ਪੁਲਿਸ ਦੇ ਦਾਅਵਿਆਂ ਮੁਤਾਬਕ ਨਾਭਾ ਜੇਲ੍ਹ ’ਚੋਂ ਭੱਜੇ ਖ਼ਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁਖੀ ਹਰਮਿੰਦਰ ਸਿੰਘ ਮਿੰਟੂ ਨੂੰ ਹਜ਼ਰਤ ਨਿਜ਼ਾਮੂਦੀਨ (ਦਿੱਲੀ) ਰੇਲਵੇ ਸਟੇਸ਼ਨ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਵਿਸ਼ੇਸ਼ ਪੁਲਿਸ ਕਮਿਸ਼ਨਰ (ਸਪੈਸ਼ਲ ਸੈੱਲ) ਅਰਵਿੰਦ ਦੀਪ ਨੇ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਕਿ ਮਿੰਟੂ ਨੂੰ ਐਤਵਾਰ ਰਾਤ ਹੀ ਫੜ ਲਿਆ ਸੀ। ਇਸ ਦੌਰਾਨ ਪਟਿਆਲਾ ਰੇਂਜ ਦੇ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਨੇ ਗੈਂਗਸਟਰ ਗੁਰਪ੍ਰੀਤ ਸਿੰਘ ਸੇਖੋਂ ਨੂੰ ਜਲੰਧਰ ਤੋਂ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ।
ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਸ਼ੱਕ ਜਾਹਰ ਕੀਤਾ ਹੈ ਕਿ ਨਾਭਾ ਜੇਲ੍ਹ 'ਤੇ ਹਮਲੇ 'ਚ ਪਾਕਿਸਤਾਨ ਦਾ ਹੱਥ ਹੋ ਸਕਦਾ ਹੈ, ਕਿਉਂਕਿ ਲਾਈਨ ਆਫ ਕੰਟਰੋਲ (LOC) ਦੇ ਪਾਰ ਭਾਰਤੀ ਫੌਜ ਵਲੋਂ 'ਸਰਜੀਕਲ ਸਟ੍ਰਾਇਕ' ਕੀਤੇ ਜਾਣ ਤੋਂ ਬਾਅਦ ਗੁਆਂਢੀ ਦੇਸ਼ 'ਅੱਤਵਾਦ ਮੁੜ ਸੁਰਜੀਤ' ਕਰਨ ਦੀ ਫਿਰਾਕ 'ਚ ਹੈ।