April 30, 2018 | By ਸਿੱਖ ਸਿਆਸਤ ਬਿਊਰੋ
ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਹੈ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬਾਰ੍ਹਵੀਂ ਜਮਾਤ ਦੀ ਪਾਠ ਪੁਸਤਕ ਵਿੱਚੋਂ ਸਿੱਖ ਗੁਰੂ ਸਾਹਿਬਾਨ ਦੇ ਇਤਿਹਾਸ ਨੂੰ ਖਤਮ ਕਰਨਾ ਮੰਦਭਾਗੀ ਗੱਲ ਹੈ, ਜਿਸ ਦੀ ਪੰਜਾਬ ਸਰਕਾਰ ਨੂੰ ਮੁਆਫ਼ੀ ਮੰਗਣੀ ਚਾਹੀਦੀ ਹੈ। ਜਾਰੀ ਬਿਆਨ ‘ਚ ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨ ਸਮੇਤ ਸਿੱਖ ਸੂਰਬੀਰਾਂ ਦੇ ਯੋਗਦਾਨ ਨੂੰ ਅੱਖੋਂ ਉਹਲੇ ਕਰ ਕੇ ਬਦਲੀ ਗਈ ਪੰਜਾਬ ਦੇ ਇਤਿਹਾਸ ਦੀ ਪੁਸਤਕ ਲਈ ਪੰਜਾਬ ਸਰਕਾਰ ਜ਼ੁੰਮੇਵਾਰ ਹੈ।
ਭਾਈ ਲੌਂਗੋਵਾਲ ਨੇ ਕਿਹਾ ਕਿ ਗੁਰ ਇਤਿਹਾਸ ਤੇ ਸਿੱਖ ਇਤਿਹਾਸ ਤੋਂ ਬਗੈਰ ਪੰਜਾਬ ਦਾ ਇਤਿਹਾਸ ਅਧੂਰਾ ਹੈ ਅਤੇ ਪੰਜਾਬ ਦੀ ਕੈਪਟਨ ਸਰਕਾਰ ਨੂੰ ਇਹ ਭੁੱਲਣਾ ਨਹੀਂ ਚਾਹੀਦਾ। ਉਨ੍ਹਾਂ ਕਿਹਾ ਕਿ ਖ਼ਿੱਤੇ ਦੀ ਵਿਰਾਸਤ ਨੂੰ ਨੌਜਵਾਨੀ ਤੱਕ ਲੈ ਕੇ ਜਾਣ ਦੀ ਜ਼ੁੰਮੇਵਾਰੀ ਸਰਕਾਰ ਦੀ ਬਣਦੀ ਹੈ ਅਤੇ ਜੇਕਰ ਸਰਕਾਰਾਂ ਹੀ ਸ਼ੱਕੀ ਭੂਮਿਕਾ ਨਿਭਾਉਣ ਲੱਗ ਜਾਣ ਤਾਂ ਫਿਰ ਭਵਿਖ ਦੀਆਂ ਪੀੜੀਆਂ ਕਿਹੋ ਜਿਹੇ ਗਿਆਨ ਦੀਆਂ ਧਾਰਨੀ ਹੋਣਗੀਆਂ, ਇਹ ਸਮਝਣਾ ਮੁਸ਼ਕਿਲ ਨਹੀਂ ਹੈ। ਉਨ੍ਹਾਂ ਕਿਹਾ ਕਿ ਸਿੱਖ ਇਤਿਹਾਸ ਨਾਲੋਂ ਨੌਜਵਾਨੀ ਨੂੰ ਤੋੜਨ ਲਈ ਪੰਜਾਬ ਦੀ ਕੈਪਟਨ ਸਰਕਾਰ ਸਿੱਧੇ ਤੌਰ ਤੇ ਦੋਸ਼ੀ ਹੈ ਅਤੇ ਇਸ ਮਾਮਲੇ ਵਿੱਚ ਕੈਪਟਨ ਦੇ ਬਿਆਨ ਨੇ ਹੋਰ ਵੀ ਸਪਸ਼ਟ ਕਰ ਦਿੱਤਾ ਹੈ।
ਭਾਈ ਲੌਂਗੋਵਾਲ ਨੇ ਕਿਹਾ ਕਿ ਇਕ ਪਾਸੇ ਇਸ ਮਾਮਲੇ ਨੂੰ ਲੈ ਕੇ ਸਿੱਖ ਜਗਤ ਵਿੱਚ ਰੋਸ ਪਾਇਆ ਜਾ ਰਿਹਾ ਹੈ ਜਦਕਿ ਦੂਸਰੇ ਪਾਸੇ ਕੈਪਟਨ ਅਮਰਿੰਦਰ ਸਿੰਘ ਆਖ ਰਹੇ ਹਨ ਕਿ ਸਬੰਧਤ ਕਿਤਾਬ ਵਿਚ ਕੁਝ ਵੀ ਨਹੀਂ ਬਦਲਿਆ ਗਿਆ। ਕੈਪਟਨ ਵੱਲੋਂ ਮਾਮਲੇ ਸੰਬੰਧੀ ਜਾਂਚ ਕਰਵਾਉਣ ਅਤੇ ਪੁਸਤਕ ਤੇ ਪਾਬੰਦੀ ਲਗਾਉਣ ਦੀ ਥਾਂ ਹਮਾਇਤ ਵਿੱਚ ਉਤਰਨਾ ਪੰਜਾਬ ਸਰਕਾਰ ਦੇ ਸਿੱਖ ਵਿਰੋਧੀ ਮਨਸੂਬਿਆਂ ਦੀ ਤਸਦੀਕ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਬਿਨਾ ਦੇਰੀ ਸਰਕਾਰ ਇਸ ਵਿਵਾਦਤ ਪੁਸਤਕ ‘ਤੇ ਪਾਬੰਦੀ ਲਗਾਵੇ ਅਤੇ ਸਿੱਖਾਂ ਵਿਰੁੱਧ ਕੀਤੀ ਗਈ ਸ਼ਾਜਿਸ ਲਈ ਸਿੱਖ ਜਗਤ ਪਾਸੋਂ ਮੁਆਫ਼ੀ ਵੀ ਮੰਗੇ।
Related Topics: Captain Amrinder Singh Government, Gobind Singh Longowal, PSEB, Punjab Government, Shiromani Gurdwara Parbandhak Committee (SGPC)