ਲੇਖ » ਸਿੱਖ ਖਬਰਾਂ

ਪੰਥ ਭਾਰਤੀ ਜੱਜਾਂ ਦੀਆਂ ਦਸਤਾਰ ਮਾਮਲੇ ਤੋਂ ਵੀ ਵੱਧ ਗੰਭੀਰ ਟਿੱਪਣੀਆਂ ਬਾਰੇ ਖਾਮੋਸ਼ ਕਿਉਂ?

April 24, 2018 | By

ਦਸਤਾਰ ਮਾਮਲੇ ’ਤੇ ਭਾਰਤੀ ਸੁਪਰੀਮ ਕੋਰਟ ਦੇ ਜੱਜਾਂ ਦੀਆਂ ਟਿੱਪਣੀਆਂ ਦਾ ਤਾਂ ਭਾਵੇਂ ‘ਭਾਰਤੀ ਮੁੱਖ ਧਾਰਾ ਦੇ ਵਹਿਣ ਵਿੱਚ ਰਹਿਣ’ ਵਾਲੇ ਸਿੱਖ ਆਗੁਆਂ ਨੇ ਬੜੀ ਤੇਜ਼ੀ ਨਾਲ ਫੜੀਆਂ ਤੇ ਇਨ੍ਹਾਂ ਦੀ ਨਿਖੇਧੀ ਵੀ ਕੀਤੀ ਪਰ ਇਸ ਤੋਂ ਵੱਧ ਗੰਭੀਰ ਮਾਮਲੇ ’ਤੇ ਜੋ ਇਸ ਤੋਂ ਵੀ ਵੱਧ ਗਲਤ ਟਿੱਪਣੀਆਂ ਭਾਰਤੀ ਸੁਪਰੀਮ ਕੋਰਟ ਦੇ ਜੱਜਾਂ ਨੇ ਕੀਤੀਆਂ ਹਨ ਉਨਹਾਂ ਬਾਰੇ ਹਾਲੀ ਇਨ੍ਹਾਂ ਆਗੂਆਂ ਵਿੱਚੋਂ ਕੋਈ ਨਹੀਂ ਬੋਲ ਰਿਹਾ। ਉਹ ਟਿੱਪਣੀਆਂ ਪੰਥਕ ਮੁੱਖ ਧਾਰਾ ਨੇ ਵੀ ਪਤਾ ਨਹੀਂ ਕਿਉਂ ਹਾਲ ਦੀ ਘੜੀ ਅਣਗੌਲੀਆਂ ਹੀ ਕੀਤੀਆਂ ਹੋਈਆਂ ਹਨ।

ਵਿਵਾਦਤ ਫਿਲਮ ਨਾਨਕ ਸ਼ਾਹ ਫਕੀਰ ਨੂੰ ਚਲਵਾਉਣ ਲਈ ਫਿਲਮ ਦਾ ਨਿਰਮਾਤਾ ਹਰਿੰਦਰ ਸਿੱਕਾ ਭਾਰਤੀ ਸੁਪਰੀਮ ਕੋਰਟ ਵਿੱਚ ਚਲਾ ਗਿਆ। ਭਾਵੇਂ ਕਿ 12 ਅਪਰੈਲ ਦੀ ਸੁਣਵਾਈ ਦੌਰਾਨ ਭਾਰਤੀ ਸੁਪਰੀਮ ਕੋਰਟ ਦੇ ਜੱਜਾਂ ਇਸ ਫਿਲਮ ਦੇ ਮਾਮਲੇ ਵਿੱਚ ਸਿੱਖਾਂ ਦੇ ਸਰੋਕਾਰਾਂ ਨੂੰ ਛਿੱਕੇ ’ਤੇ ਟੰਗ ਦਿੱਤਾ ਗਿਆ ਸੀ ਤੇ ਇਹ ਕਿਹਾ ਗਿਆ ਸੀ ਕਿ ਜਦੋਂ ਭਾਰਤ ਦੇ ਫਿਲਮਾਂ ਨੂੰ ਪਰਮਾਣ ਪੱਤਰ ਜਾਰੀ ਕਰਨ ਵਾਲੀ ਸੰਸਥਾ ‘ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ’ ਨੇ ਕਿਸੇ ਫਿਲਮ ਨੂੰ ਜਾਰੀ ਕਰਨ ਦਾ ਪਰਮਾਣ ਪੱਤਰ ਦੇ ਦਿੱਤਾ ਹੈ ਤਾਂ ਕਿਸੇ ਵੀ ‘ਨਿੱਜੀ ਸੰਸਥਾ’ ਨੂੰ ਕੋਈ ਹੱਕ ਨਹੀਂ ਹੈ ਕਿ ਉਹ ਇਸ ਉੱਤੇ ਰੋਕ ਲਾਵੇ। ਇੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲ ਤਖ਼ਤ ਸਾਹਿਬ ਨੂੰ ‘ਨਿੱਜੀ ਸੰਸਥਾ’ ਕਹਿ ਕੇ ਭਾਰਤੀ ਅਦਾਲਤ ਦੇ ਜੱਜਾਂ ਨੇ ਸਿੱਖਾਂ ਦੀ ਹਸਤੀ ਨੂੰ ਮੰਨਣ ਤੋਂ ਇਨਕਾਰ ਕੀਤਾ ਸੀ। ਅਦਾਲਤ ਨੇ ਸਰਕਾਰਾਂ ਨੂੰ ਇਸ ਮਾਮਲੇ ਵਿੱਚ ਅਮਨ ਕਾਨੂੰਨ ਬਣਾਈ ਰੱਖਣ ਦੀ ਤਕੀਦ ਕਰਕੇ ਸਿੱਖਾਂ ’ਤੇ ਡੰਡਾ ਚਲਾਉਣ ਦੀ ਅਸਿੱਧੀ ਪਰਵਾਣਗੀ ਦਿੱਤੀ ਸੀ।

ਹਾਲਾਂਕਿ ਇਹ ਟਿੱਪਣੀਆਂ ਵੀ ਘੱਟ ਗੰਭੀਰ ਨਹੀਂ ਸਨ ਪਰ 16 ਅਪਰੈਲ ਦੀ ਸੁਣਵਾਈ ਦੌਰਾਨ ਮਾਮਲਾ ਬਹੁਤ ਹੀ ਗੰਭੀਰ ਬਣ ਗਿਆ। ਭਾਵੇਂ ਕਿ 16 ਅਪਰੈਲ ਦੀ ਲਿਖਤੀ ਕਾਰਵਾਈ ਸਿਰਫ ਇਕ ਸਤਰ ਦੀ ਹੈ ਕਿ ਮਾਮਲਾ ਅਗਲੀ ਕਿਸ ਤਰੀਕ ਨੂੰ ਸੁਣਿਆ ਜਾਵੇਗਾ ਪਰ ਦਰਤਾਰ ਵਾਲੇ ਮਾਮਲੇ ਦੀ ਸੁਣਵਾਈ ਵਾਙ ਹੀ ਜੱਜਾਂ ਨੇ ਅਦਾਲਤੀ ਕਾਰਵਾਈ ਦੌਰਾਨ ਜੋ ਟਿੱਪਣੀਆਂ ਕੀਤੀਆਂ ਉਹ ਬਹੁਤ ਘਾਤਕ ਹਨ।

ਭਾਰਤੀ ਸੁਪਰੀਮ ਕੋਰਟ ਦੇ ਜੱਜ ਚੰਦਰਚੂੜ ਨੇ ਕਿਹਾ ਕਿ ‘ਇਕ ਧਰਮ ਨੂੰ ਇਸ ਗੱਲ ਤੱਕ ਸੰਕੋਚ ਕੇ ਨਹੀਂ ਰੱਖਿਆ ਜਾ ਸਕਦਾ ਕਿ ਉਸ ਦਾ ਇਕ ਮਾਤਰ ਪ੍ਰਗਟਾਵਾ ਸਿਰਫ “ਇੱਕ ਕਿਤਾਬ” ਤੱਕ ਸੀਮਤ ਹੋਣਾ ਚਾਹੀਦਾ ਹੈ’ (ਏ ਰਿਲੀਜ਼ਨ ਕੈਨ ਨੌਟ ਬੀ ਐਡੇਮੈਂਟ ਦੈਟ ਇਟਸ ਸੋਲ ਪੋਟਰੇਅਲ ਸ਼ੁੱਡ ਬੀ ਕਨਫਾਈਨਡ ਟੂ ਜਸਟ ਵਨ ‘ਬੁੱਕ’) [ਸਰੋਤ: ਉਹੀ]। ਸਿੱਖਾਂ ਦੇ ਗੁਰੂ, ਗੁਰੂ ਗ੍ਰੰਥ ਸਾਹਿਬ, ਜਿਸ ਨੂੰ ਭਾਰਤੀ ਅਦਾਲਤ ਵੀ ਪ੍ਰਤੱਖ ਗੁਰੂ (ਲਿਿਵੰਗ ਗੁਰੂ) ਤਸਲੀਮ ਕਰ ਚੁੱਕੀ ਹੈ ਬਾਰੇ ਅਜਿਹੀ ਟਿੱਪਣੀ ਨਾ-ਕਾਬਲੇ ਬਰਦਾਸ਼ਤ ਹੈ।

ਇਸੇ ਦਿਨ ਭਾਰਤੀ ਸੁਪਰੀਮ ਕੋਰਟ ਦੇ ਵਿਵਾਦਤ ਮੁੱਖ ਜੱਜ ਨੇ ਕਿਹਾ ਕਿ “ਇਹ ਉਹ ਖੇਤਰੀ ਫਿਲਮ ਹੈ ਜਿਸ ਨੇ ‘ਰਾਸ਼ਟਰੀ ਏਕਤਾ’ ਦਾ ‘ਰਾਸ਼ਟਰੀ ਇਨਾਮ’ ਜਿੱਤਿਆ ਹੈ… ਅਜਿਹਾ ਸਿਰਫ ਇੱਕ ਹੀ ਇਨਾਮ ਹੈ… ਇਹ ਕੋਈ ਆਮ ਇਨਾਮ ਨਹੀਂ ਹੈ”। ਇਕ ਧਿਰ ਵਲੋਂ ਆਪੂ ਘੜੇ ਇਨਾਮ ਨੂੰ ਇੰਨੀ ਵੱਡੀ ਗੱਲ ਬਣਾ ਕੇ ਪੇਸ਼ ਕਰਨ ਵਾਲਾ ਮੁੱਖ ਜੱਜ ਦੀਪਕ ਮਿਸ਼ਰਾ ਸਿੱਖੀ ਸਿਧਾਂਤਾਂ ਨੂੰ ਰੱਦ ਕਰਦਿਆਂ ਕਹਿੰਦਾ ਹੈ: “ਇਸ ਮਾਮਲੇ ਵਿੱਚ ਮਸਲਾ ਇਹ ਨਹੀਂ ਸੀ ਕਿ ਸਿੱਖੀ ਦੇ ਬੁਨਿਆਦੀ ਸਿਧਾਂਤ ਕੀ ਕਹਿੰਦੇ ਹਨ, ਬਲਕਿ (ਮਾਮਲਾ ਇਹ ਹੈ) ਕਿ ਕੀ ਫਿਲਮ ਨੇ ਸਿਨੇਮਾਕਾਰੀ ਕਾਨੂੰਨ ਦੀਆਂ ਮੱਦਾਂ ਦੀ ਉਲੰਘਣਾ ਕੀਤੀ ਹੈ ਜਾਂ ਨਹੀਂ” (ਦਾ ਇਸ਼ੂ ਇਨ ਦਾ ਕੇਸ ਵਾਜ਼ ਨੌਟ ਦਾ ਇਸੈਨਸੀਅਲ ਫੀਚਰਜ਼ ਆਫ ਸਿੱਖਇਜ਼ਮ, ਬਟ ਇਨਸਟੈਡ, ਵੈਦਰ ਦਿਸ ਮੂਵੀ ਹੈਜ਼ ਵਾਇਲੇਟਿਡ ਦਾ ਪ੍ਰੋਵਿਜ਼ਨਸ ਆਪ ਦਾ ਸਿਨੇਮੈਟੋਗਰਾਫੀ ਐਕਟ) [ਸਰੋਤ: ਦਾ ਹਿੰਦੂ, ਵੈਬਸਾਈਟ, 16 ਅਪਰੈਲ, ਨਵੀਂ ਦਿੱਲੀ, 7:38 ਸ਼ਾਮ]।

ਇਸ ਮਾਮਲੇ ਵਿੱਚ ਵਕੀਲ ਰਾਮ ਜੇਠਮਲਾਨੀ ਵੀ ਪਿੱਛੇ ਨਹੀਂ ਰਿਹਾ ਤੇ ਉਸ ਨੇ ਕਿਹਾ ਕਿ “ਇਕ ਧਾਰਮਕ ਮਨਾਹੀ ਅਤੇ ਨੇਮ ਨੂੰ (ਕਿ ਕੋਈ ਵੀ ਮਨੁੱਖ ਗੁਰੂ ਸਾਹਿਬਾਨ ਦੀ ਨਕਲ ਨਹੀਂ ਲਾਹ ਸਕਦਾ) ਨੂੰ ਕਾਨੂੰਨੀ ਮਨਾਹੀ ਦੀ ਪੱਧਰ ਤੱਕ ਨਹੀਂ ਲਿਆਂਦਾ ਜਾ ਸਕਦਾ… ਬੰਦੇ ਗੁਰੂ ਦੀ ਨਕਲ ਲਾਹ ਰਹੇ ਹਨ… ਇਹਦੇ ਵਿੱਚ ਐਡੀ ਕਿਹੜੀ ਗੱਲ ਹੋ ਗਈ?” (ਏ ਰਿਲੀਜੀਅਸ ਇਨਜੰਕਸ਼ਨ ਕੈਨ ਨੌਟ ਬੀ ਕਨਵਰਟਿਡ ਇਨ ਟੂ ਏ ਲੀਗਲ ਇਨਜੰਕਸ਼ਨ… ਹਿਊਮਨ ਬੀਂਗਸ ਆਰ ਪੋਟਰੇਇੰਗ ਦਾ ਗੁਰੂ… ਸੋ ਵੱਟ?) [ਸਰੋਤ: ਉਹੀ]

ਮੁੱਖ ਜੱਜ ਦੀਪਕ ਮਿਸ਼ਰਾ ਨੇ ਅੱਗੇ ਕਿਹਾ ਕਿ “ਗੁਰੂ ਸਾਹਿਬ ਦੀ ਨਕਲ ਲਾਹੁਣ ਵਾਲੇ ਬੰਦੇ ਨੂੰ ਇਸ ਗੱਲ ਦੀ ਵਡਿਆਈ ਨਾਲ ਲੈਣ ਦਿਓ। ਉਸ ਨੂੰ ਗੁਮਨਾਮ ਬੰਦਾ ਰਹਿਣ ਦਿਓ।” (ਲੈਟ ਦਾ ਐਕਟਰ ਪਲੇਇੰਗ ਦਾ ਗੁਰੂ ਨੌਟ ਟੇਕ ਕਰੈਡਿਟ। ਲੈਟ ਇਟ ਬੀ ਐਨ ਐਬਸਟਰੈਕਟ ਪਰਸਨ) [ਸਰੋਤ: ਉਹੀ]।

ਇਹ ਟਿੱਪਣੀਆਂ ਨਾ ਤਾਂ ਸਧਾਰਨ ਹਨ ਤੇ ਨਾ ਹੀ ਦਸਤਾਰ ਮਾਮਲੇ ਵਿੱਚ ਕੀਤੀਆਂ ਟਿੱਪਣੀਆਂ ਵਰਗੀ ਟਿੱਚਰ ਹਨ। ਇਨ੍ਹਾਂ ਪਿੱਛੇ ਸਿੱਖਾਂ ਦਾ ‘ਵਿਸ਼ਵਾਸ਼-ਨਾਸ਼’ ਕਰਨ ਦੀ ਭਾਵਨਾ ਸਾਫ ਨਜ਼ਰ ਆ ਰਹੀ ਹੈ। ਸਾਰਾ ਸਿੱਖ ਸਿਧਾਂਤ, ਸਿੱਖ ਪਰੰਪਰਾ ਰੱਦੀ ਜਾ ਰਹੀ ਹੈ ਤੇ ਕੋਮਲ ਸਿੱਖ ਭਾਵਨਾਵਾਂ ਦੀ ਬੇਕਿਰਕੀ ਨਾਲ ਦਰੜਿਆ ਜਾ ਰਿਹਾ ਹੈ। ਨਾ ਤਾਂ ਇਸ ਵਿਵਾਦ ਨੂੰ ਸਹੇੜਨ ਲਈ ਦਬਾਅ ਬਣਾਉਣ ਵਾਲੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦਾ ਮੁਖੀ ਸੁਖਬੀਰ ਸਿੰਘ ਤੇ ਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੁਝ ਬੋਲ ਰਹੇ ਹਨ ਅਤੇ ਦਸਤਾਰ ਮਾਮਲੇ ਵਿੱਚ ਹੋਈਆਂ ਟਿੱਪਣੀਆਂ ਤੋਂ ਬਾਅਦ ਉਸ ਮਾਮਲੇ ਚ ਸੁਪਰੀਮ ਕੋਰਟ ਵਿੱਚ ਧਿਰ ਵੱਜੋਂ ਸ਼ਾਮਲ ਹੋਣ ਦਾ ਐਲਾਨ ਕਰਨ ਵਾਲੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਫਿਲਮ ਮਾਮਲੇ ਵਿੱਚ ਧਿਰ ਹੋਣ ਦੇ ਬਾਵਜੂਦ ਵੀ ਮੂੰਹ ਵਿੱਚ ਘੁੰਗਣੀਆਂ ਪਾਈ ਬੈਠੇ ਹਨ। ਪੰਥਕ ਮੁੱਖ ਧਾਰਾ ਵੀ ਇਸ ਮਾਮਲੇ ਵਿੱਚ ਹਾਲ ਦੀ ਘੜੀ ਖਾਮੋਸ਼ ਹੈ। ਜਿਸ ਤਰ੍ਹਾਂ ਦਾ ਮਾਹੌਲ ਭਾਰਤੀ ਉੱਪ-ਮਹਾਂਦੀਪ ਦਾ ਉੱਭਰ ਰਿਹਾ ਹੈ ਤੇ ਜਿਸ ਤਰ੍ਹਾਂ ਦੀ ਹਾਲਤ ਵਿੱਚ ਸਿੱਖ ਇੱਥੇ ਘਿਰੇ ਹੋਏ ਹਨ, ਇਨ੍ਹਾਂ ਟਿੱਪਣੀਆਂ ਨੂੰ ਅਣਗੌਲਿਆਂ ਕਰਨ ਦੇ ਗੰਭੀਰ ਨਤੀਜੇ ਸਜਿਹੇ ਹੀ ਕਿਆਸੇ ਜਾ ਸਕਦੇ ਹਨ।

ਭਾਰਤੀ ਜੱਜ ਦੀ ਅੱਜ ਦੇ ਦਿਨ ਸਾਖ ਸਤਹੀ ਪੱਧਰ ਤੋਂ ਉਤਾਂਹ ਨਹੀਂ ਹੈ ਤੇ ਮੁੱਖ ਜੱਜ ਆਪ ਹੀ ਵਿਵਾਦਾਂ ਦੇ ਘੇਰੇ ਵਿੱਚ ਹੈ। ਭਾਰਤੀ ਮੁੱਖ ਧਾਰਾ ਦੇ ਕਈ ਹਿੱਸੇ ਅਦਾਲਤਾਂ ਦੀ ਕਾਰਗੁਜ਼ਾਰੀ ਤੇ ਜਰਜ਼ਰੇਪਣ ਉੱਤੇ ਸਵਾਲ ਚੁੱਕ ਰਹੇ ਹਨ ਅਜਿਹੇ ਸਮੇਂ ਤਾਂ ਭਾਰਤੀ ਮੁੱਖ ਧਾਰਾ ਦੇ ਵਹਿਣ ਵਿੱਚ ਵਿਚਰਣ ਵਾਲੀਆਂ ਸਿੱਖ ਧਿਰਾਂ ‘ਤੇ ਵੀ ਕੋਈ ਦਬਾਅ ਨਹੀਂ ਹੋਣਾ ਚਾਹੀਦਾ ਕਿ ਉਹ ਇੰਨੀਆਂ ਗੰਭੀਰ ਟਿੱਪਣੀਆਂ ਨੂੰ ਉੱਚੀ ਸੁਰ ਵਿੱਚ ਰੱਦ ਨਾ ਕਰਨ। ਸਿੱਖਾਂ ਲਈ ਗੁਰੂ ਅੱਵਲ ਹੈ ਤੇ ਗੁਰੂ ਦਾ ਸਤਿਕਾਰ ਕਦੇ ਕਿਸੇ ਹੋਰ ਸੋਰਕਾਰ ਸਾਹਮਣੇ ਦੋਮ ਨਹੀਂ ਹੋ ਸਕਦਾ। ਪੰਥ ਜੀ ਭਾਰਤੀ ਜੱਜਾਂ ਨੂੰ ਉਨ੍ਹਾਂ ਦਾ ਹੱਦ ਦੱਸਣ ਦਾ ਵੇਲਾ ਹੈ ਇਸ ਮੌਕੇ ਚੁੱਪ ਨਾ ਰਹੋ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,