ਪੰਜਾਬ ਵਾਸੀ ਲੰਮੇ ਸਮੇਂ ਤੋਂ ਬੁੱਢੇ ਦਰਿਆ ਦੇ ਪਲੀਤ ਹੋਣ ਕਾਰਣ ਸੰਤਾਪ ਭੋਗ ਰਹੇ ਹਨ। ਬਜ਼ੁਰਗ ਦੱਸਦੇ ਹਨ ਕਿ 1980-85 ਤੱਕ ਲੋਕ ਇਸ ਦਰਿਆ ‘ਚ ਨਹਾਉਂਦੇ ਰਹੇ ਹਨ। ਹੌਲੀ-ਹੌਲੀ ਇਸ ਦੇ ਕੰਢੇ ਤੇ ਕਾਰਖਾਨੇ ਲੱਗਣੇ ਸ਼ੁਰੂ ਹੋਏ। ਦਰਿਆ ਕੰਢੇ ਲੱਗਣ ਵਾਲੇ ਇਹਨਾਂ ਕਾਰਖਾਨਿਆਂ ‘ਚ ਜਿਆਦਾਤਰ ਕਾਰਖਾਨੇ ਸੂਤ ਅਤੇ ਕੱਪੜਾ ਰੰਗਾਈ ਅਤੇ ਧਾਤਾਂ ਤੇ ਪੱਤ ਚਾੜ੍ਹਣ (ਇਲੈਕਟ੍ਰੋਪਲੇਟਿੰਗ) ਦੇ ਹਨ। ਕੱਪੜਾ ਰੰਗਾਈ ਅਤੇ ਇਲੈਕਟ੍ਰੋਪਲੇਟਿੰਗ ਅਜਿਹੇ ਕਾਰਜ ਹਨ, ਜਿਨ੍ਹਾਂ ਲਈ ਪਾਣੀ ਦੀ ਵੱਡੀ ਮਾਤਰਾ ‘ਚ ਲੋੜ ਪੈਂਦੀ ਹੈ। ਇਹ ਕਾਰਖਾਨੇ ਵਰਤਿਆ ਗਿਆ ਪਾਣੀ, ਬਿਨਾਂ ਸੋਧੇ, ਚੋਰ ਮੋਰੀਆਂ ਰਾਹੀਂ ਦਰਿਆ ‘ਚ ਪਾ ਰਹੇ ਹਨ, ਜੋ ਅੱਗੇ ਜਾ ਕੇ ਸਤਲੁਜ ਦੇ ਪਾਣੀ ਨੂੰ ਗੰਧਲਾ ਕਰਦਾ ਹੈ।
ਬੁੱਢੇ ਦਰਿਆ ਦੇ ਪਾਣੀ ਨੂੰ ਗੰਧਲਾ ਹੋਣ ਤੋਂ ਰੋਕਣ ਅਤੇ ਮੁੜ ਪਵਿੱਤਰ ਅਤੇ ਸਾਫ਼ ਪਾਣੀ ਦੇ ਵਹਾਅ ਨੂੰ ਯਕੀਨੀ ਬਣਾਉਣ ਲਈ ਪਿਛਲੇ ਲੰਮੇ ਸਮੇਂ ਤੋਂ ਵੱਖ ਵੱਖ ਪੰਜਾਬ ਹਿਤੈਸ਼ੀ ਜਥੇਬੰਦੀਆਂ ਅਤੇ ਸਖਸ਼ੀਅਤਾਂ ਕਾਰਜਸ਼ੀਲ ਹਨ। ਬੁੱਢਾ ਦਰਿਆ ਐਕਸ਼ਨ ਫਰੰਟ ਵੱਲੋਂ ਲੁਧਿਆਣਾ ਦੀ ਇਸ਼ਮੀਤ ਸਿੰਘ ਸੰਗੀਤ ਅਕੈਡਮੀ ਚ ਅੱਜ "ਪਾਣੀਆਂ ਦੇ ਹਾਣੀ" ਸਿਰਲੇਖ ਹੇਠ ਇੱਕ ਇਕੱਤਰਤਾ ਰੱਖੀ ਗਈ।
19 ਪੜਾਵਾਂ ਵਿਚ ਇਕ ਪੈਦਲ ਯਾਤਰਾ ਕੀਤੀ ਗਈ ਅਤੇ ਹੁਣ 26 ਮਾਰਚ 2023 ਨੂੰ ਪੈਦਲ ਯਾਤਰਾ ਦੀ ਸਮਾਪਤੀ ਸਮੇਂ ਇਸ ਮਸਲੇ ਨੂੰ ਹੋਰ ਗੰਭੀਰਤਾ ਨਾਲ ਸਮਝਣ ਸਮਝਾਉਣ ਲਈ, ਵਿਚਾਰਨ ਲਈ, ਹੱਲਾਂ ਵਾਸਤੇ ਯਤਨਸ਼ੀਲ ਹੋਣ ਲਈ ਸਾਰੇ ਪੰਜਾਬ ਹਿਤੈਸ਼ੀਆਂ ਨੂੰ ਬੁੱਢਾ ਦਰਿਆ ਐਕਸ਼ਨ ਫਰੰਟ ਅਤੇ ਪਬਲਿਕ ਐਕਸ਼ਨ ਕਮੇਟੀ ਵੱਲੋਂ ਖੁੱਲ੍ਹਾ ਸੱਦਾ ਦਿੱਤਾ ਜਾ ਰਿਹਾ ਹੈ।
ਪੰਜਾਬ ਦੇ ਪਾਣੀਆਂ ਦੀਆਂ ਸਮੱਸਿਆਵਾਂ ਬਹੁਭਾਂਤੀ ਹਨ। ਜਿੱਥੇ ਧਰਤੀ ਹੇਠਲੇ ਪਾਣੀ ਦੇ ਘਟਣ ਅਤੇ ਦਰਿਆਈ ਪਾਣੀਆਂ ਦੀ ਕਾਣੀ ਵੰਡ ਦੀਆਂ ਸਮੱਸਿਆਵਾਂ ਸੂਬੇ ਦੇ ਦਰਪੇਸ਼ ਹਨ, ਓਥੇ ਹੀ ਦਰਿਆਈ ਅਤੇ ਧਰਤੀ ਹੇਠਲੇ ਪਾਣੀ ਦੇਪਰਦੂਸ਼ਿਤ ਹੋ ਜਾਣਾ ਵੱਡੀ ਸਮੱਸਿਆ ਬਣ ਚੁੱਕੀ ਹੈ। ਖੇਤੀਬਾੜੀ ਅਤੇ ਵਾਤਾਵਰਨ ਜਾਗਰੂਕਤਾ ਕੇਂਦਰ ਵਲੋਂ ਸੰਯੁਕਤ ਰਾਸ਼ਟਰ ਵੱਲੋਂ ਮਿੱਥੇ ਗਏ “ਕੁਦਰਤ ਸੰਭਾਲ ਦਿਹਾੜੇ” ਮੌਕੇ ਲੁਧਿਆਣਾ ਵਿਖੇ ‘ਬੁੱਢੇ ਦਰਿਆ ਦੇ ਪ੍ਰਦੂਸ਼ਣ ਦਾ ਮਸਲਾ ਕਿਵੇਂ ਹੱਲ ਹੋਵੇ’ ਵਿਸ਼ੇ’ ਤੇ ਵਿਚਾਰ ਗੋਸ਼ਟੀ ਕਰਵਾਈ ਗਈ।