ਆਮ ਖਬਰਾਂ » ਵਿਦੇਸ਼

ਅਮਰੀਕਾ ਜਾਂਦੇ ਪੰਜਾਬ ਦੇ ਨੋਜਵਾਨਾਂ ਦੀ ਕਿਸ਼ਤੀ ਪਲਟੀ, 20 ਦੀ ਮੌਤ ਹੋਣਾ ਦਾ ਖਦਸ਼ਾ

January 18, 2016 | By

ਬੇਗੋਵਾਲ (17 ਜਨਵਰੀ, 2016): ਆਪਣੀਆਂ ਜਾਨਾਂ ਨੂੰ ਦਾਅ ‘ਤੇ ਲਾਕੇ ਵਿਦੇਸ਼ਾਂ ਵਿੱਚ ਜਾ ਕੇ ਵੱਸਣ ਦੀ ਪ੍ਰਵਿਰਤੀ ਪੰਜਾਬੀ ਨੌਜਵਨਾਂ ‘ਤੇ ਇਸ ਕਦਰ ਭਾਰੂ ਹੈ ਕਿ ਅਨੇਕਾਂ ਜਾਨ ਲੇਵਾ ਹਦਸਿਆਂ ਦੇ ਵਾਪਰਨ ਦੇ ਬਾਵਜ਼ੂਦ ਪੰਜਾਬ ਨੌਝਵਨਾ ਏਜ਼ੰਟਾਂ ਦੇ ਢਹੇ ਚੜਕੇ ਆਪਣੀ ਜਾਨ ਜ਼ੋਖਮ ਵਿੱਚ ਪਾਉਣ ਤੋਂ ਗੁਰੇਜ਼ ਨਹੀਂ ਕਰ ਰਿਹਾ।ਪੰਜਾਬ ਵਿੱਚ ਸਰਕਾਰਾਂ ਦੀਆਂ ਨੀਤੀਆਂ ਦੀ ਬਦੋਲਤ ਤਬਾਅ ਹੋ ਰਹੀ ਕਿਸਾਨੀ, ਪੰਜਾਬ ਵਿੱਚ ਵੱਡੇ ਉਦਯੋਗਿਕ ਕਾਰਖਾਨਿਆਂ ਦੀ ਅਣਹੋਂ ਦ ਸਰਕਾਰੀ ਨੌਕਰੀਆਂ ਦਾ ਨਾ ਮਿਲਣ ਕਰਕੇ ਬੇਰੁਜ਼ਗਾਰੀ ਦੀ ਚੱਕੀ ਵਿੱਚ ਪਿਸ ਰਿਹਾ ਨੌਜਾਵਾਨ ਜ਼ਾਇਜ਼-ਨਾਜ਼ਾਇਜ਼ ਤਰੀਕੇ ਨਾਲ ਵਿਦੇਸ਼ ਜਾਣਾ ਚਾਹੁੰਦਾ ਹੈ, ਪਰ ਕਈ ਵਾਰ ਇਸ ਤਰਾਂ ਕਰਦਿਆਂ ਪੰਜਾਬ ਦੀ ਨੋਜਵਾਨੀ ਨੂੰ ਇਸਦੀ ਬੜੀ ਮਹਿੰਗੀ ਕੀਮਤ ਤਾਰਨੀ ਪਈ ਹੈ।

ਹਾਦਸੇ ਦਾ ਸ਼ਿਕਾਰ ਨੋਜਵਾਨਾਂ ਦੇ ਚਿੰਤਾਗ੍ਰਸਤ ਪਰਿਵਾਰ

ਹਾਦਸੇ ਦਾ ਸ਼ਿਕਾਰ ਨੋਜਵਾਨਾਂ ਦੇ ਚਿੰਤਾਗ੍ਰਸਤ ਪਰਿਵਾਰ

ਅਜਿਹੇ ਹੀ ਇੱਕ ਦਿਲ ਹਾਲਊ ਘਟਨਾ ਸਾਹਮਣੇ ਆਈ ਹੈ। ਬੇਹਤਰ ਜ਼ਿੰਦਗੀ ਜਿਉਣਾ ਦਾ ਸੁਪਨਾ ਲੈ ਕੇ ਵਿਦੇਸ਼ ਜਾਣ ਦੇ ਝਾਂਸੇ ‘ਚ ਫਸੇ 20-21 ਪੰਜਾਬੀ ਨੌਜਵਾਨਾਂ ਦੇ ਦੱਖਣੀ ਅਮਰੀਕੀ ਦੇਸ਼ ਕੋਲੰਬੀਆ ਨੇੜੇ ਕਿਸ਼ਤੀ ਪਲਟਣ ਨਾਲ ਡੁੱਬ ਜਾਣ ਦੇ ਖਦਗ਼ੇ ਦੀਆਂ ਖ਼ਬਰਾਂ ਆ ਰਹੀਆਂ ਹਨ।

ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ ਤੋਂ ਰੋਟੀ ਰੋਜ਼ੀ ਲਈ ਕਵਿਟੋ (ਕੋਲੰਬੀਆ-ਦੱਖਣੀ ਅਮਰੀਕਾ) ਤੋਂ ਕਿਸ਼ਤੀ ਰਾਹੀਂ ਅਮਰੀਕਾ ਜਾ ਰਹੇ 21 ਨੌਜਵਾਨਾਂ ‘ਚੋਂ 20 ਨੌਜਵਾਨਾਂ ਦੇ ਕਿਸ਼ਤੀ ਪਲਟਣ ਨਾਲ ਮਾਰੇ ਜਾਣ ਦਾ ਖ਼ਦਸ਼ਾ ਹੈ ਤੇ ਇਨ੍ਹਾਂ ‘ਚ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਜੈਦ ਦਾ ਨੌਜਵਾਨ ਗੁਰਵਿੰਦਰ ਸਿੰਘ ਤੇ ਟਾਂਡੀ ਔਲਖ ਦੇ ਗੁਰਜੀਤ ਸਿੰਘ ਵੀ ਸ਼ਾਮਿਲ ਹਨ ।

ਥਾਣਾ ਭੁਲੱਥ ਪੁਲਿਸ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਪਿੰਡ ਜੈਦ ਦੇ ਗੁਰਵਿੰਦਰ ਸਿੰਘ ਦੇ ਪਿਤਾ ਬਚਨ ਸਿੰਘ ਦੇ ਬਿਆਨਾਂ ‘ਤੇ ਥਾਣਾ ਭੁਲੱਥ ‘ਚ ਟਰੈਵਲ ਏਜੰਟ ਹਰਭਜਨ ਸਿੰਘ ਵਾਸੀ ਭਟਨੂਰਾ ਤੇ ਕੁਲਵਿੰਦਰ ਸਿੰਘ ਵਾਸੀ ਭੋਗਪੁਰ ਵਿਰੁੱਧ ਧਾਰਾ 420, 406 ਤੇ ਇਮੀਗਰੇਸ਼ਨ ਐਕਟ ਤਹਿਤ ਕੇਸ ਦਰਜ ਕਰਕੇ ਦੋਵਾਂ ਦੀ ਗਿ੍ਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਸ: ਰਾਜਿੰਦਰ ਸਿੰਘ ਐਸ.ਐਸ.ਪੀ. ਕਪੂਰਥਲਾ ਨੇ ਦੱਸਿਆ ਕਿ ਗੁਰਵਿੰਦਰ ਸਿੰਘ ਦੇ ਪਿਤਾ ਬਚਨ ਸਿੰਘ ਨੇ ਪੁਲਿਸ ਨੂੰ ਦਿੱਤੇ ਗਏ ਬਿਆਨਾਂ ‘ਚ ਦੱਸਿਆ ਕਿ ਕਵਿਟੋ ਤੋਂ ਅਮਰੀਕਾ ਜਾਂਦਿਆਂ ਕਿਸ਼ਤੀ ਪਲਟਣ ਨਾਲ ਡੁੱਬੇ 21 ਨੌਜਵਾਨਾਂ ‘ਚੋਂ ਬਚੇ ਲੜੋਈ ਜ਼ਿਲ੍ਹਾ ਜਲੰਧਰ ਦੇ ਇਕ ਨੌਜਵਾਨ ਸੋਨੂੰ ਦੇ ਪਰਿਵਾਰਕ ਮੈਂਬਰਾਂ ਨੇ  ਉਨ੍ਹਾਂ ਨੂੰ ਇਸ ਘਟਨਾ ਬਾਰੇ ਸੂਚਨਾ ਦਿੱਤੀ ਹੈ ।

ਬਚਨ ਸਿੰਘ ਦੇ ਬਿਆਨਾਂ ਮੁਤਾਬਿਕ ਇਸ ਕਿਸ਼ਤੀ ‘ਚ 15 ਵਿਅਕਤੀ ਹੀ ਸਵਾਰ ਹੋ ਸਕਦੇ ਸਨ, ਪ੍ਰੰਤੂ 21 ਵਿਅਕਤੀਆਂ ਦੇ ਬੈਠਣ ਨਾਲ ਇਹ ਕਿਸ਼ਤੀ ਪਲਟ ਗਈ । ਜਿਸ ਕਾਰਨ ਇਹ ਹਾਦਸਾ ਵਾਪਰਿਆ । ਗੁਰਵਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਹੈ ਕਿ ਉਨ੍ਹਾਂ ਹਰਭਜਨ ਸਿੰਘ ਵਾਸੀ ਭਟਨੂਰਾ ਤੇ ਕੁਲਵਿੰਦਰ ਸਿੰਘ ਵਾਸੀ ਭੋਗਪੁਰ ਨੂੰ ਆਪਣਾ ਲੜਕਾ ਅਮਰੀਕਾ ਭੇਜਣ ਲਈ 25 ਲੱਖ ਰੁਪਏ ‘ਚ ਗੱਲ ਤੈਅ ਕੀਤੀ ਸੀ, ਜਿਸ ‘ਚੋਂ 10 ਲੱਖ ਰੁਪਏ ਉਨ੍ਹਾਂ ਪਹਿਲਾਂ ਦੇ ਦਿੱਤੇ ਤੇ ਬਾਕੀ 15 ਲੱਖ ਉਹ ਬਾਅਦ ‘ਚ ਲੈ ਗਏ ।

ਐਸ.ਐਸ.ਪੀ. ਨੇ ਦੱਸਿਆ ਕਿ ਪੁਲਿਸ ਵੱਲੋਂ ਕੁਲਵਿੰਦਰ ਸਿੰਘ ਦਾ ਪੈਟਰੋਲ ਪੰਪ ਬੰਦ ਕਰ ਦਿੱਤਾ ਗਿਆ ਹੈ । ਦੋਸ਼ੀਆਂ ਨੂੰ ਬਹੁਤ ਜਲਦੀ ਗਿ੍ਫ਼ਤਾਰ ਕਰ ਲਿਆ ਜਾਵੇਗਾ । ਬਚਨ ਸਿੰਘ ਨੇ ਦੱਸਿਆ ਕਿ  ਬੀਤੇ ਦਿਨ ਪਿੰਡ ਲੜੋਈ ਦੇ ਇਕ ਲੜਕੇ ਸੋਨੂੰ ਜੋ ਮੇਰੇ ਲੜਕੇ ਨਾਲ ਹੀ ਕਿਸ਼ਤੀ ‘ਚ ਸਵਾਰ ਹੋ ਕੇ ਅਮਰੀਕਾ ਜਾ ਰਿਹਾ ਸੀ ਜੋ ਇਸ ਹਾਦਸੇ ‘ਚ ਬਚ ਗਿਆ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਸਾਰੀ ਘਟਨਾ ਬਾਰੇ ਦੱਸਿਆ । ਸੋਨੂੰ ਦੇ ਪਰਿਵਾਰਕ ਮੈਂਬਰਾਂ ਤੋਂ ਹੀ ਗੁਰਵਿੰਦਰ ਸਿੰਘ ਦੇ ਕਿਸ਼ਤੀ ਹਾਦਸੇ ‘ਚ ਡੁੱਬ ਕੇ ਮਾਰੇ ਜਾਣ ਬਾਰੇ ਜਾਣਕਾਰੀ ਮਿਲੀ ।

ਇਸੇ ਤਰ੍ਹਾਂ ਟਾਂਡੀ ਔਲਖ ਦੇ 27 ਸਾਲਾਂ ਵਿਆਹੁਤਾ ਨੌਜਵਾਨ ਗੁਰਜੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬੀਤੀ 27 ਦਸੰਬਰ ਨੂੰ ਕੁਲਵਿੰਦਰ ਸਿੰਘ ਪੰਪ ਵਾਲਾ ਉਨ੍ਹਾਂ ਦੇ ਘਰ ਆਇਆ ਤੇ ਕਿਹਾ ਕਿ ਉਹ ਉਨ੍ਹਾਂ ਦੇ ਲੜਕੇ ਨੂੰ ਸਿੱਧਾ ਅਮਰੀਕਾ ਭੇਜ ਦੇਵੇਗਾ, ਉਨ੍ਹਾਂ ਦੀ ਵੀ 25 ਲੱਖ ਰੁਪਏ ‘ਚ ਗੱਲ ਹੋਈ । ਗੁਰਜੀਤ ਸਿੰਘ ਦੇ ਪਿਤਾ ਨੇ ਦੱਸਿਆ ਕਿ ਕਿਸ਼ਤੀ ਡੁੱਬਣ ਦੀ ਜਾਣਕਾਰੀ ਸਾਨੂੰ ਦੋ ਦਿਨ ਪਹਿਲਾਂ ਮਿਲ ਗਈ ਸੀ, ਇਹ ਘਟਨਾ ਸਬੰਧਿਤ ਏਜੰਟ ਨਾਲ ਵੀ ਸਾਂਝੀ ਕੀਤੀ । ਪ੍ਰੰਤੂ ਉਸਨੇ ਸਾਨੂੰ ਭਰੋਸਾ ਦਿਵਾਇਆ ਸੀ ਕਿ ਉਹ ਦੋ ਦਿਨ ਤੱਕ ਉਨ੍ਹਾਂ ਦੇ ਲੜਕੇ ਨਾਲ ਗੱਲ ਕਰਵਾ ਦੇਵੇਗਾ । ਉਨ੍ਹਾਂ ਕਿਹਾ ਕਿ ਅਜੇ ਤੱਕ ਏਜੰਟ ਨੇ ਉਨ੍ਹਾਂ ਦੀ ਗੱਲ ਨਹੀਂ ਕਰਵਾਈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,