ਮਨੁੱਖੀ ਅਧਿਕਾਰ » ਸਿਆਸੀ ਖਬਰਾਂ

ਸਿੱਖਾਂ ਦੀਆਂ ਜੜ੍ਹਾਂ ਵੱਢਣ ਵਾਲੀ ਆਰ.ਐਸ.ਐਸ., ਹੁਣ ਗੁਰਪੁਰਬ ਮਨਾਉਣ ਦਾ ਢੌਂਗ ਰਚ ਰਹੀ ਹੈ: ਖਾਲੜਾ ਮਿਸ਼ਨ

October 21, 2017 | By

ਅੰਮ੍ਰਿਤਸਰ: ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਦੇ ਮੀਤ ਪ੍ਰਧਾਨ ਵਿਰਸਾ ਸਿੰਘ ਬਹਿਲਾ ਸਪੋਕਸਮੈਨ ਸਤਵਿੰਦਰ ਸਿੰਘ ਪਲਾਸੋਰ, ਕੇਂਦਰੀ ਕਮੇਟੀ ਮੈਂਬਰ ਸਤਵੰਤ ਸਿੰਘ ਮਾਣਕ, ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦੇ ਡਿਪਟੀ ਚੇਅਰਮੈਨ ਕਿਰਪਾਲ ਸਿੰਘ ਰੰਧਾਵਾ ਅਤੇ ਮਨੁੱਖੀ ਅਧਿਕਾਰ ਇਨਸਾਫ ਸੰਘਰਸ਼ ਕਮੇਟੀ ਦੇ ਪ੍ਰਧਾਨ ਬਾਬਾ ਦਰਸਨ ਸਿੰਘ ਨੇ ਇਕ ਸਾਂਝਾ ਪ੍ਰੈਸ ਬਿਆਨ ਜਾਰੀ ਕਰਕੇ ਆਖਿਆ ਹੈ ਕਿ ਆਰ.ਐਸ.ਐਸ. ਮਨੁੱਖਤਾ ਦੋਖੀ, ਘੱਟਗਿਣਤੀਆਂ, ਗਰੀਬਾਂ ਅਤੇ ਕਿਸਾਨਾਂ ਦੀ ਦੁਸ਼ਮਣ ਹੈ ਅਤੇ ਇਹ ਜਮਾਤ ਦਰਬਾਰ ਸਾਹਿਬ ‘ਤੇ ਫੌਜੀ ਹਮਲੇ ਦੇ ਮੁੱਖ ਸਾਜਿਸ਼ਘਾੜਿਆਂ ਵਿੱਚ ਸ਼ਾਮਲ ਸੀ। ਆਰ.ਐਸ.ਐਸ. ਨੇ 8 ਜੁਲਾਈ 1984 ਨੂੰ ਹੈਦਰਾਬਾਦ ਵਿਖੇ ਮਤਾ ਪਾਸ ਕਰਕੇ ਦਰਬਾਰ ਸਾਹਿਬ ‘ਤੇ ਫੌਜੀ ਹਮਲੇ ਦੀ ਸ਼ਲਾਘਾ ਕੀਤੀ ਸੀ।

ਆਰ.ਐਸ.ਐਸ. ਦੇ ਕਾਰਜਕਰਤਾ (ਫਾਈਲ ਫੋਟੋ)

ਆਰ.ਐਸ.ਐਸ. ਦੇ ਕਾਰਜਕਰਤਾ (ਫਾਈਲ ਫੋਟੋ)

ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ ਅਤੇ ਸਹਿਯੋਗੀ ਜੱਥੇਬੰਦੀਆਂ ਨੇ ਜਾਰੀ ਪ੍ਰੈਸ ਬਿਆਨ ‘ਚ ਕਿਹਾ ਕਿ ਆਰ.ਐਸ.ਐਸ. 25 ਅਕਤੂਬਰ ਨੂੰ ਦਿੱਲੀ ਵਿਖੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸਬੰਧ ‘ਚ ਮੀਟਿੰਗ ਕਰਕੇ ਆਪਣੇ ਆਪ ਨੂੰ ਸਿੱਖੀ ਦਾ ਹਮਾਇਤੀ ਹੋਣ ਦੀ ਢੌਂਗ ਰੱਚ ਰਹੀ ਹੈ। ਉਨ੍ਹਾਂ ਕਿਹਾ ਕਿ ਵਰਣ ਵੰਡ ਵਿਚਾਰਧਾਰਾ 1469 ਤੋਂ ਹੀ ਸਿੱਖੀ ਦੀ ਦੁਸ਼ਮਣ ਹੈ ਅਤੇ ਇਸ ਵਿਚਾਰਧਾਰਾ ਕਾਰਨ ਮਨੁੱਖਤਾ ਵਿੱਚ ਵੰਡੀਆਂ ਪਈਆਂ ਅਤੇ 1947 ਵਿੱਚ 10 ਲੱਖ ਲਾਸ਼ਾਂ ਉੱਪਰ ਪੰਜਾਬ ਦੀ ਵੰਡ ਹੋਈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨ ਦੀ ਸੇਧ ਜਾਤ-ਪਾਤ ਦਾ ਖਾਤਮਾ, ਮੂਰਤੀ ਪੂਜਾ ਦੀ ਵਿਰੋਧਤਾ, ਜ਼ੁਲਮ ਜ਼ਬਰ ਦਾ ਵਿਰੋਧ, ਗਰੀਬਾਂ, ਨਿਆਸਰਿਆਂ, ਨਿਮਾਣਿਆਂ, ਨਿਤਾਣਿਆਂ ਦੀ ਬਾਂਹ ਫੜਨਾ ਅਤੇ ਲੁੱਟ-ਖਸੁੱਟ ਦੀ ਵਿਰੋਧਤਾ ਸੀ। ਇਹ ਸੇਧ ਵਰਣ ਵੰਡ ਦੇ ਪੈਰੋਕਾਰ ਪੰਜ ਸਦੀਆਂ ਤੋਂ ਬਰਦਾਸ਼ਤ ਨਹੀਂ ਕਰ ਰਹੇ। ਇਸ ਸੇਧ ਨਾਲ ਦੁਸ਼ਮਣੀ ਕੱਢਣ ਲਈ ਉਨ੍ਹਾਂ ਦਰਬਾਰ ਸਾਹਿਬ ‘ਤੇ ਤੋਪਾਂ ਟੈਂਕਾਂ ਨਾਲ ਹਮਲਾ ਬੋਲਿਆ।

ਇਸ ਹਮਲੇ ਦੇ ਯੋਜਨਾਕਾਰਾਂ ਵਿੱਚ ਕਾਂਗਰਸੀ, ਆਰ.ਐਸ.ਐਸਕੇ, ਭਾਜਪਾਈ ਅਤੇ ਬਾਦਲਕੇ ਸ਼ਾਮਲ ਸਨ। ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ ਨੇ ਕਿਹਾ ਕਿ ਆਰ.ਐਸ.ਐਸ. ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਮਨੁੱਖਤਾ ਦੋਖੀ ਅਤੇ ਅੱਤਵਾਦੀ ਸੰਗਠਨ ਕਰਾਰ ਦਿੱਤਾ ਜਾਣਾ ਚਾਹੀਦਾ ਹੈ ਅਤੇ ਹਰ ਸਿੱਖ ਨੂੰ ਇਨ੍ਹਾਂ ਨਾਲ ਕਿਸੇ ਵੀ ਤਰ੍ਹਾਂ ਦੀ ਸਾਂਝ ਤੋਂ ਵਰਜਿਆ ਜਾਣਾ ਚਾਹੀਦਾ ਹੈ। ਆਰ.ਐਸ.ਐਸ. ਅਤੇ ਭਾਜਪਾ ਦੇ ਪੈਰੋਕਾਰਾਂ ਨੇ ਜੂਨ 1984 ਤੋਂ ਪਹਿਲਾਂ ਰੇਲਵੇ ਸਟੇਸ਼ਨ ਅੰਮ੍ਰਿਤਸਰ ‘ਤੇ ਦਰਬਾਰ ਸਾਹਿਬ ਦਾ ਮਾਡਲ ਭੰਨਿਆ, ਇਨ੍ਹਾਂ ਪੈਰੋਕਾਰਾਂ ਨੇ ਫੌਜੀ ਹਮਲੇ ਤੋਂ ਪਹਿਲਾਂ ਸਿਗਰਟ ਬੀੜੀਆਂ ਤ੍ਰਿਸ਼ੂਲਾਂ ਨਾਲ ਬੰਨ੍ਹ ਕੇ ਜਲੂਸ ਕੱਢੇ ਅਤੇ ਸਿਗਰਟ ਬੀੜੀ ਪੀਣ ਦੀ ਪੈਰਵਾਈ ਕੀਤੀ।

ਸਬੰਧਤ ਖ਼ਬਰ:

ਗੁਰਪੁਰਬ ਸਬੰਧੀ ਹੋਣ ਵਾਲੀ ਮੀਟਿੰਗ ਦੀ ਪ੍ਰਧਾਨਗੀ ਆਰਐਸਐਸ ਮੁਖੀ ਮੋਹਨ ਭਾਗਵਤ ਕਰੇਗਾ: ਮੀਡੀਆ ਰਿਪੋਰਟ …

ਫੌਜੀ ਹਮਲੇ ਤੋਂ ਬਾਅਦ ਇਨ੍ਹਾਂ ਲੋਕਾਂ ਵੱਲੋਂ ਲੱਡੂ ਵੰਡ ਕੇ ਫੌਜੀ ਹਮਲੇ ‘ਤੇ ਖੁਸ਼ੀਆਂ ਮਨਾਈਆਂ ਗਈਆਂ। ਸਿੱਖ ਸਿਆਸੀ ਕੈਦੀਆਂ ਨੂੰ ਸਭ ਕਾਨੂੰਨ ਛਿੱਕੇ ‘ਤੇ ਟੰਗ ਕੇ ਅੱਜ ਤੱਕ ਰੋਲਿਆ ਜਾ ਰਿਹਾ ਹੈ। ਇਸ ਵਿਚਾਰਧਾਰਾ ਦੇ ਲੋਕਾਂ ਨੇ ਪੰਜਾਬ ਅਤੇ ਗੁਜਰਾਤ ਅੰਦਰ ਕੇਵਲ ਝੂਠੇ ਮੁਕਾਬਲਿਆਂ ਨੂੰ ਸਹੀ ਨਹੀਂ ਠਹਿਰਾਇਆ ਸਗੋਂ ਯੂ.ਪੀ. ਦੀ ਯੋਗੀ ਸਰਕਾਰ ਹਾਲ ਹੀ ਵਿਚ ਦਰਜਨ ਤੋਂ ੳੁੱਪਰ ਲੋਕਾਂ ਨੂੰ ਝੂਠੇ ਮੁਕਾਬਲਿਆਂ ਵਿੱਚ ਮਾਰ ਚੁੱਕੀ ਹੈ। ਆਦਿਵਾਸੀਆਂ ਨੂੰ ਕੁਚਲਣ ਲਈ ਘਟੀਆ ਤੋਂ ਘਟੀਆ ਹੱਥਕੰਡਾ ਵਰਤਿਆ ਜਾ ਰਿਹਾ ਹੈ। ਕਸ਼ਮੀਰ ਅੰਦਰ ਗੋਲੀ ਦੀ ਰਾਜਨੀਤੀ ਦਾ ਸਿਖਰ ਹੈ। ਗੌਰੀ ਲੰਕੇਸ਼ ਵਰਗੀਆਂ ਬੀਬੀਆਂ ਦੇ ਕਤਲ ਕਾਰਨ ਬੇਟੀ ਬਚਾਉਣ ਵਾਲਿਆਂ ਦੇ ਚਿਹਰੇ ਬੇਨਕਾਬ ਹੋ ਗਏ ਹਨ ਸਮਝੌਤਾ ਐਕਸਪ੍ਰੈਸ, ਮਾਲੇਗਾਂਓ ਅਤੇ ਅਜਮੇਰ ਸ਼ਰੀਫ ਦੇ ਬੰਬ ਧਮਾਕਿਆਂ ਦੇ ਦੋਸ਼ੀਆਂ ਨੂੰ ਬਚਾਉਣ ਲਈ ਆਰ.ਐਸ.ਐਸ. ਅਤੇ ਭਾਜਪਾ ਪੱਬਾ ਭਾਰ ਹੋਈ ਪਈ ਹੈ। ਅਜੀਤ ਡੋਭਾਲ ਵਰਗੇ ਲੋਕ ਜੋ ਦਰਬਾਰ ਸਾਹਿਬ ਅੰਦਰ ਪਾਕਿਸਤਾਨੀ ਕਰਨਲ ਬਣ ਕੇ ਹਥਿਆਰ ਜਮ੍ਹਾਂ ਕਰਦੇ ਰਹੇ ਉਹ ਸਕਿਊਰਟੀ ਐਡਵਾਈਜਰ ਬਣੇ ਹਨ। ਅਖੀਰ ਵਿੱਚ ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨਾਂ ਦੇ ਸੇਧ ਹੀ ਮਨੁੱਖਤਾ ਦਾ ਕਲਿਆਣ ਕਰ ਸਕਦੀ ਹੈ ਅਤੇ ਕਾਨੂੰਨ ਦਾ ਰਾਜ ਬਹਾਲ ਕਰ ਸਕਦੀ ਹੈ।

ਸਬੰਧਤ ਖ਼ਬਰ:

ਭਾਜਪਾ ਨਾਲ ਬਾਦਲ ਦਲ ਦਾ ਸਮਝੌਤਾ ਸਿਰਫ ਸਿਆਸੀ ਹੈ, ਗੁਰਦੁਆਰਾ ਚੋਣਾਂ ਬਾਰੇ ਕੋਈ ਸਮਝੌਤਾ ਨਹੀਂ: ਜੀਕੇ …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,