December 18, 2023 | By ਸਿੱਖ ਸਿਆਸਤ ਬਿਊਰੋ
ਬਠਿੰਡਾ, 17 ਦਸੰਬਰ- ਇਕ ਪੋਹ ਨੂੰ ਗੁਰੂਸਰ ਮਹਿਰਾਜ ’ਚ ਕਰਵਾਏ ਸ਼ਹੀਦੀ ਸਨਮਾਨ ਸਮਾਰੋਹ ’ਚ ਡੇਢ ਸੌ ਤੋਂ ਵੱਧ ਇਲਾਕੇ ਦੇ ਸ਼ਹੀਦ ਸਿੰਘਾਂ ਦੇ ਪਰਿਵਾਰਾਂ ਨੂੰ ਸਨਮਾਨਤ ਕੀਤਾ ਗਿਆ।
ਖਾਲਸਤਾਨੀ ਹਥਿਆਰਬੰਦ ਲਹਿਰ ਦੌਰਾਨ ਸਿੱਖ ਕੌਮ ਦੀ ਆਨ ਸ਼ਾਨ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਤੇ ਝੂਠੇ ਪੁਲਿਸ ਮੁਕਾਬਲਿਆਂ ’ਚ ਖਪਾਏ ਨੌਜਵਾਨਾਂ ਦੇ ਵਾਰਸ ਸਵੇਰ ਤੋਂ ਹੀ ਉੱਚੇਚੇ ਤੌਰ ’ਤੇ ਪੁੱਜਣੇ ਸ਼ੁਰੂ ਹੋ ਗਏ ਸਨ। ਸ਼ਹੀਦ ਬਾਬਾ ਹਰਦਿਆਲ ਸਿੰਘ ਗੁਰੂਸਰ ਮਹਿਰਾਜ, ਕਾਰ ਸੇਵਾ ਸਹਿਰਾਲੀ ਸਾਹਿਬ ਵਾਲਿਆਂ ਦੀ ਸ਼ਹੀਦੀ ਨੂੰ ਸਮਪਰਤ ਪੰਥ ਸੇਵਕ ਜਥਾ ਵੱਲੋਂ ਕਰਵਾਏ ਸਮਾਗਮ ਦੌਰਾਨ ਖਾਲਸਤਾਨੀ ਲਹਿਰ ਦੇ ਉੱਘੇ ਆਗੂ, ਸਿੱਖ ਚਿੰਤਕ ਭਾਈ ਦਲਜੀਤ ਸਿੰਘ ਨੇ ਸੰਗਤ ਨੂੰ ਸੰਬੋਧਨ ਕਰਦਿਆ ਕਿਹਾ ਕਿ ਸ਼ਹੀਦ ਕੌਮ ਦੀ ਹਸਤੀ ਤੇ ਹੋਣੀ ਦੀ ਬੁਨਿਆਦ ਹੁੰਦੇ ਹਨ, ਤੇ ਲਹਿਰ ਦੌਰਾਨ ਜਿਹਨਾਂ ਨੌਜਵਾਨ ਜਾਂ ਸਿੰਘਣੀਆਂ ਨੇ ਸਹਾਦਤਾਂ ਦਿੱਤੀਆਂ ਉਹ ਕਿਸੇ ਨਿੱਜੀ ਮੁਫਾਦ ਲਈ ਨਹੀਂ ਸਗੋਂ ਧਰਮ ਲਈ ਕੁਰਬਾਨ ਹੋਏ। ਉਹਨਾਂ ਕਿਹਾ ਕਿ ਇਹ ਸਾਡੀ ਸਮੁੱਚੀ ਕੌਮ ਦਾ ਫ਼ਰਜ ਬਣਦਾ ਹੈ ਕਿ ਅਸੀਂ ਉਹਨਾਂ ਸਹਾਦਤਾਂ, ਉਹਨਾਂ ਪਿਛੇ ਸਿੱਖ ਫਲਸਫਾ ਤੇ ਨਿਸਾਨੇ ਨੂੰ ਯਾਦ ਰੱਖੀਏ।
ਸਮਾਗਮ ਦੇ ਰੂਬਰੂ ਹੁੰਦਿਆ ਲੇਖਕ ਭਾਈ ਪਰਮਜੀਤ ਸਿੰਘ ਗਾਜੀ ਨੇ ਸ਼ਹੀਦਾਂ ਦੀਆਂ ਸਹਾਦਤਾਂ ਨੂੰ ਦੁਨਿਆਵੀ, ਪਦਾਰਥਵਾਦੀ ਨਜਰੀਏ ਤੋਂ ਦੇਖਣ ਦੀ ਬਜਾਏ ਸਿੱਖ ਕੌਮ ਦੇ ਇਤਿਹਾਸ ਦੇ ਝਰੋਖੇ ਰਾਹੀ ਵਿਚਾਰਨ ਲਈ ਕਿਹਾ।
ਸਿੱਖ ਚਿੰਤਕ ਡਾ. ਸੇਵਕ ਸਿੰਘ ਤੇ ਸ੍ਰੋ.ਅ.ਦਲ ਫਤਹਿ ਦੇ ਕੌਮੀ ਚੇਅਰਮੈਨ ਬਾਬਾ ਸਤਨਾਮ ਸਿੰਘ ਨੇ ਸ਼ਹੀਦਾਂ ਦੀ ਯਾਦ ’ਚ ਅਜਿਹੇ ਸਮਾਗਮ ਕਰਵਾਉਣ ਦੀ ਅਪੀਲ ਕੀਤੀ। ਪੰਥ ਸੇਵਕ ਜਥਾ ਦੇ ਭਾਈ ਅਮਰੀਕ ਸਿੰਘ ਈਸੜੂ, ਭਾਈ ਹਰਦੀਪ ਸਿੰਘ ਮਹਿਰਾਜ, ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਆਦਿ ਬੁਲਾਰਿਆਂ ਨੇ ਵੀ ਆਪਣੇ ਵਿਚਾਰ ਰੱਖੇ। ਇਸ ਮੌਕੇ ਭਾਈ ਸਤਨਾਮ ਸਿੰਘ ਖੰਡਾ, ਭਾਈ ਸਤਨਾਮ ਸਿੰਘ ਝੱਜੀਆਂ, ਭਾਈ ਦਿਆ ਸਿੰਘ ਲਹੌਰੀਆ, ਬਾਬਾ ਹੀਰਾ ਸਿੰਘ ਠੱਠੀਖਾਰ, ਲੱਖੀ ਜੰਗਲ ਸੱਥ ਵੱਲੋਂ ਬਾਬਾ ਸਵਰਨ ਸਿੰਘ ਕੋਟਧਰਮੂ, ਬਲਜਿੰਦਰ ਸਿੰਘ ਕੋਟਭਾਰਾ, ਦਲ ਖਾਲਸਾ ਦੇ ਭਾਈ ਜਸਵੀਰ ਸਿੰਘ ਖਡੂਰ, ਭਾਈ ਜੀਵਨ ਸਿੰਘ ਗਿੱਲ ਕਲਾਂ, ਭਾਈ ਗੁਰਵਿੰਦਰ ਸਿੰਘ ਬਠਿੰਡਾ, ਭਾਈ ਪਰਨਜੀਤ ਸਿੰਘ ਜੱਗੀ, ਰਾਮ ਸਿੰਘ ਢਿਪਾਲੀ, ਸਿੱਖ ਸੰਸਥਾਵਾਂ ਦੇ ਕਾਨੂੰਨੀ ਸਲਾਹਕਾਰ ਵਕੀਲ ਹਰਪਾਲ ਸਿੰਘ ਖਾਰਾ, ਸੁਖਰਾਜ ਸਿੰਘ ਨਿਆਮੀਵਾਲਾ ਆਦਿ ਵੀ ਹਾਜਰ ਸਨ। ਸ਼ਹੀਦ ਬਾਬਾ ਦੀਪ ਸਿੰਘ ਨੌਜਵਾਨ ਕਲੱਬ ਫੂਲ ਟਾਊਨ ਦੇ ਸੇਵਾਦਾਰਾਂ ਨੇ ਲੰਗਰ ਦੀ ਸੇਵਾ ਨਿਭਾਈ।
Related Topics: Bhai Amrik Singh Isru, Bhai Daljit Singh, Bhai Hardeep Singh Mehraj, Dr. Sewak Singh, Panth Sewak, Parmjeet Singh Gazi, Shaheedi Sanman Smaroh