February 3, 2025 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ: ਸੰਤ ਅਤਰ ਸਿੰਘ ਜੀ ਮਸਤੂਆਣਾ ਸਾਹਿਬ (ਸੰਗਰੂਰ) ਵਾਲਿਆਂ ਦੀ 98ਵੀਂ ਬਰਸੀ ਨੂੰ ਸਮਰਪਿਤ ਕਰਵਾਏ ਜਾਂਦੇ ਜੋੜ ਮੇਲੇ ਦਾ ਮਾਹੌਲ ਇਸ ਸਾਲ ਬਿਲਕੁਲ ਗੁਰਮਤਿ ਅਨੁਸਾਰੀ ਰਿਹਾ। ਗੁਰਦੁਆਰਾ ਸਾਹਿਬ ਦੀ ਹਦੂਦ ਅੰਦਰ ਸਿਰਫ ਗੁਰਮਤਿ ਸਾਹਿਤ, ਕਕਾਰਾਂ ਆਦਿ ਦੀਆਂ ਦੁਕਾਨਾਂ ਹੀ ਅਤੇ ਦਸਤਾਰ ਸਿਖਲਾਈ ਕੈਂਪ, ਖੂਨਦਾਨ ਕੈਂਪ ਅਤੇ ਖੇਤੀਬਾੜੀ ਨਾਲ ਸਬੰਧਤ ਪ੍ਰਦਰਸ਼ਨੀਆਂ ਹੀ ਲੱਗੀਆਂ। ਇਸ ਮੌਕੇ ਖਿਡੌਣਿਆਂ ਆਦਿ ਦੀਆਂ ਦੁਕਾਨਾਂ ਗੁਰਦੁਆਰਾ ਸਾਹਿਬ ਦੀ ਹਦੂਦ ਤੋ ਬਾਹਰ ਸਨ। ਹਰ ਸਾਲ ਦੀ ਤਰ੍ਹਾਂ ਵੱਡੇ ਇਕੱਠ ਦੇ ਮੱਦੇਨਜ਼ਰ ਵੱਖ ਵੱਖ ਪਿੰਡਾਂ ਵੱਲੋਂ ਲਗਾਏ ਜਾਂਦੇ ਲੰਗਰਾਂ ਵਿੱਚ ਸਪੀਕਰ, ਨੌਜਵਾਨਾਂ ਵੱਲੋਂ ਟਰੈਕਟਰਾਂ ਤੇ ਡੈੱਕ ਅਤੇ ਨਾ ਹੀ ਝੂਲੇ ਲਗਾਏ ਗਏ।

ਸੰਤ ਅਤਰ ਸਿੰਘ ਜੀ ਮਸਤੂਆਣਾ ਸਾਹਿਬ (ਸੰਗਰੂਰ) ਵਾਲਿਆਂ ਦੀ 98ਵੀਂ ਬਰਸੀ ਨੂੰ ਸਮਰਪਿਤ ਕਰਵਾਏ ਜਾਂਦੇ ਜੋੜ ਮੇਲੇ ਵਿੱਚ ਹਾਜ਼ਰ ਸੰਗਤਾਂ ਦਾ ਇਕ ਦ੍ਰਿਸ਼।
ਸ. ਜਸਵੰਤ ਸਿੰਘ ਖਹਿਰਾ ਸਕੱਤਰ ਅਕਾਲ ਕਾਲਜ ਕੌਂਸਲ ਨੇ ਦੱਸਿਆ ਗੁਰਦੁਆਰਾ ਸਾਹਿਬ ਦੀ ਹਦੂਦ ਅੰਦਰ ਲੱਗਦੀਆਂ ਦੁਕਾਨਾਂ ਤੋਂ ਗੁਰਦੁਆਰਾ ਸਾਹਿਬ ਨੂੰ ਸਿਰਫ 3 ਦਿਨਾਂ ਚ 23 ਲੱਖ ਰੁਪਏ ਦੀ ਆਮਦਨ ਹੁੰਦੀ ਸੀ ਪ੍ਰੰਤੂ ਪੰਥਕ ਰਵਾਇਤਾਂ ਅਤੇ ਮਰਿਆਦਾ ਸਭ ਤੋ ਉੱਪਰ ਹੈ, ਪੈਸੇ ਲਈ ਸਿਧਾਂਤ ਨਹੀ ਛੱਡੇ ਜਾ ਸਕਦੇ। ਉੱਨਾਂ ਕਿਹਾ ਕਿ ਜਦੋ ਪਾਰਦਰਸਤਾ ਨਾਲ ਸੇਵਾਵਾਂ ਨਿਭਾਉਂਦੇ ਹਾਂ ਤਾਂ ਗੁਰੂ ਅਤੇ ਗੁਰੂ ਦੀ ਸੰਗਤ ਕਦੇ ਕੋਈ ਤੋਟ ਨਹੀ ਆਉਣ ਦਿੰਦੀ। ਸੰਗਤਾਂ ਦੇ ਸਹਿਯੋਗ ਨਾਲ ਪੂਰਨ ਤੌਰ ਤੇ ਸ਼ੋਰ ਸਰਾਬੇ ਤੋਂ ਬਚਾਅ ਰਿਹਾ , ਜਿਹੜਾ ਸੁਰਤ ਨੂੰ ਸ਼ਬਦ ਨਾਲ ਜੋੜਨ ਚ ਅੜਿੱਕਾ ਬਣਦਾ ਹੈ।

ਭਾਈ ਹਰਜਿੰਦਰ ਸਿੰਘ ਮਾਝੀ ਸੰਗਤਾਂ ਨਾਲ ਵਿਚਾਰ ਸਾਂਝੇ ਕਰਦੇ ਹੋਏ।
ਜੋੜ-ਮੇਲ ਦਾ ਮਾਹੌਲ ਗੁਰਮਤਿ ਅਨੁਸਾਰ ਹੋਣ ਤੇ ਖੁਸੀ ਜ਼ਾਹਿਰ ਕਰਦਿਆਂ ਭਾਈ ਹਰਜਿੰਦਰ ਸਿੰਘ ਮਾਝੀ ਨੇ ਕਿਹਾ ਕਿ ਮਸਤੂਆਣਾ ਸਾਹਿਬ ਦੇ ਜੋੜ-ਮੇਲ ਦੇ ਮਾਹੌਲ ਵਿਚ ਸੁਧਾਰ ਲਿਆਉਣ ਦਾ ਯਤਨ ਕਰ ਰਹੀਆਂ ਸੰਗਤਾਂ ਅਤੇ ਜੋੜ-ਮੇਲੇ ਦੇ ਪ੍ਰਬੰਧਕਾਂ ਦਾ ਸਾਨੂੰ ਸਾਥ ਦੇਣਾ ਚਾਹੀਦਾ ਹੈ ਤਾ ਜੋ ਸਿੱਖਾਂ ਦੇ ਸਾਰੇ ਇਤਿਹਾਸਕ ਜੋੜ ਮੇਲੇ ਪੰਥਕ ਰਵਾਇਤਾਂ ਅਨੁਸਾਰੀ ਹੋਣ।
ਸਮਾਗਮ ਦੌਰਾਨ ਵੱਖ-ਵੱਖ ਰਾਜਸੀ ਪਾਰਟੀਆਂ ਦੇ ਪਹੁੰਚੇ ਨੁੰਮਾਇੰਦਿਆਂ ਨੇ ਤਕਰੀਬਨ ਮਰਿਆਦਾ ਦੇ ਦਾਇਰੇ ਚ ਰਹਿ ਕੇ ਆਪਣੇ ਵਿਚਾਰ ਸੰਗਤਾਂ ਦੇ ਸਨਮੁੱਖ ਰੱਖੇ। ਜ਼ਿਕਰਯੋਗ ਹੈ ਕਿ ਸਿੱਖ ਜਥਾ ਮਾਲਵਾ ਵੱਲੋਂ ਸਿੱਖ ਧਾਰਮਿਕ ਤੇ ਇਤਿਹਾਸਕ ਜੋੜ-ਮੇਲਾਂ ਵਿਚ ਸਿੱਖੀ ਰੰਗਤ ਦੀ ਥਾਂ ਦੁਨਿਆਵੀ ਰੰਗ-ਤਮਾਸ਼ਿਆਂ ਦਾ ਪ੍ਰਭਾਵ ਵਧਣ ਕਰਕੇ ਇਹਨਾ ਜੋੜ-ਮੇਲਾਂ ਦੇ ਮਹੌਲ ਵਿਚ ਆਏ ਵਿਗਾੜ ਨੂੰ ਦਰੁਸਤ ਕਰਕੇ ਜੋੜ ਮੇਲਿਆਂ ਦਾ ਮਾਹੌਲ ਗੁਰਮਤਿ ਅਨੁਸਾਰ ਕਰਨ ਲਈ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ, ਇਲਾਕੇ ਦੀ ਸੰਗਤ, ਲੰਗਰ ਕਮੇਟੀਆਂ, ਨੌਜਵਾਨ ਕਲੱਬਾਂ, ਸੇਵਾ ਸੁਸਾਇਟੀਆਂ ਦਾ ਪੂਰਨ ਸਹਿਯੋਗ ਨਾਲ ਮਿਸ਼ਨ ਵਿੱਢਿਆ ਹੋਇਆ ਹੈ।
Related Topics: Akaal Council Mastuana Sahib, Bhai Harjinder Singh Majhi, Mastuana Sahib Jorh Mela 2025, Sant Atar Singh Mastuana, Sikh Jatha Malwa