April 4, 2018 | By ਸਿੱਖ ਸਿਆਸਤ ਬਿਊਰੋ
ਅੰਮ੍ਰਿਤਸਰ: ਅੱਜ ਇਥੇ ਵਿਵਾਦਿਤ ਫਿਲਮ ਨਾਨਕ ਸ਼ਾਹ ਫਕੀਰ ਤੇ ਰੋਕ ਲਗਾਉਣ ਸਬੰਧੀ ਜਥਾ ਸਿਰਲੱਥ ਖ਼ਾਲਸਾ, ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ, ਦਲ ਖ਼ਾਲਸਾ, ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਪੰਜਾਬ, ਇੰਟਰਨੈਸ਼ਨਲ ਸਿੱਖ ਫੈਡਰੇਸ਼ਨ, ਦਮਦਮੀ ਟਕਸਾਲ ਗਤਕਾ ਅਖਾੜਾ ਅਤੇ ਹੋਰ ਵੱਖ-ਵੱਖ ਸਿੱਖ ਜਥੇਬੰਦੀਆਂ ਨੇ ਸਾਂਝੇ ਤੌਰ ਤੇ ਅੰਮ੍ਰਿਤਸਰ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਇੱਕ ਮੰਗ ਪੱਤਰ ਸੌਂਪਿਆ ਹੈ।
ਮੰਗ ਪੱਤਰ ‘ਚ ਕਿਹਾ ਗਿਆ ਕਿ 13 ਅਪ੍ਰੈਲ ਨੂੰ ਜੋ ਨਾਨਕ ਸ਼ਾਹ ਫਕੀਰ ਫਿਲਮ ਸਿਨੇਮਿਆਂ ‘ਚ ਰਿਲੀਜ ਹੋਣ ਜਾ ਰਹੀ ਹੈ ਇਸ ਚ ਸਿੱਖੀ ਸਿਧਾਂਤਾਂ ਨਾਲ ਖਿਲਵਾੜ ਕੀਤਾ ਗਿਆ ਹੈ ਅਤੇ ਸਿੱਖ ਧਰਮ ਦੇ ਮੋਢੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦਾ ਰੋਲ ਇੱਕ ਭੈੜੇ ਕਿਰਦਾਰ ਵਾਲੇ ਮਨੁੱਖ ਤੋਂ ਕਰਵਾਇਆ ਗਿਆ ਹੈ ਜਦ ਕਿ ਸਿੱਖ ਧਰਮ ਚ ਗੁਰੂ ਸਾਹਿਬਾਨਾਂ ਅਤੇ ਹੋਰ ਸਤਿਕਾਰਤ ਹਸਤੀਆਂ ਦਾ ਰੋਲ ਕੋਈ ਵੀ ਨਹੀਂ ਨਿਭਾਅ ਸਕਦਾ। ਇਸ ਫਿਲਮ ਕਾਰਨ ਭਵਿੱਖ ਚ ਗਲਤ ਪਿਰਤ ਪੈ ਜਾਵੇਗੀ ਇਸ ਲਈ ਅਸੀਂ ਇਸ ਫਿਲਮ ਨੂੰ ਬਰਦਾਸ਼ਤ ਨਹੀਂ ਕਰ ਸਕਦੇ।
ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸ਼ਾਂਤੀ ਬਹਾਲ ਰੱਖਣ ਲਈ ਜੇ ਇਸ ਫਿਲਮ ‘ਤੇ ਰੋਕ ਨਾ ਲਾਈ ਗਈ ਤਾਂ ਸਿੱਖ ਜਥੇਬੰਦੀਆਂ ਇਸ ਨੂੰ ਬੰਦ ਕਰਵਾਉਣ ਲਈ ਮਜਬੂਰਨ ਆਪ ਕਾਰਵਾਈ ਕਰਨਗੀਆਂ ਤੇ ਇਸ ਦੌਰਾਨ ਹੋਣ ਵਾਲੇ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਦਾ ਜਿੰਮੇਵਾਰ ਪ੍ਰਸ਼ਾਸਨ ਅਤੇ ਫਿਲਮ ਬਣਾਉਣ ਵਾਲੀ ਟੀਮ ਹੋਵੇਗੀ। ਇਸ ਮੌਕੇ ਭਾਈ ਦਿਲਬਾਗ ਸਿੰਘ, ਭਾਈ ਪਰਮਜੀਤ ਸਿੰਘ ਅਕਾਲੀ, ਭਾਈ ਰਣਜੀਤ ਸਿੰਘ, ਮਨਪ੍ਰੀਤ ਸਿੰਘ ਅਜ਼ਾਦ, ਗਗਨਦੀਪ ਸਿੰਘ, ਹਰਪ੍ਰੀਤ ਸਿੰਘ, ਚਰਨਜੀਤ ਸਿੰਘ, ਰਾਜਵੀਰ ਸਿੰਘ, ਜਗਜੋਤ ਸਿੰਘ ਰਾਜਾਸਾਂਸੀ, ਜਿੰਦਰ ਸਿੰਘ ਆਦਿ ਸ਼ਾਮਲ ਸਨ।
Related Topics: Dal Khalsa International, Nanak Shah Fakir Film Controversy, Sikh Youth Federation (Bhindranwale)