇੰਸਪੈਕਟਰ ਤੇ ਨਿਰਦੋਸ਼ ਨੌਜਵਾਨ ਦੇ ਕਾਤਲ ਪਰਮਜੀਤ ਸਿੰਘ ਨੂੰ ਕਿਹੜੀ ਅਦਾਲਤ ਰਾਹੀਂ ਕੀ ਸਜਾ ਮਿਲਣੀ ਚਾਹੀਦੀ ਹੈ?
ਯੂਨਾਈਟਿਡ ਖਾਲਸਾ ਦਲ ਯੂ.ਕੇ. ਵਲੋਂ ਇਸ ਵਕਤ ਭਾਰਤ ਫਿਰਕਾਪ੍ਰਸਤ ਮੀਡੀਏ ਦੀ ਸਖਤ ਅਲੋਚਨਾ ਕੀਤੀ ਗਈ ਹੈ। ਇੱਕ ਵਿਆਕਤੀ ਦਾ ਹੱਥ ਵੱਢੇ ਜਾਣ ਤੇ ਸਾਰਾ ਦਿਨ ‘ਬਰੇਕਿੰਗ ਨਿਊਜ਼’ ਅਤੇ ਕਈ ਦਿਨ ਉਸ ਤੇ ਚਰਚਾਵਾਂ ਕਰਨ ਵਾਲਾ ਮੀਡੀਆ ਹੁਣ ਇੱਕ ਨਿਰਦੋਸ਼ ਨੌਜਵਾਨ ਦੇ ਕਤਲ ਤੇ ਬਿਲਕੁਲ ਚੱਪ ਹੈ।
Related Topics: Arvinderjeet Singh, Capt. Amarinder Singh, lavshinder singh dallewal, Punjab Government, United Khalsa Dal U.K