ਸਿੱਖ ਖਬਰਾਂ

ਪਾਕਿਸਤਾਨ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਲਗਾਤਾਰ ਵੱਧ ਰਹੀਆਂ ਘਟਨਾਵਾਂ ਤੋਂ ਦੁਖੀ ਸਿੱਖਾਂ ਨੇ ਦਿੱਤੀ ਅੰਦੋਲਨ ਕਰਨ ਦੀ ਸਰਕਾਰ ਨੂੰ ਚੇਤਾਵਨੀ

May 28, 2014 | By

ਇਸਲਾਮਾਬਾਦ (27 ਮਈ 2014): ਪਾਕਿਸਤਾਨ ਵਿਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਲਗਾਤਾਰ ਵਾਪਰ ਰਹੀਆਂ ਘਟਨਾਵਾਂ ਤੋਂ ਦੁਖੀ ਇਕ ਸਿੱਖ ਸੰਗਠਨ ਸਿੱਖ ਕੌਂਸਿਲ ਨੇ ਪਾਸਿਤਾਨ ਸਰਕਾਰ ਨੂੰ ਚੇਤਾਵਨੀ  ਦਿੱਤੀ ਕਿ ਜੇਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਕਥਿਤ ਬੇਅਦਬੀ ਕਰਨ ਵਾਲਿਆਂ ਨੂੰ ਸਨਿਚਰਵਾਰ ਤਕ ਗਿ੍ਫਤਾਰ ਨਾ ਕੀਤਾ ਤਾਂ ਉਹ ਦੇਸ਼ਵਿਆਪੀ ਅੰਦੋਲਨ ਕਰਨਗੇ।

ਕਲ੍ਹ ਕਰਾਚੀ ਪ੍ਰੈਸ ਕਲੱਬ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪਾਕਿਸਤਾਨ ਸਿੱਖ ਕੌਂਸਿਲ ਦੇ ਸਰਪ੍ਰਸਤ ਰਮੇਸ਼ ਸਿੰਘ ਨੇ ਮੰਗ ਕੀਤੀ ਕਿ ਇਸ ਗੱਲ ਦੀ ਜਾਂਚ ਲਈ ਨਿਆਂਇਕ ਕਮਿਸ਼ਨ ਗਠਿਤ ਕੀਤਾ ਜਾਵੇ ਕਿ ਸਮੁੱਚੇ ਸਿੰਧ ਸੂਬੇ ਵਿਚ ਅਚਨਚੇਤ ਇਹ ਘਟਨਾਵਾਂ ਕਿਵੇਂ ਅਤੇ ਕਿਉਂ ਵਾਪਰਨੀਆਂ ਸ਼ੁਰੂ ਹੋ ਗਈਆਂ ਹਨ। ਉਨ੍ਹਾਂ ਕਿਹਾ ਕਿ ਸਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਸਖਤ ਸਜ਼ਾ ਦੇਣੀ ਚਾਹੀਦੀ ਹੈ ਤਾਂ ਜੋ ਦੂਸਰਿਆਂ ਨੂੰ ਇਸ ਤੋਂ ਸਬਕ ਮਿਲ ਸਕੇ।

ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪਾਵਨ ਬੀੜਾਂ ਸਾੜਨ ਦੀਆਂ ਘਟਨਾਵਾਂ ਨੂੰ ਚੇਤੇ ਕਰਦਿਆਂ ਰਮੇਸ਼ ਸਿੰਘ ਨੇ ਦੋਸ਼ ਲਾਇਆ ਕਿ ਸੁਕੂਰ, ਦਾਦੂ ਅਤੇ ਸ਼ਿਕਾਰਪੁਰ ਜਿਲ੍ਹਿਆਂ ਸਮੇਤ ਸਮੁੱਚੇ ਸੂਬੇ ਤੋਂ ਵੱਖ-ਵੱਖ ਘਟਨਾਵਾਂ ਦੀਆਂ ਰਿਪੋਰਟਾਂ ਮਿਲ ਰਹੀਆਂ ਹਨ। ਇਸ ਮਹੀਨੇ ਦੇ ਸ਼ੁਰੂ ਵਿਚ ਇਸੇ ਤਰ੍ਹਾਂ ਦੀਆਂ ਘਟਨਾਵਾਂ ਕਰਾਚੀ ਅਤੇ ਸ਼ਿਕਾਰਪੁਰ ਵਿਚ ਵਾਪਰੀਆਂ ਸਨ।

ਉਨ੍ਹਾਂ ਕਿਹਾ ਕਿ ਪਾਕਿਸਤਾਨ ਵਿਚ ਵੱਸਦੀਆਂ ਦੂਸਰੀਆਂ ਕੌਮਾਂ ਵਾਂਗ ਸਿੱਖ ਵੀ ਪਾਕਿਸਤਾਨ ਦਾ ਭਲਾ ਲੋਚਦੇ ਹਨ, ਅਤੇ ਉਹ ਦੇਸ਼ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਘਬਰਾਹਟ ‘ਚ ਨਹੀਂ ਪਾਉਣਾ ਚਾਹੁੰਦੇ ਪਰ ਉਨ੍ਹਾਂ ਨੂੰ ਨੁਕਰੇ ਲਾ ਦਿੱਤਾ ਗਿਆ ਹੈ ਅਤੇ ਇਹ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਉਹ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਸਮਝੇ। ਪਾਕਿਸਤਾਨ ਵਿਚ ਲਗਪਗ 20 ਹਜ਼ਾਰ ਸਿੱਖ ਰਹਿੰਦੇ ਹਨ।

ਸਿੱਖ ਆਗੂ ਨੇ ਕਿਹਾ ਕਿ ਉਨ੍ਹਾਂ ਨੇ ਪਾਕਿਸਤਾਨ ਦੇ ਚੀਫ ਜਸਟਿਸ ਤਕ ਪਹੁੰਚ ਕੀਤੀ ਸੀ ਜਿਨ੍ਹਾਂ ਨੇ ਹਦਾਇਤ ਕੀਤੀ ਸੀ ਕਿ ਇਸ ਤਰ੍ਹਾਂ ਦੀਆਂ ਸਾਰੀਆਂ ਘਟਨਾਵਾਂ ਦੀਆਂ ਐਫ. ਆਈ. ਆਰਜ਼ ਅਗਲੇ ਸੁਣਵਾਈ ‘ਤੇ ਅਦਾਲਤ ਵਿਚ ਪੇਸ਼ ਕੀਤੀਆਂ ਜਾਣ ਅਤੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ। ਪਿਛਲੇ ਹਫਤੇ ਸਿੱਖਾਂ ਨੇ ਪਾਕਿਸਤਾਨ ਦੇ ਸੰਸਦ ਕੰਪਲੈਕਸ ਵਿਚ ਦਾਖਲ ਹੋ ਕੇ ਮੁਜ਼ਾਹਰਾ ਕੀਤਾ ਸੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,