June 8, 2018 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ: ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਅਗਵਾਈ ਵਿੱਚ ਸ਼ਿਲਾਂਗ ਤੋਂ ਪਰਤੀ ਚਾਰ ਮੈਂਬਰੀ ਟੀਮ ਨੇ ਸਿਲਾਂਗ ਦੀ ਸਥਿਤੀ ਬਾਰੇ ਆਪਣੀ ਰਿਪੋਰਟ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸੌਂਪ ਦਿੱਤੀ ਹੈ। ਮੁੱਖ ਮੰਤਰੀ ਇਸ ਰਿਪੋਰਟ ਦੇ ਆਧਾਰ ’ਤੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਸਮੱਸਿਆ ਦਾ ਹੱਲ ਕਰਨ ’ਤੇ ਜ਼ੋਰ ਦੇਣਗੇ।
ਮੁੱਖ ਮੰਤਰੀ ਨੂੰ ਰਿਪੋਰਟ ਸੌਂਪਣ ਤੋਂ ਬਾਅਦ ਸ੍ਰੀ ਰੰਧਾਵਾ ਨੇ ਦੱਸਿਆ ਕਿ ਜਿਥ ਥਾਂ ਨੂੰ ਲੈ ਕੇ ਰੇੜਕਾ ਪਿਆ ਹੈ, ਇਸ ਦੀ ਮਾਰਕੀਟ ਕੀਮਤ ਕਾਫੀ ਵੱਧ ਚੁੱਕੀ ਹੈ। ਇਸ ਥਾਂ ’ਤੇ 1885 ਵਿੱਚ ਸਿੱਖਾਂ ਨੂੰ ਉਸ ਵੇਲੇ ਦੇ ਰਾਜੇ ਨੇ ਬਿਠਾਇਆ ਸੀ। ਹੁਣ ਇਹ ਥਾਂ ਖਾਲੀ ਕਰਵਾਉਣ ਲਈ ਆਨੇ-ਬਹਾਨੇ ਟਕਰਾਅ ਦੀ ਸਥਿਤੀ ਪੈਦਾ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਉਥੇ ਸਥਿਤ ਕਿਸੇ ਗੁਰਦੁਆਰੇ ਨੂੰ ਨੁਕਸਾਨ ਨਹੀਂ ਪਹੁੰਚਿਆ ਸਗੋਂ ਗੁਰਦੁਆਰਾ ਤਾਂ ਉਸਾਰੀ ਅਧੀਨ ਹੈ। ਉਨ੍ਹਾਂ ਦੱਸਿਆ ਕਿ ਸਿੱਖਾਂ ਇਲਾਕੇ ਵਿੱਚ ਸਕੂਲ ਦੀ ਇਮਾਰਤ ਖਸਤਾ ਹਾਲ ਵਿੱਚ ਹੈ, ਜਿਸ ਨੂੰ ਬਣਾਉਣ ਲਈ ਪੰਜਾਬ ਸਰਕਾਰ ਗ੍ਰਾਂਟ ਦੇਵੇਗੀ। ਉਨ੍ਹਾਂ ਨਾਲ ਵਫ਼ਦ ਵਿੱਚ ਲੋਕ ਸਭਾ ਮੈਂਬਰ ਰਵਨੀਤ ਬਿੱਟੂ, ਗੁਰਜੀਤ ਸਿੰਘ ਔਜਲਾ, ਵਿਧਾਇਕ ਕੁਲਦੀਪ ਸਿੰਘ ਵੈਦ ਸਨ।
ਦੱਸਣਯੋਗ ਹੈ ਕਿ ਸ਼ਿਲਾਂਗ ਵਿੱਚ ਤਣਾਅ ਪੈਦਾ ਹੋਣ ਕਾਰਨ ਸਿੱਖਾਂ ਦੀ ਜਾਨ-ਮਾਲ ਦੀ ਰਾਖੀ ਅਤੇ ਸਮੁੱਚੀ ਘਟਨਾ ਦੀ ਰਿਪੋਰਟ ਲੈਣ ਲਈ ਕੈਪਟਨ ਸਰਕਾਰ ਨੇ ਇਹ ਵਫ਼ਦ ਸ਼ਿਲਾਂਗ ਭੇਜਿਆ ਸੀ। ਇਸ ਵਫ਼ਦ ਨੇ ਉਥੋਂ ’ਤੇ ਦਲਿਤ ਸਿੱਖਾਂ ਨੂੰ ਭਰੋਸਾ ਦਿਵਾਇਆ ਕਿ ਕੈਪਟਨ ਸਰਕਾਰ ਹਰ ਮੁਸੀਬਤ ਵਿੱਚ ਉਨ੍ਹਾਂ ਦੇ ਨਾਲ ਹੈ। ਸ਼੍ਰੋਮਣੀ ਕਮੇਟੀ ਨੇ ਵੱਖਰੇ ਤੌਰ ’ਤੇ ਵਫ਼ਦ ਭੇਜਿਆ ਸੀ।
Related Topics: Captain Amrinder Singh Government, Punjab Government, Racial Attack on Sikhs