June 14, 2017 | By ਸਿੱਖ ਸਿਆਸਤ ਬਿਊਰੋ
ਅੰਮ੍ਰਿਤਸਰ: ਦਲ ਖ਼ਾਲਸਾ ਦਾ ਮੰਨਣਾ ਹੈ ਕਿ ਵਿਧਾਨ ਸਭਾ ਦੇ ਬਜਟ ਸੈਸ਼ਨ ਵਿੱਚ ਦਾਗੀ ਪੁਲਿਸ ਅਫਸਰ ਕੇ.ਪੀ.ਐਸ. ਗਿੱਲ ਨੂੰ ਸ਼ਰਧਾਂਜਲੀ ਪੇਸ਼ ਕਰਕੇ ਵਿਧਾਇਕਾਂ ਨੇ ਸੂਬੇ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਸੱਟ ਮਾਰੀ ਹੈ ਅਤੇ ਸਰਕਾਰੀ ਤਸ਼ੱਦਦ ‘ਤੇ ਮਨੁੱਖੀ ਅਧਿਕਾਰਾਂ ਦੇ ਘਾਣ ਦੇ ਸ਼ਿਕਾਰ ਹੋਏ ਲੋਕਾਂ ਦੇ ਜ਼ਖਮਾਂ ‘ਤੇ ਲੂਣ ਛਿੜਕਿਆ ਹੈ।
ਸਖਤ ਸ਼ਬਦਾਂ ਵਿਚ ਬਿਆਨ ਜਾਰੀ ਕਰਦਿਆਂ ਪਾਰਟੀ ਪ੍ਰਧਾਨ ਹਰਪਾਲ ਸਿੰਘ ਚੀਮਾ ਅਤੇ ਬੁਲਾਰੇ ਕੰਵਰਪਾਲ ਸਿੰਘ ਨੇ ਕਿਹਾ ਕਿ ਪੰਜਾਬ ਦਾ ਬੁੱਚੜ ਸ਼ਰਧਾਂਜਲੀ ਜਾਂ ਸਤਿਕਾਰ ਦਾ ਹੱਕਦਾਰ ਨਹੀਂ।
ਉਹਨਾਂ ਦੋਸ਼ ਲਾਇਆ ਕਿ ਵਿਧਾਨ ਸਭਾ ਵਿਚ ਉਸ ਵਿਅਕਤੀ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਜਿਸ ਨੇ ਕਾਨੂੰਨ ਦੇ ਘੇਰੇ ਤੋਂ ਬਾਹਰ ਜਾ ਕੇ ਮਿਲੇ ਹੱਕਾਂ ਦੀ ਨਜਾਇਜ਼ ਵਰਤੋਂ ਕਰਦਿਆਂ ਲੋਕਾਂ ਦਾ ਕਤਲੇਆਮ ਕਰਵਾਇਆ। ਉਹਨਾਂ ਕਿਹਾ ਕਿ ਅਜਿਹੇ ਬੇਲਗਾਮ ਵਿਅਕਤੀ ਨੂੰ ਸ਼ਰਧਾਂਜਲੀ ਦੇਕੇ ਸਮੇਂ ਦੀ ਸਰਕਾਰ ਨੇ ਸਰਕਾਰੀ ਦਹਿਸ਼ਤਗਰਦੀ ਨੂੰ ਕਾਨੂੰਨੀ ਮਾਨਤਾ ਦਿੱਤੀ ਹੈ।
‘ਆਪ’ ਦੇ ਵਿਧਾਇਕਾਂ ‘ਤੇ ਸਖਤ ਟਿੱਪਣੀ ਕਰਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਦੇ ਇਸ ਕਦਮ ਦਾ ਵਿਰੋਧ ਨਾ ਕਰਕੇ ਅਤੇ ਸੈਸ਼ਨ ਤੋਂ ਵਾਕਆਊਟ ਨਾ ਕਰਕੇ ਐਡਵੋਕੇਟ ਐਚ.ਐਸ ਫੂਲਕਾ ਅਤੇ ਉਨ੍ਹਾਂ ਦੀ ਪਾਰਟੀ ਵਿਧਾਇਕਾਂ ਨੇ ਮਨੁੱਖੀ ਅਧਿਕਾਰਾਂ ਦੇ ਮੰਚ ‘ਤੇ ਕੀਤੇ ਆਪਣੇ ਸਾਰੇ ਚੰਗੇ ਕੰਮਾਂ ‘ਤੇ ਪ੍ਰਸ਼ਨ ਚਿੰਨ੍ਹ ਲਵਾ ਲਿਆ ਹੈ। ਉਹਨਾਂ ਕਿਹਾ ਕਿ ਇਸ ਮਾਮਲੇ ਵਿੱਚ ਕਾਂਗਰਸ, ਭਾਜਪਾ ਅਤੇ ਆਪ ਇੱਕੋ ਡਾਲ ਦੇ ਪੰਛੀ ਨਿਕਲੇ ਹਨ।
ਦੂਜੇ ਪਾਸੇ ਵਿਧਾਨ ਸਭਾ ਵਿਚੋਂ ਰੋਸ ਜਿਤਾਉਦਿਆਂ ਵਾਕਆਊਟ ਕਰਨ ਲਈ ਉਹਨਾਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ ਲੋਕ ਇਨਸਾਫ ਪਾਰਟੀ ਦੀ ਸਿਫਤ ਕੀਤੀ। ਉਹਨਾਂ ਵਿਅੰਗ ਕਸਦਿਆਂ ਕਿਹਾ ਕਿ ਵੈਸੇ ਅਕਾਲੀ ਬਹੁਤ ਘੱਟ ਸਿੱਖਾਂ ਦੀਆਂ ਭਾਵਨਾਵਾਂ ਦੀ ਤਰਜ਼ਮਾਨੀ ਕਰਦੇ ਹਨ।
ਸਬੰਧਤ ਖ਼ਬਰ:
ਹਜ਼ਾਰਾਂ ਸਿੱਖਾਂ ਦੀਆਂ ਲਾਸ਼ਾਂ ਨੂੰ ਲਾਵਾਰਸ ਕਰਨ ਵਾਲਾ ਗਿੱਲ ਭੋਗ ਸਮੇਂ ਹੋਇਆ ਲਾਵਾਰਸ: ਖਾਲੜਾ ਮਿਸ਼ਨ …
ਸਿੱਖ ਭਾਵਨਾਵਾਂ ਪ੍ਰਤੀ ਵਿਰੋਧੀ ਰਵੱਈਆ ਅਖਤਿਆਰ ਕਰਨ ਲਈ ਕੈਪਟਨ ਅਮਰਿੰਦਰ ਸਿੰਘ ਦੀ ਨਿੰਦਾ ਕਰਦਿਆਂ ਉਹਨਾਂ ਕਿਹਾ ਕਿ ਕੈਪਟਨ ਪਹਿਲਾਂ ਕੇਪੀਐਸ ਗਿੱਲ ਦਾ ਹਾਲ ਚਾਲ ਪੁੱਛਣ ਗਿਆ ਅਤੇ ਬਾਅਦ ਵਿਚ ਉਸਦੇ ਭੋਗ ‘ਤੇ ਗਿਆ। ਪੰਜਾਬ ਦੇ ਲੋਕਾਂ ਨੇ ਕੈਪਟਨ ਦੇ ਇਹਨਾਂ ਦੋਵਾਂ ਕਦਮਾਂ ਦਾ ਬਹੁਤ ਬੁਰਾ ਮਨਾਇਆ ਸੀ। ਉਹਨਾਂ ਕਿਹਾ ਕਿ ਹੁਣ ਤਾਂ ਸਾਰੇ ਹੱਦ ਬੰਨੇ ਟੱਪਕੇ ਵਿਧਾਨ ਸਭਾ ਵਿਚ ਮਨੁੱਖੀ ਅਧਿਕਾਰਾਂ ਦੇ ਘਾਣ ਲਈ ਜ਼ਿੰਮੇਵਾਰ ਅਤੇ ਸਿੱਖ ਨੌਜਵਾਨਾਂ ਦਾ ਕਾਤਲ ਸਮਝੇ ਜਾਂਦੇ ਵਿਅਲਤੀ ਨੂੰ ਸ਼ਰਧਾਂਜਲੀ ਦੇ ਕੇ ਕੈਪਟਨ ਦੀ ਅਗਵਾਈ ਹੇਠ ਵਿਧਾਇਕਾਂ ਨੇ ਗਿੱਲ ਦੀ ਕਮਾਂਡ ਹੇਠ ਕੀਤੇ ਗਏੇ ਜ਼ਬਰੀ ਲਾਪਤਾ, ਝੂਠੇ ਮੁਕਾਬਲੇ ਅਤੇ ਅਣਮਨੁੱਖੀ ਤਸ਼ੱਦਦ ਨੂੰ ਜਾਇਜ਼ ਠਹਿਰਾਇਆ ਹੈ।
ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:
Obituary To Butcher KPS Gill in Vidhan Sabha: Congress, BJP, AAP Have Insulted Sikh Sentiments …
Related Topics: Captain Amrinder Singh Government, Dal Khalsa International, Fake Encounter, Human Rights of Sikhs, Khalistan Movement, KPS Gill