May 12, 2018 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ: ਪੰਜਾਬ ਵਿਚ ਸਿੱਖ ਨੌਜਵਾਨਾਂ ਦੀ ਫੜੋ-ਫੜੀ ਦੇ ਚੱਲ ਰਹੇ ਦੌਰ ਨੂੰ ਜਾਰੀ ਰੱਖਦਿਆਂ ਪੰਜਾਬ ਪੁਲਿਸ ਨੇ ਹਥਿਆਰਬੰਦ ਕਾਰਵਾਈਆਂ ਦੀ ਸਾਜਿਸ਼ ਰਚਣ ਦਾ ਦੋਸ਼ ਲਾਉਂਦਿਆਂ ਦੋ ਸਿੱਖ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਜ਼ਿਲ੍ਹਾ ਪੁਲੀਸ ਫ਼ਰੀਦਕੋਟ ਨੇ ਪ੍ਰੈੱਸ ਕਾਨਫ਼ਰੰਸ ਕਰਕੇ ਦਾਅਵਾ ਕੀਤਾ ਕਿ, “ਪੁਲੀਸ ਨੇ ਇਕ ਸੜਕ ਹਾਦਸੇ ਮਗਰੋਂ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਕੇ ਥਾਣੇ ਲਿਆਂਦਾ ਸੀ। ਪੁੱਛ-ਪੜਤਾਲ ਦੌਰਾਨ ਜਿਹਨਾਂ ਕੋਲੋਂ ਪਤਾ ਲੱਗਾ ਕਿ ਫੜੇ ਗਏ ਸੰਦੀਪ ਸਿੰਘ ਅਤੇ ਅਮਰ ਸਿੰਘ ਸਰਗਰਮ ‘ਅੱਤਿਵਾਦੀ’ ਹਨ।” ਪੁਲੀਸ ਨੇ ਉਨ੍ਹਾਂ ਕੋਲੋਂ 32 ਬੋਰ ਦੇ ਦੋ ਪਿਸਤੌਲ ਅਤੇ 40 ਕਾਰਤੂਸ ਬਰਾਮਦ ਕਰਨ ਦਾ ਵੀ ਦਾਅਵਾ ਕਰ ਦਿੱਤਾ।
ਉਪਰੋਕਤ ਵਿਅਕਤੀਆਂ ‘ਤੇ ਕਤਲ ਕਰਨ ਦੀ ਸਾਜਿਸ਼ ਬਣਾਉਣ ਦਾ ਦੋਸ਼ ਲਾਉਂਦਿਆਂ 10 ਮਈ, 2018 ਨੂੰ ਕੋਟਕਪੂਰਾ ਪੁਲਿਸ ਥਾਣੇ ਵਿਚ ਐਫ.ਆਈ.ਆਰ ਨੰਬਰ 73 ਦਰਜ ਕੀਤੀ। ਐਫ.ਆੲ.ਆਰ ਵਿਚ ਗੈਰਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ ਦੀਆਂ ਧਾਰਾਵਾਂ 17, 18, 19, 20 ਅਤੇ ਅਸਲਾ ਕਾਨੂੰਨ ਦੀਆਂ ਧਾਰਾਵਾਂ 25, 54, 59 ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।
ਜ਼ਿਲ੍ਹਾ ਪੁਲੀਸ ਮੁਖੀ ਡਾ. ਨਾਨਕ ਸਿੰਘ ਨੇ ਦੱਸਿਆ ਕਿ ਉਪਰੋਕਤ ਵਿਅਕਤੀਆਂ ਦੀ ਸ਼ਨਾਖਤ ਸੰਦੀਪ ਸਿੰਘ (26) ਵਾਸੀ ਬੰਗੀ ਨਿਹਾਲ, ਜ਼ਿਲ੍ਹਾ ਬਠਿੰਡਾ ਅਤੇ ਅਮਰ ਸਿੰਘ (48) ਪਿੰਡ ਚੱਠਾ ਵਜੋਂ ਹੋਈ ਹੈ। ਦੋਵਾਂ ਨੂੰ 14 ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਭੇਜਿਆ ਗਿਆ ਹੈ।
ਪੁਲੀਸ ਨੇ ਦਾਅਵਾ ਕੀਤਾ ਕਿ ਗੁਰਜੰਟ ਸਿੰਘ ਨਾਮੀ ਵਿਅਕਤੀ ਵੱਲੋਂ ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਚਲਾਈ ਜਾ ਰਹੀ ਹੈ, ਜੋ ਜਨਵਰੀ ਤੇ ਅਕਤੂਬਰ 2016 ਵਿੱਚ ਪੰਜਾਬ ’ਚ ਵਾਪਰੀਆਂ ਘਟਨਾਵਾਂ ਲਈ ਜ਼ਿੰਮੇਵਾਰ ਹੈ।
Related Topics: Gurjant Singh Australia, Punjab Police, UAPA