March 17, 2011 | By ਬਲਜੀਤ ਸਿੰਘ
ਫ਼ਤਿਹਗੜ੍ਹ ਸਾਹਿਬ (17 ਮਾਰਚ, 2011) : ਪੰਥਕ ਸਮਾਗਮਾਂ ’ਤੇ ਪਾਬੰਦੀਆਂ ਲਗਾਉਣ ਵਾਲੀ ਬਾਦਲ ਸਰਕਾਰ ਸੌਦਾ ਸਾਧ ਦੇ ਸਮਾਗਮ ਕਰਵਾਉਣ ਵਿੱਚ ਹਰ ਤਰ੍ਹਾਂ ਦੀ ਮੱਦਦ ਕਰ ਰਹੀ ਹੈ। ਪੰਜਾਬ ਦਾ ਮਾਹੌਲ ਵਿਗਾੜਣ ਲਈ ਸਰਕਾਰ ਤੇ ਪੁਲਿਸ ਪ੍ਰੇਮੀਆਂ ਦੇ ਫ਼ਿਰਕੂ ਸਮਾਗਮ ਕਰਵਾਉਣ ਲਈ ਪੂਰੀ ਤਰ੍ਹਾਂ ਬੱਜ਼ਿਦ ਹੈ। ਸੌਦਾ ਦੇ ਚੇਲਿਆਂ ਵਲੋਂ ਲੁਧਿਆਣਾ ਦੇ ਪਿੰਡ ਖੁਖਰਾਣਾ ਵਿੱਚ 20 ਮਾਰਚ ਨੂੰ ਕਥਿਤ ‘ਨਾਮ-ਚਰਚਾ’ ਕਰਵਾਈ ਜਾ ਰਹੀ ਹੈ। ਕਿਉਂਕਿ ਇਹ ਪੰਥ ਪ੍ਰਚਾਰਕ ਬਾਬਾ ਰੇਸ਼ਮ ਸਿੰਘ ਖੁਖਰਾਣਾ ਦਾ ਪਿੰਡ ਹੈ ਇਸ ਲਈ ਇੱਕ ਸੋਚੀ ਸਮਝੀ ਸ਼ਾਜਿਸ ਤਹਿਤ ਸਿੱਖਾਂ ਨੂੰ ਚੈਲਿੰਜ਼ ਕਰਨ ਦੇ ਇਰਾਦੇ ਨਾਲ ਤੇ ਪੰਜਾਬ ਦਾ ਮਾਹੌਲ ਵਿਗਾੜਣ ਲਈ ਹੀ ਇਸ ਪਿੰਡ ਦੀ ਚੋਣ ਕੀਤੀ ਗਈ ਹੈ।
ਇਹ ਦੋਸ਼ ਲਗਾਉਂਦਿਆਂ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਪ੍ਰਜ਼ੀਡੀਅਮ ਮੈਂਬਰ ਭਾਈ ਕੁਲਬੀਰ ਸਿੰਘ ਬੜਾ ਪਿੰਡ, ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ ਤੇ ਜਨਰਲ ਸਕੱਤਰ ਭਾਈ ਜਸਵੀਰ ਸਿੰਘ ਖੰਡੂਰ ਨੇ ਦੱਸਿਆ ਕਿ ਮੋਗਾ ਜਿਲ੍ਹੇ ਦੇ ਪਿੰਡ ਧੱਲੇਕੇ ਵਿੱਚ ਗੁਰਦੁਆਰਾ ਸਾਹਿਬ ’ਤੇ ਹਮਲਾ ਕਰਨ ਦਾ ਮੁੱਖ ਦੋਸ਼ੀ ਭੰਗੀਦਾਸ ਬਿੱਟੂ ਪੁੱਤਰ ਰੂਪ ਸਿੰਘ ਸ਼ਰੇਆਮ ਖੁਲ੍ਹਾ ਘੁੰਮ ਰਿਹਾ ਹੈ ਤੇ ਪਿੰਡ ਖੁਖਰਾਣਾ ਵਿਚ ਕੀਤੇ ਜਾਣ ਵਾਲੀ ਇਸ ਕਥਿਤ ‘ਨਾਮ ਚਰਚਾ’ ਦੀ ਤਿਆਰੀ ਵਿੱਚ ਜੁਟਿਆ ਹੋਇਆ ਹੈ। ਜਦਕਿ ਗੁਰੁਦਆਰਾ ਸਾਹਿਬ ’ਤੇ ਹਮਲਾ ਕਰਨ ਸਬੰਧੀ ਦਰਜ ਐਫ. ਆਈ. ਆਰ. ਵਿਚ ਉਸਦਾ ਨਾਮ ਦਰਜ ਹੈ। ਇਸਦੇ ਬਾਵਯੂਦ ਵੀ ਪੁਲਿਸ ਉਸਨੂੰ ਗ੍ਰਿਫ਼ਤਾਰ ਕਰਨ ਦੀ ਥਾਂ ਅਪਣੀਆਂ ਗੱਡੀਆਂ ਵਿੱਚ ਘੁੰਮਾ ਕੇ ‘ਨਾਮ-ਚਰਚਾ’ ਕਰਵਾਉਣ ਵਿੱਚ ਮੱਦਦ ਕਰ ਰਹੀ ਹੈ। ਜਦ ਕਿ ਸਿੱਧੇ ਤੌਰ ’ਤੇ ਇਹ ਸਮਾਗਮ ਸਿੱਖ ਕੌਮ ਨੂੰ ਵੰਗਾਰਣ ਲਈ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਵਰਤਾਰੇ ਨੂੰ ਵਾਚਣ ਤੋਂ ਤਾਂ ਇਹ ਗੱਲ ਸਪੱਸ਼ਟ ਰੂਪ ਵਿੱਚ ਉਜਾਗਰ ਹੁੰਦੀ ਹੈ ਕਿ ਸਰਕਾਰ ਇੱਕ ਵਾਰ ਫਿਰ ਸਿੱਖ ਕੌਮ ਦੀ ਨਸ਼ਲਕੁਸ਼ੀ ਦਾ ਰਾਹ ਪੱਧਰਾ ਕਰਨਾ ਚਾਹੁੰਦੀ ਹੈ। ਜੇਕਰ ਨੇੜ ਭੱਵਿਖ ਵਿੱਚ ਪੰਜਾਬ ਦੇ ਹਾਲਾਤ ਕੋਈ ਵੀ ਮੋੜ ਲੈਂਦੇ ਹਨ ਤਾਂ ਹਮੇਸਾਂ ਦੀ ਤਰ੍ਹਾਂ ਇਸਦੀ ਜਿੰਮੇਵਾਰੀ ਵੀ ਬਾਦਲ ਸਰਕਾਰ ’ਤੇ ਹੀ ਆਵੇਗੀ ਇਸ ਲਈ ਇਨ੍ਹਾਂ ਨੂੰ ਹੁਣੇ ਤੋਂ ਸੰਭਲ ਕੇ ਸੌਦਾ ਸਾਧ ਵਰਗੇ ਫਿਰਕੂ ਅਨਸਰਾਂ ਨੂੰ ਨੱਥ ਪਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਵੀ ਹੁਣੇ ਇਸ ਪਾਸੇ ਧਿਆਨ ਦੇ ਕੇ ਕੋਈ ਫੌਰੀ ਕਦਮ ਚੁੱਕਣਾ ਚਾਹੀਦਾ ਹੈ। ਉਹ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਪੰਥ ਤੇ ਪੰਜਾਬ ਵਿਰੋਧੀ ਸ਼ਕਤੀਆਂ ਦਾ ਸਾਥ ਛੱਡਣ ਦਾ ਆਦੇਸ਼ ਦੇਣ ਤੇ ਇਸ ਸਮਾਗਮ ਨੂੰ ਰੋਕਣ ਲਈ ਖੁਦ ਅੱਗੇ ਆਉਣ ਵਰਨਾ ਬਾਅਦ ਵਿਚ ਰੁਟੀਨ ਦੇ ਬਿਆਨ ਜਾਰੀ ਕਰਨ ਦੀ ਕੋਈ ਅਹਿਮੀਅਤ ਨਹੀਂ ਰਹੇਗੀ।
Related Topics: Akali Dal Panch Pardhani, Anti-Sikh Deras, Punjab Government