May 14, 2018 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ: ਪੰਜਾਬ ਕਾਂਗਰਸ ਵਿਚ ਅੰਦਰੋ-ਅੰਦਰੀ ਚਲ ਰਹੀ ਗੜਬੜ ਅੱਜ ਇਕ ਵਾਰ ਫੇਰ ਜੱਗ ਜਾਹਿਰ ਹੋਈ ਜਦੋਂ ਤਿੰਨ ਹੋਰ ਕਾਂਗਰਸ ਵਿਧਾਇਕਾਂ ਨੇ ਆਪਣੀ ਨਾਰਾਜ਼ਗੀ ਦਾ ਖੁਲ੍ਹੇ ਤੌਰ ’ਤੇ ਪ੍ਰਗਟਾਵਾ ਕਰਦਿਆਂ ਵਿਧਾਨ ਸਭਾ ਕਮੇਟੀਆਂ ਤੋਂ ਅਸਤੀਫ਼ੇ ਦੇ ਦਿੱਤੇ ਹਨ। ਇਸ ਨਰਾਜ਼ਗੀ ਦਾ ਮੁੱਖ ਕਾਰਨ ਪੰਜਾਬ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੇ ਵਜ਼ਾਰਤੀ ਵਾਧੇ ਨੂੰ ਦੱਸਿਆ ਜਾ ਰਿਹਾ ਹੈ।
ਸੂਤਰਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਅਸਤੀਫ਼ੇ ਅੱਜ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਨੂੰ ਮਿਲ ਕੇ ਸੌਂਪੇ ਗਏ।
ਇੱਥੇ ਹੀ ਬਸ ਨਹੀਂ, ਇਨ੍ਹਾਂ ਸੀਨੀਅਰ ਵਿਧਾਇਕਾਂ ਨੇ ਇਹ ਵੀ ਐਲਾਨ ਕੀਤਾ ਕਿ ਉਹ ਛੇਤੀ ਹੀ ਕੁਲ ਹਿੰਦ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੂੰ ਮਿਲਣਗੇ ਕਿਉਂਕਿ ਉਨ੍ਹਾਂ ਦੀ ਸੀਨੀਆਰਤਾ ਦੇ ਹਿਸਾਬ ਨਾਲ ਉਨ੍ਹਾਂ ਨੂੰ ਮਾਨ ਸਨਮਾਨ ਨਹੀਂ ਦਿੱਤਾ ਗਿਆ।
ਸੂਤਰਾਂ ਅਨੁਸਾਰ ਰਾਕੇਸ਼ ਪਾਂਡੇ, ਸ: ਰਣਦੀਪ ਸਿੰਘ ਨਾਭਾ ਅਤੇ ਸ: ਅਮਰੀਕ ਸਿੰਘ ਢਿੱਲੋਂ ਨੇ ਅੱਜ ਵਿਧਾਨ ਸਭਾ ਕਮੇਟੀਆਂ ਤੋਂ ਅਸਤੀਫ਼ੇ ਦੇਣ ਦਾ ਐਲਾਨ ਕੀਤਾ ਹੈ।
ਵਰਨਣਯੋਗ ਹੈ ਕਿ ਇਹ ਤਿੰਨੋਂ ਵਿਧਾਇਕ ਆਪਣੇ ਆਪ ਨੂੰ ਸੀਨੀਅਰ ਮੰਨਦੇ ਹੋਏ ਕੈਬਨਿਟ ਵਿਸਤਾਰ ਦੌਰਾਨ ਮੰਤਰੀਮੰਡਲ ਵਿਚ ਆਪਣੀ ਜਗ੍ਹਾ ਪੱਕੀ ਮੰਨ ਕੇ ਚੱਲ ਰਹੇ ਸਨ ਅਤੇ ਉਨ੍ਹਾਂ ਨੂੰ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੇ ਵਿਸਤਾਰ ਦੌਰਾਨ ਅਣਗੌਲਿਆਂ ਕੀਤੇ ਜਾਣ ਨਾਲ ਜਿੱਥੇ ਉਨ੍ਹਾਂ ਦੇ ਮਾਨ ਸਨਮਾਨ ਨੂੰ ਸੱਟ ਵੱਜੀ ਸੀ ਉੱਥੇ ਉਨ੍ਹਾਂ ਨੂੰ ਜਨਤਕ ਤੌਰ ’ਤੇ ਵੀ ਭਾਰੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਸੀ।
ਇਨ੍ਹਾਂ ਆਗੂਆਂ ਦੇ ਨਜ਼ਦੀਕੀ ਸੂਤਰਾਂ ਅਨੁਸਾਰ ਇਸ ਗੱਲ ਦੀ ਭਾਰੀ ਨਾਰਾਜ਼ਗੀ ਪਾਈ ਜਾ ਰਹੀ ਹੈ ਕਿ ਸੀਨੀਅਰ ਵਿਧਾਇਕਾਂ ਨੂੰ ਨਜ਼ਰਅੰਦਾਜ਼ ਕਰਕੇ ਜੂਨੀਅਰ ਵਿਧਾਇਕਾਂ ਨੂੰ ਮੰਤਰੀਮੰਡਲ ਵਿਚ ਸ਼ਾਮਿਲ ਕੀਤਾ ਗਿਆ। ਇਨ੍ਹਾਂ ਆਗੂਆਂ ਦੇ ਨੇੜਲੇ ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਉਹਨਾਂ ਨੂੰ ਵਿਧਾਨ ਸਭਾ ਕਮੇਟੀਆਂ ਦੀ ਮੈਂਬਰੀ ਦੇਣਾ ਅਤੇ ਮੰਤਰੀ ਮੰਡਲ ਤੋਂ ਦੂਰ ਰੱਖਣਾ ਕਿਸੇ ਵੀ ਤਰ੍ਹਾ ਵਾਜਿਬ ਨਹੀਂ ਇਸ ਕਰਕੇ ਉਹ ਵਿਧਾਨ ਸਭਾ ਕਮੇਟੀਆਂ ਦੇ ਮੈਂਬਰ ਨਹੀਂ ਬਣੇ ਰਹਿਣਾ ਚਾਹੁੰਦੇ।
Related Topics: Congress Government in Punjab 2017-2022, Punjab Government, Punjab Vidhan Sabha