ਪੰਜਾਬ ਦਰਦੀ ਪਰਵਾਸੀਆਂ ਨੇ ਪਾਣੀ ਬਚਾਉਣ ਲਈ ਜ਼ਮੀਨ ਝੋਨਾ ਮੁਕਤ ਕੀਤੀ
April 28, 2022 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ – ਇਸ ਸਮੇਂ ਗੰਭੀਰ ਜਲ ਸੰਕਟ ਵੱਲ ਖਤਰਨਾਕ ਤਰੀਕੇ ਨਾਲ ਵਧਦਾ ਜਾ ਰਿਹਾ ਹੈ। ਦਰਿਆਈ ਪਾਣੀਆਂ ਦਾ ਮੁਕੰਮਲ ਹੱਲ ਨਾ ਮਿਲਣ ਕਾਰਨ ਅਤੇ ਗੈਰ ਇਲਾਕਾਈ ਫਸਲ ਝੋਨੇ ਦੀ ਬਹੁਤਾਤ ਵਿਚ ਹੋ ਰਹੀ ਖੇਤੀ ਕਾਰਨ ਪੰਜਾਬ ਦਾ ਜਮੀਨੀ ਪਾਣੀ ਤੇਜੀ ਨਾਲ ਖਤਮ ਹੋ ਰਿਹਾ ਹੈ। ਇਸ ਸੰਕਟ ਦੇ ਹੱਲ ਲਈ ਜਿੱਥੇ ਦਰਿਆਈ ਪਾਣੀਆਂ ਦਾ ਹੱਕ ਲੈਣ ਲਈ ਸਿਆਸੀ ਪੇਸ਼ਕਦਮੀ ਦੀ ਲੋੜ ਹੈ ਓਥੇ ਝੋਨੇ ਹੇਠੋਂ ਰਕਬਾ ਘਟਾਉਣ ਤੇ ਮੀਂਹ ਦੇ ਪਾਣੀ ਦੀ ਸਾਂਭ ਸੰਭਾਲ ਕਰਕੇ ਇਸ ਨੂੰ ਜਮੀਨਦੋਜ਼ ਕਰਨ ਲਈ ਸਮਾਜਿਕ ਪੱਧਰ ਉੱਤੇ ਉੱਦਮ ਕਰਨ ਦੀ ਵੀ ਜਰੂਰਤ ਹੈ।
ਖੇਤੀਬਾੜੀ ਅਤੇ ਵਾਤਾਵਰਨ ਜਾਗਰੂਕਤਾ ਕੇਂਦਰ ਦੇ ਹੋਕੇ ਨੂੰ ਹੁੰਗਾਰਾ ਦਿੰਦਿਆਂ ਪਿੰਡ ਪਰਤਾਬਪੁਰਾ (ਫਿਲੌਰ) ਦੇ ਰਹਿਣ ਵਾਲੇ ਪਰਵਾਸੀ ਜੀਅ ਸ. ਅਵਤਾਰ ਸਿੰਘ ਨੇ ਆਪਣੀ ਜਮੀਨ ਝੋਨਾ ਮੁਕਤ ਕਰਨ ਲਈ ਜਮੀਨ ਦਾ ਠੇਕਾ ਘਟਾਉਣ ਦਾ ਐਲਾਨ ਕੀਤਾ। ਉਹਨਾ ਆਪਣੇ ਪਿੰਡ ਵਾਸੀਆਂ ਨਾਲ ਗੱਲ ਕਰਕੇ ਕਿਹਾ ਕਿ ਜਮੀਨ ਉਸੇ ਪਿੰਡ ਵਾਸੀ ਨੂੰ ਠੇਕੇ ਉੱਤੇ ਦਿੱਤੀ ਜਾਵੇਗੀ ਜੋ ਝੋਨੇ ਦੀ ਥਾਂ ਉੱਤੇ ਬਦਲਵੀਂ ਫਸਲ ਲਗਾਵੇਗਾ। ਇਸ ਬਦਲੇ ਸ. ਅਵਤਾਰ ਸਿੰਘ ਵਲੋਂ ਪ੍ਰਤੀ ਏਕੜ 10,500/- ਰੁਪਏ ਠੇਕਾ ਘੱਟਾਇਆ ਜਾਵੇਗਾ।
ਇਸ ਮੌਕੇ ਬੋਲਦਿਆਂ ਸ. ਅਵਤਾਰ ਸਿੰਘ ਨੇ ਕਿਹਾ ਕਿ ਉਹਨਾ ਕੋਲ ਪਰਮਾਤਮਾ ਦਾ ਦਿੱਤਾ ਬਹੁਤ ਕੁਝ ਹੈ ਅਤੇ ਉਹਨਾ ਆਪਣੀ ਜਮੀਨ ਝੋਨਾ ਮੁਕਤ ਕਰਨ ਦਾ ਫੈਸਲਾ ਪੰਜਾਬ ਦੇ ਪਾਣੀ ਨੂੰ ਬਚਾਉਣ ਵਿਚ ਆਪਣਾ ਤਿਲ-ਫੁਲ ਯੋਗਦਾਨ ਪਾਉਣ ਲਈ ਕੀਤਾ ਹੈ।
ਇਸ ਮੌਕੇ ਕੁਰਾਲੀ ਵਾਸੀ ਪਰਵਾਸੀ ਨੌਜਵਾਨ ਗੁਰਜਸਪਾਲ ਸਿੰਘ ਨੇ ਵੀ ਆਪਣੀ ਜਮੀਨ ਝੋਨਾ ਮੁਕਤ ਕਰਕੇ ਉਸ ਉੱਤੇ ਰੁੱਖ ਲਗਾਉਣ ਦਾ ਐਲਾਨ ਕੀਤਾ। ਗੁਰਜਸਪਾਲ ਸਿੰਘ ਨੇ ਕਿਹਾ ਕਿ ਉਹਨਾ ਆਪਣੀ ਪੁਸ਼ਤੈਨੀ ਜਮੀਨ ਠੇਕੇ ਤੋਂ ਛੁਡਵਾ ਲਈ ਅਤੇ ਹੁਣ ਉਸ ਜਮੀਨ ਉੱਤੇ ਬਰਸਾਤ ਦੇ ਮਹੀਨੇ ਪੰਜਾਬ ਦੇ ਰਿਵਾਇਤੀ ਰੁੱਖਾਂ ਦਾ ਜੰਗਲ ਲਗਾ ਦਿੱਤਾ ਜਾਵੇਗਾ ਤਾਂ ਕਿ ਪੰਜਾਬ ਦਾ ਪਾਣੀ ਬਚਾਇਆ ਜਾ ਸਕੇ ਤੇ ਰੁੱਖਾਂ ਦੀ ਛਤਰੀ ਹੇਠ ਰਕਬਾ ਵਧਾਇਆ ਜਾ ਸਕੇ।
ਇਸ ਸਮਾਗਮ ਵਿਚ ਖੇਤੀਬਾੜੀ ਅਤੇ ਵਾਤਾਵਰਨ ਜਾਗਰੂਕਤਾ ਕੇਂਦਰ ਵਲੋਂ ਤਿਆਰੀ ਕੀਤੀ ਗਈ ਦਸਤਾਵੇਜ਼ੀ “ਪਾਣੀ ਪਿਤਾ” ਵੀ ਵਿਖਾਈ ਗਈ।
ਕੇਂਦਰ ਵਲੋਂ ਸ. ਪਰਮਜੀਤ ਸਿੰਘ ਗਾਜ਼ੀ ਨੇ ਪੰਜਾਬ ਦੇ ਪਾਣੀਆਂ ਦੀ ਸਮੱਸਿਆ ਬਾਰੇ ਅੰਕੜਿਆ ਸਮੇਤ ਜਾਣਕਾਰੀ ਸਾਂਝੀ ਕੀਤੀ ਅਤੇ ਇਸ ਦੇ ਹੱਲ ਲਈ ਸਮਾਜਿਕ ਤੇ ਨਿੱਜੀ ਪੱਧਰ ਉੱਤੇ ਕੀਤੇ ਜਾਣ ਵਾਲੇ ਕਾਰਜਾਂ ਬਾਰੇ ਦੱਸਿਆ। ਉਹਨਾ ਕੇਂਦਰ ਵਲੋਂ ਚਲਾਈਆਂ ਜਾ ਰਹੀਆਂ “ਝੋਨਾ ਘਟਾਓ ਪੰਜਾਬ ਬਚਾਓ” ਅਤੇ “ਬਰਸਾਤੀ ਜਲ ਸੰਭਾਲ ਮੁਹਿੰਮ” ਬਾਰੇ ਵੀ ਜਾਣਕਾਰੀ ਦਿੱਤੀ।
ਪਰਤਾਬਪੁਰਾ ਪਿੰਡ ਵਿਚ ਸਰਗਰਮ ਸੰਸਥਾਵਾਂ ਵਲੋਂ ਖੇਤੀਬਾੜੀ ਅਤੇ ਵਾਤਾਵਰਨ ਜਾਗਰੂਕਤਾ ਕੇਂਦਰ ਦੇ ਜਥੇ ਦਾ ਸਨਮਾਨ ਕੀਤਾ ਗਿਆ ਅਤੇ ਕੇਂਦਰ ਵਲੋਂ ਸਮਾਗਮ ਦੇ ਪ੍ਰਬੰਧਕਾਂ ਅਤੇ ਪੰਜਾਬ ਦਾ ਪਾਣੀ ਬਚਾਉਣ ਲਈ ਆਪਣੀ ਜਮੀਨ ਝੋਨਾ ਮੁਕਤ ਕਰਨ ਵਾਲੇ ਜੀਆਂ ਨੂੰ “ਬਲਿਹਾਰੀ ਕੁਦਰਤੀ ਵਸਿਆ” ਪੰਕਤੀ ਦਾ ਸੁਨੇਹਾ ਦਿੰਦੇ ਯਾਦਗਾਰੀ ਚਿਨ੍ਹ ਭੇਟ ਕੀਤੇ ਗਏ। ਇਸ ਮੌਕੇ ਮੰਚ ਸੰਚਾਲਨ ਦੀ ਜਿੰਮੇਵਾਰੀ ਪਿੰਡ ਪਰਤਾਬਪੁਰਾ ਵਾਸੀ ਸ. ਸੰਤੋਖ ਸਿੰਘ ਵਲੋਂ ਨਿਭਾਈ ਗਈ।
ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:
ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।
Related Topics: Ground Water of Punjab, Parmjeet Singh Gazi, Puanjab Water Issue, Reduce Paddy Save Water, Save Water Save Punjab