April 24, 2016 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ: ਸਿੱਖਾਂ ਨੂੰ ਮਜ਼ਾਕੀਆ ਲਹਿਜ਼ੇ ਵਿੱਚ ਪੇਸ਼ ਕਰਦੀ ਫਿਲਮ ਸੰਤ ਬੰਤਾ ਪ੍ਰਾਈਵੇਟ ਲਿਮਟਿਡ ‘ਤੇ ਪੰਜਾਬ ਸਰਕਾਰ ਨੇ ਪਾਬੰਦੀ ਲਾ ਦਿੱਤੀ ਹੈ।ਰਾਜ ਸਰਕਾਰ ਵੱਲੋਂ ਅੱਜ ਰਾਤ ਇਸ ਸਬੰਧੀ ਹੁਕਮ ਜਾਰੀ ਕੀਤਾ ਗਿਆ ।ਜਿਸ ਅਨੁਸਾਰ ਇਸ ਫ਼ਿਲਮ ਨੂੰ ਰਾਜ ਦੇ ਸਿਨੇਮਿਆਂ ‘ਚ ਦਿਖਾਉਣ ‘ਤੇ ਅਗਲੇ ਹੁਕਮਾਂ ਤੱਕ ਪਾਬੰਦੀ ਰਹੇਗੀ ।
ਦਿੱਲੀ ਵਿਖੇ ਇਸ ਫ਼ਿਲਮ ‘ਤੇ ਪਹਿਲਾਂ ਹੀ ਪਾਬੰਦੀ ਲਗਾਉਣ ਦਾ ਫੈਸਲਾ ਹੋ ਚੁੱਕਾ ਹੈ ਕਿਉਂਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ‘ਚ ਸਿੱਖਾਂ ਵੱਲੋਂ ਕੱਲ੍ਹ ਇਸ ਫ਼ਿਲਮ ‘ਤੇ ਪਾਬੰਦੀ ਦੀ ਮੰਗ ਨੂੰ ਲੈ ਕੇ ਰੋਸ ਮੁਜ਼ਾਹਰਾ ਕੀਤਾ ਗਿਆ ਸੀ ।ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਮਨਜੀਤ ਸਿੰਘ ਜੀ. ਕੇ. ਨੇ ਅੱਜ ਸ਼ਾਮ ਦਿੱਲੀ ਵਿਖੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨਾਲ ਮੁਲਾਕਾਤ ਕਰਕੇ ਇਸ ਫ਼ਿਲਮ ‘ਤੇ ਪਾਬੰਦੀ ਦੀ ਮੰਗ ਉਠਾਈ ।
ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਦੋਸ਼ ਹੈ ਕਿ ਇਸ ਫ਼ਿਲਮ ‘ਚ ਸਿੱਖਾਂ ਨੂੰ ਮਜ਼ਾਕ ਦਾ ਮੁੱਦਾ ਬਣਾ ਕੇ ਪੇਸ਼ ਕੀਤਾ ਗਿਆ ਹੈ ਅਤੇ ਭੱਦੇ ਮਜ਼ਾਕ ਕੀਤੇ ਗਏ ਹਨ ।ਜਿਸ ਕਾਰਨ ਸਮੁੱਚਾ ਸਿੱਖ ਜਗਤ ਰੋਸ ‘ਚ ਹੈ ।ਉਪ ਮੁੱਖ ਮੰਤਰੀ ਵੱਲੋਂ ਸਾਰੇ ਪੱਖਾਂ ਨੂੰ ਵਿਚਾਰਨ ਤੋਂ ਬਾਅਦ ਇਸ ਫ਼ਿਲਮ ‘ਤੇ ਰਾਜ ‘ਚ ਪਾਬੰਦੀ ਦੀ ਕੀਤੀ ਤਜਵੀਜ਼ ਨੂੰ ਮੁੱਖ ਮੰਤਰੀ ਵੱਲੋਂ ਵੀ ਅੱਜ ਰਾਤ ਪ੍ਰਵਾਨਗੀ ਦੇ ਦਿੱਤੀ ਗਈ ।
Related Topics: Anti Sikh Movies, DSGMC, Punjab Government