April 10, 2023 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ: ਪੰਜਾਬ ਭਰ ਅੰਦਰ ਤਾਇਨਾਤ ਭਾਰੀ ਕੇਂਦਰੀ ਸੁਰੱਖਿਆ ਬਲਾਂ ਦੀ ਮੌਜੂਦਗੀ ਉਤੇ ਇਤਰਾਜ਼ ਜ਼ਾਹਰ ਕਰਦੇ ਹੋਏ ਦਲ ਖ਼ਾਲਸਾ ਨੇ ਕਿਹਾ ਕਿ ਦਿੱਲੀ ਅਤੇ ਚੰਡੀਗੜ੍ਹ ਦੇ ਸ਼ਾਸਕ ਹਥਿਆਰਾਂ ਨਾਲ ਲੈਸ ਸੁਰੱਖਿਆ ਬਲਾਂ ਨੂੰ ਥਾਂ-ਥਾਂ ਤਾਇਨਾਤ ਕਰਕੇ ਲੋਕਾਂ ਦੇ ਮਨਾਂ ਅੰਦਰ ਡਰ ਪੈਦਾ ਕਰਨਾ ਚਾਉਂਦੇ ਹਨ।
ਸਿੱਖ ਜਥੇਬੰਦੀ ਨੇ ਨੇ ਸਿੱਖ ਸੰਗਤਾਂ ਨੂੰ ਬੇਨਤੀ ਕੀਤੀ ਕਿ ਉਹ ਵਿਸਾਖੀ ਮੌਕੇ 13 ਨੂੰ ਅਨੰਦਪੁਰ ਸਾਹਿਬ ਵਿਖੇ ਵੱਡੀ ਗਿਣਤੀ ਵਿੱਚ ਪਹੁੰਚਣ ਅਤੇ 14 ਅਪ੍ਰੈਲ ਨੂੰ ਤਖਤ ਦਮਦਮਾ ਸਾਹਿਬ ਵਿਖੇ ਪਹੁੰਚ ਕੇ ਸਰਕਾਰੀ ਜਬਰ ਸਾਹਮਣੇ ਪੰਥਕ ਸਪਿਰਿਟ ਦੇ ਜਿਉਂਦੇ ਤੇ ਜਾਗਦੇ ਹੋਣ ਦਾ ਪ੍ਰਤੱਖ ਪ੍ਰਮਾਣ ਦੇਣ।
ਐਨ.ਸੀ.ਈ.ਆਰ.ਟੀ ਦੀਆਂ ਕਿਤਾਬਾਂ ਵਿੱਚ ਆਨੰਦਪੁਰ ਸਾਹਿਬ ਦੇ ਮਤੇ ਨੂੰ ਵੱਖਵਾਦੀ ਦਸਤਾਵੇਜ਼ ਦਰਸਾਉਣਾ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ-ਕਾਲ ਦੇ ਪਰਚਮ ਨੂੰ ਖਾਲਿਸਤਾਨ ਦਾ ਝੰਡਾ ਆਖ ਕੇ ਪ੍ਰਚਾਰਨਾ ਹਿੰਦੁਸਤਾਨ ਦੀ ਹਕੂਮਤ ਅਤੇ ਉਸ ਦੀ ਅਫਸਰਸ਼ਾਹੀ ਦੀ ਸਿੱਖ ਇਤਿਹਾਸ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਦੀ ਫਿਰਕੂ ਅਤੇ ਸ਼ਰਾਰਤੀ ਮਾਨਸਿਕਤਾ ਨੂੰ ਬੇਨਕਾਬ ਕਰਦੀ ਹੈ।
ਜਥੇਬੰਦੀ ਦੇ ਬੁਲਾਰੇ ਪਰਮਜੀਤ ਸਿੰਘ ਮੰਡ ਅਤੇ ਸਕੱਤਰ ਜਨਰਲ ਪਰਮਜੀਤ ਸਿੰਘ ਟਾਂਡਾ ਨੇ ਪ੍ਰੈਸ ਮਿਲਣੀ ਦੌਰਾਨ ਦੱਸਿਆਂ ਕਿ ਮੌਜੂਦਾ ਚੁਣੌਤੀ ਭਰੇ ਹਾਲਾਤਾਂ ਦਾ ਸਾਹਮਣਾ ਕਰਨ ਅਤੇ ਨੌਜਵਾਨਾਂ ਅੰਦਰ ਹਿੰਮਤ ਅਤੇ ਹੌਸਲਾ ਬਣਾਈ ਰੱਖਣ ਲਈ ਉਹਨਾਂ ਦੀ ਜਥੇਬੰਦੀ ਵੱਲੋਂ 13 ਅਪ੍ਰੈਲ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਖ਼ਾਲਸਾ ਮਾਰਚ ਹੋਵੇਗਾ ਅਤੇ ਸਰਕਾਰ-ਏ-ਖਾਲਸਾ ਦੇ ਪਰਚਮ ਨੂੰ ਸਲਾਮੀ ਦਿੱਤੀ ਜਾਵੇਗੀ ਉਪਰੰਤ ਕਾਨਫਰੰਸ ਅਤੇ ਤਖਤ ਸਾਹਿਬ ‘ਤੇ ਬੰਦੀ ਸਿੰਘਾਂ ਦੀ ਰਿਹਾਈ ਅਤੇ 1978 ਦੀ ਵਿਸਾਖੀ ਦੇ ਸ਼ਹੀਦਾਂ ਨਮਿਤ ਅਰਦਾਸ ਹੋਵੇਗੀ।
ਉਹਨਾਂ ਦਸਿਆ ਕਿ 13 ਅਪ੍ਰੈਲ 1978 ਦੇ ਖੂਨੀ ਕਾਂਡ ਵਿੱਚੋਂ ਸਿੱਖ ਸੰਘਰਸ਼ ਦਾ ਉਭਾਰ ਹੋਇਆ ਅਤੇ ਇਸੇ ਘਟਨਾ ਵਿੱਚੋਂ ਹੀ 45ਵਰ੍ਹੇ ਪਹਿਲਾਂ ਦਲ ਖਾਲਸਾ ਦਾ ਜਨਮ ਹੋਇਆ ਸੀ। ਉਹਨਾਂ ਕਿਹਾ ਕਿ ਸੰਘਰਸ਼ ਕਈ ਉਤਰਾਅ-ਚੜਾਅ ਚੋਂ ਨਿਕਲਦਾ ਹੋਇਆ ਮੌਜੂਦਾ ਸਮੇਂ ਅੰਦਰ ਇੱਕ ਨਾਜ਼ਕ ਅਤੇ ਚੈਲੰਜਿੰਗ ਦੌਰ ਵਿੱਚੋਂ ਦੀ ਲੰਘ ਰਿਹਾ ਹੈ।
ਸਿੱਖ ਆਗੂਆਂ ਨੇ ਕਿਹਾ ਕਿ ਧਾਰਮਿਕ, ਰਾਜਨੀਤਿਕ, ਸੱਭਿਆਚਾਰਿਕ ਅਤੇ ਸਿੱਖਿਆ ਖੇਤਰ ਵਿੱਚ ਕੌਮ ਨੂੰ ਬੇ-ਸ਼ੁਮਾਰ ਚੈਲੰਜ ਹਨ । ਉਹਨਾਂ ਸਪਸ਼ਟ ਕੀਤਾ ਕਿ ਸਿੱਖ ਰਾਜ ਨੂੰ ਮੁੜ ਸਥਾਪਿਤ ਕਰਨ ਦੀ ਭਾਵਨਾ ਅਤੇ ਸੋਚ ਕੌਮ ਅੰਦਰ ਜਿਉਂਦੀ-ਜਾਗਦੀ ਹੈ ਅਤੇ ਮੌਜੂਦਾ ਸਮੇ ਅੰਦਰ ਖਾਲਿਸਤਾਨ ਦਾ ਸੰਕਲਪ ਉਸੇ ਸੋਚ ਤੇ ਭਾਵਨਾ ਦਾ ਰੂਪ ਹੈ।
ਸੰਗਤਾਂ ਨੂੰ 13 ਅਤੇ 14 ਨੂੰ ਤਖ਼ਤ ਕੇਸਗੜ੍ਹ ਸਾਹਿਬ ਅਤੇ ਤਖਤ ਦਮਦਮਾ ਸਾਹਿਬ ‘ਤੇ ਪੰਥਕ ਇਕੱਠਾਂ ਦਾ ਹਿੱਸਾ ਬਨਣ ਦੀ ਅਪੀਲ ਕਰਦਿਆਂ, ਉਹਨਾਂ ਕਿਹਾ ਕਿ ਪੰਜਾਬ ਦੇ ਲੋਕ ਕੇਂਦਰ ਦੀ ਮਦਦ ਨਾਲ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਚਲਾਏ ਗਏ ‘ਹਕੂਮਤੀ ਦਮਨ ਚੱਕਰ ਦਾ ਮੁਕਾਬਲਾ ਕਰਨ ਦਾ ਹੌਸਲਾ ਰੱਖਦੇ ਹਨ।
ਜਥੇਬੰਦੀ ਦੇ ਆਗੂ ਨੇ ਪੰਜਾਬ ਸਰਕਾਰ ਤੇ ਉੱਪਰ ਗੰਭੀਰ ਦੋਸ਼ ਲਗਾਉਂਦੇ ਹੋਏ ਕਿਹਾ ਕਿ ਭਗਵੰਤ ਮਾਨ ਇੱਕ ਕਮਜ਼ੋਰ ਅਤੇ ਕਠਪੁਤਲੀ ਮੁੱਖ ਮੰਤਰੀ ਸਿੱਧ ਹੋਏ ਹਨ ਜੋ ਦਿੱਲੀ ਦੇ ਵਿਛਾਏ ਜਾਲ ਵਿੱਚ ਫਸ ਕੇ ਸੂਬੇ ਦੇ ਲੋਕਾਂ ਦੀਆਂ ਨਜ਼ਰਾਂ ਵਿੱਚ ਆਪਣੀ ਸ਼ਾਖ਼ ਗੁਆ ਬੈਠੇ ਹਨ। ਉਹਨਾਂ ਕਿਹਾ ਕਿ ਸਰਕਾਰ ਦੁਆਰਾ ਸਿਰਜੇ ਜਾ ਰਹੇ ਦਹਿਸ਼ਤੀ ਮਾਹੌਲ ਦਾ ਦਲ ਖ਼ਾਲਸਾ ਪੂਰੀ ਤਰਾ ਡਟ ਕੇ ਮੁਕਾਬਲਾ ਕਰੇਗਾ।
ਚੇਤੇ ਰਹੇ ਕਿ ਇਸ ਤੋਂ ਪਹਿਲਾਂ 7 ਅਪ੍ਰੈਲ ਦੀ ਇਕੱਤਰਤਾ ਦੌਰਾਨ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਦਮਦਮਾ ਸਾਹਿਬ ਵਿਖੇ ਭਾਰੀ ਫੋਰਸ ਦੀ ਤੈਨਾਤੀ ਨੂੰ ਲੈ ਕੇ ਸਵਾਲ ਚੁੱਕੇ ਸਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਨਾਮ ਸਿੰਘ ਮੂਨਕਾ ਪ੍ਰਧਾਨ ਸਿੱਖ ਯੂਥ ਆਫ ਪੰਜਾਬ ਅਤੇ ਹਰਭਜਨ ਸਿੰਘ ਹਲਕਾ ਇਨਚਾਰਜ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੀ ਹਾਜ਼ਰ ਸਨ।
Related Topics: Bhagwant Maan, Central security forces, Dal Khalsa, Parmjeet Singh Mand