ਚੋਣਵੀਆਂ ਲਿਖਤਾਂ » ਲੇਖ

ਕਿਰਦਾਰ

October 26, 2024 | By

” ਗੁਫਤਾਰ ਕਾ ਜੇ ਗਾਜੀ ਤੋ ਬਨਾ,
ਕਿਰਦਾਰ ਕਾ ਗਾਜੀ ਬਨ ਨਾ ਸਕਾ” (ਮੁਹੰਮਦ ਇਕਬਾਲ)

ਕਿਰਦਾਰ ਸਿੱਖ ਦੀ ਬੁਨਿਆਦ ਹੈ, ਇਹ ਬੁਨਿਆਦ ਕਿਸੇ ਦੀ ਘੱਟ ਅਤੇ ਕਿਸੇ ਦੀ ਵਧੇਰੇ ਮਜਬੂਤ ਤਾਂ ਹੋ ਸਕਦੀ ਹੈ , ਪਰ ਕੀ ਭਲਾ ਕਿਰਦਾਰ ਤੋਂ ਬਿਨਾ ਸਿੱਖੀ ਕਿਆਸੀ ਜਾ ਸਕਦੀ ਹੈ? ਗੁਰੂ ਸਾਹਿਬ ਨੇ ਇਸ ਕਿਰਦਾਰ ਨੂੰ ਰਬਾਬ ਦੀਆ ਮਧੁਰ ਧੁਨਾ ਨਾਲ ਰੋਸ਼ਨਾਇਆ। ਜਦੋ ਗੁਰੂ ਨਾਨਕ ਸਾਹਿਬ ਨੂੰ ਮੁਲਾ ਅਤੇ ਕਾਜੀਆ ਨੇ ਪੁਛਿਆ ਕੇ ਹਿੰਦੂ ਵੱਡਾ ਹੈ ਜਾ ਮੁਸਲਮਾਨ ਤਾਂ ਗੁਰੂ ਸਾਹਿਬ ਨੇ ਆਖਿਆ “ਬਾਬੇ ਆਖੇ ਹਾਜੀਆਂ ਸੁੱਭਿ ਅਮਲਾ ਬਾਝਹੁ ਦੋਨੋ ਰੋਈ”। ਇਸ ਬੁਲੰਦ ਕਿਰਦਾਰ ਤੋ ਹੀ ਤਾ ਸਦਾ ਸਮੇ ਦੀਆ ਤਾਕਤਾ ਨੂੰ ਖੋਫ ਆਉਦਾ ਸੀ, ਬੁਲੰਦ-ਕਿਰਦਾਰ ਹੀ ਤਾ ਸਿੱਖਾ ਦੇ ਇਤਿਹਾਸ ਵਿਚ ਜਲੋਅ ਪੈਦਾ ਕਰ ਸਕੇ , ਜੋਕਿ ਅੱਜ ਵੀ ਸਾਡੀ ਪ੍ਰੇਰਣਾ ਦਾ ਸਰੋਤ ਬਣ ਰਿਹਾ ਹੈ। ਇਸ ਬੁਲੰਦ ਕਿਰਦਾਰ ਕਰਕੇ ਹੀ ਧੀਆ ਭੈਣਾ ਔੜ ਸਮੇਂ ਸਿੱਖ ਦਾ ਆਸਰਾ ਭਾਲਦੀਆ ਹਨ, ਇਹ ਗੱਲ ਆਪਾ ਅਜੇ ਵੀ ਅੰਛਕ ਰੂਪ ‘ਚ ਮੌਜੂਦਾ ਸਮੇ ਵਿਚ ਵੇਖ ਸਕਦੇ ਹਾ। ਕਿਰਦਾਰ ਕਰਕੇ ਹੀ ਤਾ ਸਿੱਖਾਂ ਅਤੇ ਬਾਕੀ ਕੌਮਾ, ਫਲਸਫਿਆ, ਖਿਆਲਾ ਵਿੱਚ ਨਿਖੇੜਾ ਹੈ। ਕਿਰਦਾਰ ਦਾ ਦਾਮਨ ਛੱਡ ਕੀ ਸਿੱਖ ਸਮੇਂ ਦੀ ਗਰਦ ਵਿਚ ਗਰਕ ਨਹੀ ਹੋ ਜਾਣਗੇ। ਜਰਮਨ ਦਾਰਸ਼ਨਿਕ ਨੀਤਸ਼ੇ ਦਾ ਖਿਆਲ ਹੈ ਕਿ “ਜਿਹੜਾ ਦਰਖਤ ਅਸਮਾਨ ‘ਚ ਦੂਰ ਤੱਕ ਫੈਲਣਾ ਚਾਹੁੰਦਾ ਹੈ, ਉਸਦੀਆ ਜੜਾ ਜਮੀਨ ਵਿਚ ਵਧੇਰੇ ਡੂਘੀਆ ਹੋਣੀਆ ਚਾਹੀਦੀਆ ਹਨ , ਨਹੀ ਤਾ ਹਲਕੀ ਜਹੀ ਹਨੇਰੀ ਜੜੋ ਪੁੱਟ ਸੁੱਟੇਗੀ”।

ਸੋ ਬੁਲੰਦ ਕਿਰਦਾਰ ਅਮਲਾ ਨੂੰ ਸਚਿਆਰੇ ਕਰਨ ਨਾਲ ਮਿਲਦਾ ਹੈ, ਮਨ ਨੂੰ ਸਾਧਣਾ ਹੁੰਦਾ ਹੈ, ਅਤੇ ਸਿੱਖ ਨੇ ਨਿਰੰਤਰ ਗੁਰੂ ਦੇ ਹੁਕਮ ਨੂੰ ਪਾਲਣਾ ਹੈ। ਹੁਕਮ ਦੀ ਪਾਲਣਾ ਵਿਚੋਂ ਹੀ ਸਿੱਖ ਧਰਤੀ ਤੇ ਸ਼ਹਾਨਾ ਕਦਮ ਰੱਖ ਸਕੇਗਾ, ਅਤੇ ਭਾਈ ਬਚਿੱਤਰ ਸਿੰਘ ਦੀ ਤਰ੍ਹਾਂ ਗੁਰੂ ਦੇ ਧਾਪੜੇ ਸਦਕਾ ਨਾਗਣੀ ਲੈ ‘ਗਰੂਰ ਵਿਚ ਮਦਮਸਤ ਕੂੜ’ ਨੂੰ ਬਿੰਨੇਗਾ। ਹੁਕਮ ਵਿਚ ਪ੍ਰਵਿਰਤ ਸਖਸ਼ੀਅਤਾਂ ਹੀ ‘ਹਲੀਮੀ ਰਾਜ’ ਦੀ ਸਥਾਪਤੀ ਦਾ ਜਰੀਆ ਬਣਨਗੀਆ , ਖਗੋਲ ਅਕਲੀ ਚਤੁਰਾਈਆ ਦੇ ਪੈਤੜਿਆ ਨਾਲ ਬਾਕੀ ਕੌਮਾ ਦੀ ਤਰ੍ਹਾਂ ਕਾਬਜ ਤਾਂ ਹੋਇਆ ਜਾ ਸਕਦਾ ਹੈ ਪਰ ਉਸ ਵਿਚੋ ਸ਼ਾਇਦ ‘ਖਾਲਸੇ ਦੀ ਸਪਿਰਟ ‘ ਗਾਇਬ ਹੋਵੇ।

ਪਰ ਮੌਜੂਦ ਚਿੰਨਤ ਦੀਆ ਨਵੀਨ ਧਰਾਵਾ ਜਾ  ਦਿਸ਼ਾਵਾਂ ਕਿਰਦਾਰ ਦੀ ਮਜਬੂਤੀ ਤੇ ਜੋਰ ਦੇਣ ਵਾਲੀਆ ਅਨੁਭਵੀ ਧਰਾਵਾ ਦੀ ਖਿਲਾਫਤ ਕਰਦੀਆ ਹਨ, ਫਲਸਫੇ ਦੇ  ਖਾਰੇ ਸਮੁੰਦਰ ਵਿਚ ਤਾਰੀ ਲਾਉਣ ਵਾਲੇ ਥੀਓਲੋਜਿਸਟ ਸਿੱਖੀ ਨੂੰ ਵੀ ਬਾਇਨਰੀ ਵਿਚ ਵੇਖਣ ਲਈ ਮੋਹਤਾਜ ਹਨ, ਕਿਉਂਕਿ ਉਨ੍ਹਾਂ ਕੋਲ ਕੋਈ ਅਜਾਦ ਅਤੇ ਸਪੀਰਚੁਅਲ ਵੀਜ਼ਨ ਨਹੀ । ਉਹ ਨਹੀ ਸਮਝ ਸਕਦੇ ਜਦੋ ਭਾਈ ਵੀਰ ਸਿੰਘ ‘ਵਲਵਲੇ’ ਵਿਚ ਆਖਦੇ ਹਨ ” ਜਿਨਾ ਉਚਾਈਆ ਉਤੋ ‘ਬੁੱਧੀ’ ਖੰਭ ਸਾੜ ਢੱਡੀ , ਮੱਲੋ ਮੱਲੀ ਉਥੇ ਦਿਲ ਮਾਰਦਾ ਉਡਾਰੀਆ” । ਕਿਰਦਾਰ ਨੂੰ ਬੁਲੰਦ ਕਰਨ ਦਾ ਸੰਕਲਪ ਉਨਾ ਦੇ ਤਸੱਵਰ ਵਿਚ ਸਿੱਖੀ ਨੂੰ ‘ਮਿਸਟਿਸਮ’ ਦੇ ਹਨੇਰੇ ਵਿੱਚ ਧਕੇਲਣਾ ਹੈ ਜਿਸ ਕਾਰਨ ਪੰਥ ‘ਮੋਨੋਥੀਇਜਮ’ ਦੀ ਸੁੰਨ ਤੇ ਨਿਰਾਕਾਰਤਾ ਵਿਚ ਗੁਆਚ ਜਾਵੇਗਾ। ਕਦੀ ਕਹਿੰਦੇ ਕੇ ਕਿਰਦਾਰ ਬੁਲੰਦ ਕਰਨ ਦਾ ਸੰਕਲਪ ਜਰਮਨੀ ਫਿਲਾਸਫਰ ਹੀਗਲ ਦੀ ਸਬਜੈਕਟੀਵਿਟੀ ਵਿਚੋ ਅਕਾਰਗਤ ਹੁੰਦਾ ਹੈ ਅਤੇ ਪੰਥ ਦਾ ਧਿਆਨ ਜਿਸਵਿਚੋ ਸੰਸਥਾਵਾਂ, ਸਰਬੱਤ ਦੇ ਭਲੇ ਦੀ ਪ੍ਰਥਾਇ ਯੋਗ ਅਮਲਾ ਨੇ ਪ੍ਰਕਾਸ਼ਿਤ ਹੋਣਾ ਹੈ ,ਵੀ ਆਪਣਾ ਧਿਆਨ ਅੰਦਰੂਨੀ ਸੰਸਾਰ ਵਿੱਚ ਲੈ ਬੇਕਾਰ ਹੋ ਜਾਦੇ ਹਨ ।

ਸੋ ਫਿਲਸੋਫੀਕਲ ਇਨਵੈਸਟੀਕੇਸ਼ਨ ਦੇ ਸਫਰ ਦੀਆ ਅਨੇਕਾ ਲੀਮੀਟੇਸ਼ਨਸ ਹਨ , ਫਿਲਸੋਫੀਕਲ ਮਾਇਡ ਦੀ ਤਲਾਸ਼ ਇਨਵੈਸਟੀਗੇਟ ਕਰਨਾ ਹੈ ਜਿਸ ਵਿੱਚ ਅਬਸਟੈਕਟ ਫੈਕਟਸ ਮੁੱਖ ਸਹਾਰਾ ਹੁੰਦੇ ਹਨ । ਅਨੁਭਵ ਦੇ ਸਮੁੱਚੇ ਪਸਾਰ ਉਸਦੀ ਬੇਤਰਸ ਪਕੜ ਵਿਚ ਨਹੀ ਆ ਸਕਦੇ। ਸੋ ਇਸੇ ਕਾਰਨ ਅਜਿਹੀਆ ਚੇਤਨਾਵਾ ਸਿੱਖੀ ਦੀ ਦੋਹਾ ਜਹਾਨਾ ਨੂੰ ਆਪਣੀ ਨਵਾਜਿਸ਼ ਵਿਚ ਲੈ ਰਹੀ ਮਹਾ ਪਰਵਾਜ਼ ਵਿਖਾਈ ਨਹੀ ਦਿੰਦੀ । ਸਿੱਖੀ ਵਿਚ ਹਲਤ ਅਤੇ ਪਲਤ , ਮੀਰੀ ਅਤੇ ਪੀਰੀ, ਦੀਨ ਅਤੇ ਦੁਨੀਆ ਦੋਨਾ ਪਸਾਰਾ ਦਾ ਵਰਟੀਕਲ ਅਤੇ ਹੋਰੀਜੈਟਲ ਦੀ ਗੱਲ ਅਨੇਕਾ ਦ੍ਰਿਸ਼ਟਾਤਾ ਦੇ ਜਰੀਏ ਚਲਦੀ ਹੈ। ਪਰ ਇਥੇ  ‘ਆਦਿ ਸ਼ੰਕਰ’ ਦੇ ‘ਅਦਵੈਤਵਾਦ’ ਵਿਚੋਂ ਸਿਰਜਿਤ ਤ੍ਰਿਸਕਾਰਿਤ ਦਵੈਤ ਜਿਹਾ ਦਵੰਧ ਨਹੀ ਹੈ , ਸਗੋ ਕਰਤਾ ਅਤੇ ਕਿਰਤ ਇਕਮਿਕ ਹਨ, “ਇਹੁ ਜਗੁ ਸਚੈ ਕੀ ਹੈ ਕੋਠੜੀ ਸਚੇ ਕਾ ਵਿਚਿ ਵਾਸੁ”। ਇਸ ਮਹਾਵਾਕ ਵਿਚ ਰਾਜ ਦਾ ਸੰਕਲਪ ਅਤੇ ਸੰਸਥਾਵਾਂ ਦੀ ਸਿਰਜਣਾ ਦਾ ਰਾਜ ਪਿਆ ਹੈ। ਇਸਤੋ ਸਾਫ ਜਾਹਿਰ ਹੈ ਕਿ ਸਿੱਖੀ ਸਿਰਫ ਮਿਸਟਿਸਮ ਵਿਚ ਹੀ ਸਿਮਟ ਕੇ ਨਹੀ ਰਹਿ ਜਾਦੀ ,ਸਗੋ ਇਸਦੇ ਰਹਿਮ ਦੀ ਦ੍ਰਿਸ਼ਟੀ ਲਗਾਤਾਰ ਤੇ ਨਿਰੰਤਰ ਇਸ ਜਗਤ ਲਈ ਪ੍ਰਉਪਕਾਰ ਕਰਨ ਲਈ ਸਹਾਈ ਰਹਿੰਦੀ ਹੈ ਅਤੇ ਇਸ ਤਰਾ ਸਰਬੱਤ ਦਾ ਭਲਾ ਖਾਲਸੇ ਦੀ ਅਰਦਾਸ ਦਾ ਅਨਿੱਖੜ ਅੰਗ ਬਣ ਜਾਂਦਾ ਹੈ। ਪਰ ਕਿਰਦਾਰ ਬੁਨਿਆਦ ਹੈ ਜਿਸ ਬਾਰੇ ਆਪਾ ਪਹਿਲਾ ਵੀ ਗੱਲ ਕਰ ਚੁੱਕੇ ਹਾ ,  ‘ਡਾ ਇਕਬਾਲ’ ਅਨੁਸਾਰ ਬਿਨਾ ਧਰਮ ਤੇ ਕਿਰਦਾਰ ਤੋ ਕੀਤੇ ਅਮਲ ” ਜੁਦਾ ਹੋ ਦੀਨ ਸਿਆਸਤ ਸੇ   ਤੋ ਰਹਿ ਜਾਤੀ ਹੈ ਚੰਗੇਜੀ” ਜਿਹਾ ਹਾਲ ਹੋਵੇਗਾ।

~ ਅਮਰਿੰਦਰ ਸਿੰਘ
੧੯.੦੭.੨੦੨੦
ਸਿੱਖ ਸ਼ਹਾਦਤ ਅੰਕ 13

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,