August 29, 2018 | By ਸਿੱਖ ਸਿਆਸਤ ਬਿਊਰੋ
ਅੰਮ੍ਰਿਤਸਰ: ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਪੰਜਾਬ ਮਨੱੁਖੀ ਅਧਿਕਾਰ ਸੰਗਠਨ ਅਤੇ ਮਨੱੁਖੀ ਅਧਿਕਾਰ ਇਨਸਾਫ ਸੰਘਰਸ਼ ਕਮੇਟੀ ਨੇ ਜਾਰੀ ਸਾਂਝੇ ਬਿਆਨ ਵਿੱਚ ਕਿਹਾ ਹੈ ਕਿ ਸ੍ਰੀ ਗੁਰੂ ਗੰ੍ਰਥ ਸਾਹਿਬ ਦੀਆਂ ਬੇਅਦਬੀਆਂ ਤੇ ਬਹਿਬਲ ਗੋਲੀਕਾਂਡ ਬਾਰੇ ਵਿਧਾਨ ਸਭਾ ਵਿਚ ਜਸਟਿਸ ਰਣਜੀਤ ਸਿੰਘ ਵਲੋਂ ਤਿਆਰ ਕੀਤੀ ਰਿਪੋਰਟ ਪੇਸ਼ ਹੋਣ ਤੋਂ ਬਾਅਦ ਬਾਦਲਕਿਆਂ ਨੂੰ ਧਰਤੀ ਵੇਹਲ ਨਹੀਂ ਦੇ ਰਹੀ। ਉਨ੍ਹਾਂ ਕਿਹਾ ਕਿ ਇਸ ਸਾਰੇ ਵਰਤਾਰੇ ਵਿਚ “100 ਦਿਨ ਚੋਰ ਦਾ ਇਨ ਦਿਨ ਸਾਧ ਦਾ” ਵਾਲੀ ਕਹਾਵਤ ਪੂਰੀ ਤਰਾਂ ਢੁਕਦੀ ਹੈ।
ਜਾਰੀ ਲਿਖਤੀ ਬਿਆਨ ਵਿਚ ਕਿਹਾ ਗਿਆ, “ਬਾਦਲਕਿਆਂ ਦੀਆਂ ਦੁਸ਼ਟਾ ਨਾਲ ਯਾਰੀਆਂ ਦੀ ਸ਼ੁਰੂਆਤ 1978 ਤੋਂ ਸ਼ੁਰੂ ਹੋਈ ਸੀ, ਜਿਸ ਕਾਰਨ 13 ਅਪ੍ਰੈਲ ਨੂੰ ਨਿਰਦੋਸ਼ ਸਿਖਾਂ ਦੇ ਖੂਨ ਨਾਲ ਅੰਮ੍ਰਿਤਸਰ ਦੀ ਧਰਤੀ ਰੰਗੀ ਗਈ। ਭਾਵੇ ਬਾਬਾ ਬੂਝਾ ਸਿੰਘ ਤੇ 80 ਹੋਰਨਾਂ ਦੇ ਝੂਠੇ ਮੁਕਾਬਲੇ ਬਣਾਕੇ ਪ੍ਰਕਾਸ਼ ਸਿੰਘ ਬਾਦਲ ਨੇ ਗੁਰੂ ਸਾਹਿਬਾਨ ਦੇ ਨਾਮ ‘ਤੇ ਵਸਦੇ ਪੰਜਾਬ ਦੀ ਧਰਤੀ ਨੂੰ ਕਲੰਕਤ ਕੀਤਾ ਸੀ। ਦੁਸ਼ਟਪੁਣੇ ਦੀਆਂ ਪੌੜੀਆਂ ਚੜਦਿਆਂ ਸ੍ਰੀ ਦਰਬਾਰ ਸਾਹਿਬ ‘ਤੇ ਫੌਜੀ ਹਮਲੇ ਸਮੇਂ ਉਹ ਫਿਰ ਇੰਦਰਾਕਿਆਂ-ਭਾਜਪਾ, ਆਰਐਸਐਸ ਵਲੋਂ ਕੀਤੀ ਯੋਜਨਾਬੰਦੀ ਵਿਚ ਸ਼ਾਮਲ ਹੋਇਆ।”
ਉਨ੍ਹਾਂ ਕਿਹਾ ਕਿ ਸੰਤ ਭਿੰਡਰਾਂਵਾਲਿਆਂ ਨੂੰ ਬਾਦਲਕਿਆਂ ਦੀ ਕਰਤੂਤ ਦੀ ਪੂਰੀ ਜਾਣਕਾਰੀ ਸੀ ਤੇ ਉਹ ਜਾਣਦੇ ਸਨ ਕਿ ਉਨ੍ਹਾਂ ਦੇ ਕਤਲ ਦੀਆਂ ਸਾਜਿਸ਼ਾਂ ਰਚੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਬਾਦਲ ਦਾ ਦੁਸ਼ਟਾਂ ਨਾਲ ਯਾਰੀਆਂ ਦਾ ਸਿਲਸਿਲਾ ਜਾਰੀ ਰਿਹਾ ਜਿਸ ਦੀ ਗਵਾਹੀ ਕੇ. ਪੀ. ਐਸ. ਗਿੱਲ ਦਾ ਦਾਅਵਾ ਭਰਦਾ ਹੈ ਕਿ ਇਕੋ ਇਕ ਰਾਜਨੀਤਿਕ ਪ੍ਰਕਾਸ਼ ਸਿੰਘ ਬਾਦਲ ਸੀ ਜੋ ਰਾਤ ਦੇ ਹਨੇਰਿਆ ਵਿੱਚ ਉਹਨਾਂ ਨਾਲ ਘੰਟੇ ਬੱਧੀ ਮੀਟਿੰਗ ਕਰਦਾ ਸੀ। ਇਹਨਾਂ ਮੀਟਿੰਗਾਂ ਵਿੱਚ ਪੰਜਾਬ ਦੇ ਜਾਇਆਂ ਨੂੰ ਝੂਠੇ ਮੁਕਾਬਲਿਆਂ ਵਿੱਚ ਖਤਮ ਕਰਨ ਦੇ ਫੈਸਲੇ ਹੰੁਦੇ ਸਨ।
ਉਨ੍ਹਾਂ ਕਿਹਾ ਕਿ ਇਸੇ ਲੜੀ ਵਿੱਚ ਹੋਰ ਅੱਗੇ ਵਧਦਿਆ 1997 ਵਿੱਚ ਬਾਦਲਕਿਆਂ ਦੀ ਸਰਕਾਰ ਬਣਨ ਤੋਂ ਬਾਅਦ ਨਾ ਫੌਜੀ ਹਮਲੇ ਅਤੇ ਨਾ ਝੂਠੇ ਮੁਕਾਬਲਿਆਂ ਦੀ ਕੋਈ ਪੜਤਾਲ ਕਰਵਾਈ ਗਈ। ਉਨ੍ਹਾਂ ਕਿਹਾ ਕਿ 15 ਸਾਲਾਂ ਦੇ ਰਾਜ ਦੌਰਾਨ ਬਾਦਲਕਿਆਂ ਨੇ ਸੁਮੇਧ ਸੈਣੀ, ਇਜ਼ਹਾਰ ਆਲਮ, ਉਮਰਾਨੰਗਲ ਵਰਗੇ ਕਾਤਲ ਅਫਸਰਾਂ ਨੂੰੂ ਤਰੱਕੀਆਂ ਦਿੱਤੀਆ ਅਤੇ ੳੱੁਚੇ ਅਹੁਦੇ ਦਿੱਤੇ।
ਉਹਨਾਂ ਕਿਹਾ ਕਿ ਬਾਦਲ ਨੇ ਪੰਥ ਦੇ ਦੋਖੀ ਪੂਹਲੇ ਅਤੇ ਸਰਸੇ ਵਾਲੇ ਨਾਲ ਵੀ ਯਾਰੀ ਪਾਈ। ਬਿਆਨ ਵਿਚ ਕਿਹਾ ਗਿਆ, “ਬਾਦਲਾਂ ਨੇ ਸਰਸੇ ਵਾਲੇ ਖਿਲਾਫ ਦਰਜ ਕੀਤਾ ਕੇਸ ਵਾਪਿਸ ਲੈ ਲਿਆ। ਫਿਰ ਸਰਸੇ ਵਾਲੇ ਅਤੇ ਝੂਠੇ ਮੁਕਾਬਲੇ ਬਣਾਉਣ ਵਾਲੇ ਪੁਲਿਸ ਅਧਿਕਾਰੀ ਦੀ ਮਦਦ ਨਾਲ ਗੁਰੂ ਗੰ੍ਰਥ ਸਾਹਿਬ ਦੀ ਬੇਅਦਬੀ ਦੇ ਅਪਰਾਧ ਕੀਤੇ ਤੇ ਬਹਿਬਲ ਕਲਾ ਕਾਂਡ ਵਾਪਰਿਆ।”
ਬਿਆਨ ਵਿਚ ਕਿਹਾ ਗਿਆ ਕਿ ਵਿਧਾਨ ਸਭਾ ਦੀ ਕਾਰਵਾਈ ਦੌਰਾਨ ਕਾਂਗਰਸੀ ਵਿਧਾਇਕ ਜਲ੍ਹਿਆਂਵਾਲਾ ਬਾਗ ਦੇ ਕਾਂਡ ਨੂੰ ਤਾਂ ਵਾਰ ਵਾਰ ਯਾਦ ਕਰਦੇ ਰਹੇ ਪਰ ਉਨ੍ਹਾਂ ਨੂੰ ਸ੍ਰੀ ਦਰਬਾਰ ਸਾਹਿਬ ਉਪਰ 72 ਘੰਟੇ ਤੋਪਾਂ ਟੈਂਕਾਂ ਨਾਲ ਹੋਇਆ ਹਮਲਾ ਨਜਰ ਨਾ ਅਇਆ। “ਇਸ ਸਮੇਂ ਕਾਂਗਰਸੀਆਂ ਨੇ ਆਪਣੇ ਆਪ ਨੂੰ ਸੱਚੇ-ਸੱੁਚੇ ਸਿੱਖ ਸਾਬਿਤ ਕਰਨ ਦੇ ਬੜੇ ਦਮ-ਗਜੇ ਮਾਰੇ ਪਰ ਉਹ ਭੱੁਲ ਗਏ ਕਿ ਫੌਜੀ ਹਮਲੇ, ਨਵੰਬਰ 84 ਕਤਲੇਆਮ ਅਤੇ ਝੂਠੇ ਮੁਕਾਬਲਿਆ ਤੋਂ ਬਾਅਦ ਕਾਂਗਰਸ ਇੱਕ ਕੋਲੇ ਦੀ ਨਿਆਈ ਹੈ ਜਿਸ ਨੂੰ ਲੱਖਾਂ ਵਾਰ ਦੱੁਧ ਦਹੀ ਨਾਲ ਧੋਈਏ ਅਤੇ ਭਾਵੇਂ ਜਿੰਨੀ ਵਾਰੀ ਮਰਜੀ ਮਹਿੰਗੇ ਸਾਬਣਾ ਨਾਲ ਧੋਈਏ ਇਸ ਦਾ ਰੰਗ ਚਿੱਟਾ ਨਹੀਂ ਹੋ ਸਕਦਾ।”
Related Topics: Khalra Mission Organisation, Parkash Singh Badal, Punjab Government