April 16, 2015 | By ਸਿੱਖ ਸਿਆਸਤ ਬਿਊਰੋ
ਜਲੰਧਰ (15 ਅਪ੍ਰੈਲ, 2015): ਹਰਿੰਦਰ ਸਿੱਕਾ ਦੀ ਸਿੱਖ ਸਿਧਾਂਤਾਂ ‘ਤੇ ਵਾਰ ਕਰਦੀ ਵਿਵਾਦਤ ਫਿਲਮ “ਨਾਨਕ ਸ਼ਾਹ ਫਕੀਰ” ਵਿੱਚ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਸਾਹਿਬ ਅਤੇ ਸਤਿਕਾਰਤ ਸ਼ਖਸ਼ੀਅਤਾਂ ਭਾਈ ਮਰਦਾਨਾ ਜੀ ਅਤੇ ਬੇਬੇ ਨਾਨਕੀ ਜੀ ਨੂੰ ਦ੍ਰਿਸ਼ਮਾਨ ਕਰਨ ਨੂੰ ਲੈ ਕੇ ਸਿੱਖ ਜਥੇਬੰਦੀਆਂ ਵੱਲੋਂ ਅੱਜ ਜਲੰਧਰ ਸਥਿਤ ਗੁਰਦੁਆਰਾ ਨੌਵੀਂ ਪਾਤਸ਼ਾਹੀ ਵਿਖੇ ਮੀਟਿੰਗ ਹੋਈ।ਜਿਸ ਵਿੱਚ ਫਿਲਮ ਨੂੰ ਰੋਕਣ ਸਬੰਧੀ ਰਣਨੀਤੀ ਉਲੀਕੀ ਗਈ।
ਵਿਵਾਦਤ ਫ਼ਿਲਮ ‘ਨਾਨਕ ਸ਼ਾਹ ਫਕੀਰ’ ‘ਤੇ ਪਾਬੰਦੀ ਲਗਾਉਣ ਦੀ ਮੰਗ ਨੂੰ ਲੈ ਕੇ ਗੁਰਦੁਆਰਾ ਨੌਵੀਂ ਪਾਤਸ਼ਾਹੀ ਗੁਰੂ ਤੇਗ ਬਹਾਦਰ ਨਗਰ ਜਲੰਧਰ ਵਿਖੇ ਵੱਖ-ਵੱਖ ਸਿੱਖ ਜਥੇਬੰਦੀਆਂ ਦੀ ਮੀਟਿੰਗ ਵਿਚ ਦਲ ਖਾਲਸਾ ਦੇ ਪ੍ਰਧਾਨ ਭਾਈ ਹਰਚਰਨਜੀਤ ਸਿੰਘ ਧਾਮੀ, ਕੰਵਰਪਾਲ ਸਿੰਘ ਬੁਲਾਰਾ, ਯੂਨਾਈਟਿਡ ਅਕਾਲੀ ਦਲ ਦੇ ਭਾਈ ਗੁਰਦੀਪ ਸਿੰਘ ਬਠਿੰਡਾ, ਦਮਦਮੀ ਟਕਸਾਲ ਦੇ ਭਾਈ ਸੁਖਦੇਵ ਸਿੰਘ, ਅਕਾਲੀ ਦਲ ਪੰਚ ਪ੍ਰਧਾਨੀ ਦੇ ਭਾਈ ਕੁਲਬੀਰ ਸਿੰਘ ਬੜਾ ਪਿੰਡ ਤੇ ਭਾਈ ਹਰਪਾਲ ਸਿੰਘ ਚੀਮਾ, ਡਾ: ਮਨਜਿੰਦਰ ਸਿੰਘ ਜੰਡੀ, ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ, ਸ: ਪਰਮਿੰਦਰਪਾਲ ਸਿੰਘ ਖਾਲਸਾ ਤੇ ਸੁਰਿੰਦਰਪਾਲ ਸਿੰਘ ਗੋਲਡੀ ਸਿੱਖ ਸੇਵਾ ਸੁਸਾਇਟੀ ਇੰਟਰਨੈਸ਼ਨਲ ਤੋਂ ਇਲਾਵਾ ਸ਼੍ਰੋਮਣੀ ਖਾਲਸਾ ਪੰਚਾਇਤ ਦੇ ਰਾਜਿੰਦਰ ਸਿੰਘ ਚੰਡੀਗੜ੍ਹ, ਮਿਸਲ ਸ਼ਹੀਦਾਂ ਤਰਨਾ ਦਲ ਹਰੀਆਂ ਵੇਲਾਂ ਦੇ ਜਥੇਦਾਰ ਨਾਰੰਗ ਸਿੰਘ ਤੇ ਜਥਾ ਨੀਲੀਆਂ ਫੌਜਾਂ ਦੇ ਭਾਈ ਹਰਜਿੰਦਰ ਸਿੰਘ ਸ਼ਾਮਿਲ ਹੋਏ।
ਕੰਵਲਪਾਲ ਸਿੰਘ ਨੇ ਦੱਸਿਆ ਕਿ ਮੀਟਿੰਗ ਵਿਚ ਮੰਗ ਕੀਤੀ ਗਈ ਹੈ ਕਿ ਫ਼ਿਲਮ ਦਾ ਨਿਰਮਾਤਾ ਫ਼ਿਲਮ ਨੂੰ ਵਾਪਸ ਲਵੇ ਅਤੇ ਦੇਸ਼ ਭਰ ‘ਚ ਫ਼ਿਲਮ ‘ਤੇ ਪਾਬੰਦੀ ਲਗਾਈ ਜਾਵੇ। ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮੰਗ ਕੀਤੀ ਗਈ ਹੈ ਕਿ ਉਹ ਅੱਜ 16 ਅਪ੍ਰੈਲ ਨੂੰ ਸਵੇਰੇ 10 ਵਜੇ ਹਰ ਹਾਲਤ ਵਿਚ ਫ਼ਿਲਮ ‘ਤੇ ਪਾਬੰਦੀ ਲਾਉਣ ਦਾ ਹੁਕਮਨਾਮਾ ਜਾਰੀ ਕਰਨ ਅਤੇ ਫ਼ਿਲਮ ਲਈ ਜਾਰੀ ਪ੍ਰਸੰਸਾ ਪੱਤਰ ਵਾਪਸ ਲਿਆ ਜਾਵੇ।
ਕਿਉਂਕਿ ਸਮੁੱਚੀ ਸਿੱਖ ਕੌਮ ਵੱਲੋਂ ਵਿਆਪਕ ਪੱਧਰ ‘ਤੇ ਸਿੱਖ ਗੁਰੂ ਸਾਹਿਬਾਨ ਨੂੰ ਦ੍ਰਿਸ਼ਮਾਨ ਕਰਨ ਦੇ ਰੋਸ ਵੱਜੋਂ ਇਸ ਫਿਲਮ ਖਿਲਾਫ ਰੋਸ ਅਤੇ ਰੋਹ ਜ਼ਾਹਿਰ ਕਤਿਾ ਜਾ ਰਿਹਾ ਹੈ। ਸਿੱਖ ਨੁਕਤਾ ਨਜ਼ਰ ਤੋਂ ਫਿਲਮ ਵਿੱਚ ਗੁਰੂ ਸਾਹਿਬ ਦਾ ਰੋਲ ਭਾਂਵੇ ਜਿਊਂਦੇ ਬੰਦੇ ਨੇ ਕੀਤਾ ਹੋਵੇ ਤੇ ਭਾਂਵੇ ਉਹਨਾਂ ਦੇ ਸਰੀਰ ਨੂੰ ਕੰਪਿਊਟਰੀ ਰੇਖਾ-ਚਿੱਤਰ ਦੇ ਨਾਲ ਤਿਆਰ ਕੀਤਾ ਗਿਆ ਹੋਵੇ, ਦੋਵੇਂ ਢੰਗਾਂ ਨਾਲ ਸਿੱਖ ਧਰਮ ਦੇ ਸਿਧਾਂਤਾਂ ਦੀ ਉਲੰਘਣਾ ਹੈ ਅਤੇ ਕੌਮ ਲਈ ਇੱਕੋ ਜਿੰਨੇ ਘਾਤਕ ਹਨ। ਸਿੱਖ ਸਿਧਾਂਤਾਂ ਅਨੁਸਾਰ ਕੋਈ ਵੀ ਵਿਅਕਤੀ ਗੁਰੂ ਸਾਹਿਬਾਨ ਅਤੇ ਗੁਰੂ-ਪਰਿਵਾਰ ਨੂੰ ਕਿਸੇ ਵੀ ਮਾਧਿਅਮ ਜਾਂ ਢੰਗ ਰਾਹੀਂ ਦ੍ਰਿਸ਼ਮਾਨ ਨਹੀ ਸਕਦਾ। ਜੇਕਰ ਕੋਈ ਅਜਿਹਾ ਕਰਦਾ ਹੈ ਤਾਂ ਉਹ ਸਿੱਖ ਧਰਮ ਦੇ ਅਸੂਲਾਂ ਅਤੇ ਸਿਧਾਂਤਾਂ ਨਾਲ ਖਿਲਵਾੜ ਕਰ ਰਿਹਾ ਹੁੰਦਾ ਹੈ।
ਸਿੱਖ ਕੌਮ ਦੀ ਵਿਲੱਖਣ ਹਸਤੀ ਨੂੰ ਗੁਰੂ ਦੇ ਸਿਧਾਂਤਕ ਬਿੰਬ ਨਾਲੋਂ ਤੋੜਕੇ ਨੇਸਤੋ-ਨਾਬੂਤ ਕਰਨ ਲਈ ਵਿਰੋਧੀਆਂ ਵੱਲੋਂ ਬਾਕਾਇਦਾ ਇੱਕ ਮਹਿੰਮ ਚਲਾਈ ਜਾ ਰਹੀ ਹੈਇਸ ਮੁਹਿੰਮ ਅਧੀਨ ਬੜੇ ਮਹੀਨ ਹਮਲੇ ਸਿੱਖ ਕੌਮ ਉੱਤੇ ਕੀਤੇ ਜਾ ਰਹੇ ਹਨ। ਸਿੱਖ ਵਿਰੋਧੀ ਬੜੇ ਚਿਰ ਤੋਂ ਇਹ ਨਾਪਾਕ ਚਾਹਤ ਰੱਖਦਾ ਆ ਰਿਹਾ ਹੈ ਕਿ ਸਿੱਖ ਕੌਮ ਦਾ ਸ਼ਬਦ-ਗੁਰੂ ਨਾਲੋਂ ਰਿਸ਼ਤਾ ਟੁੱਟ ਜਾਵੇ ਅਤੇ ਪੰਥ ਅੰਦਰ ਦੇਹ ਨੂੰ ਪੂਜਣ ਦੀ (ਗੈਰ-ਸਿਧਾਂਤਕ) ਪਰੰਪਰਾ ਦਾ ਅਰੰਭ ਹੋ ਜਾਵੇ।ਇੱਕ ਵਾਰੀ ਸ਼ਬਦ-ਗੁਰੂ ਨਾਲੋਂ ਅਲੱਗ ਹੋਇਆ ਸਿੱਖ ਅਨੰਦ ਦੀ ਪ੍ਰਾਪਤੀ ਲਈ ਥਾਂ-ਥਾਂ ਪੁਰ ਗੁਰੂ ਬਣਕੇ ਬੈਠੇ ਦੇਹਧਾਰੀ ਪਖੰਡੀਆਂ ਦੇ ਦਰ ਤੇ ਠੋਕਰਾਂ ਖਾਂਦਾ ਫਿਰੇਗਾ।
ਸਿੱਖ ਵਿਦਵਾਨਾਂ ਵੱਲੋਂ ਫਿਲਮ ਵਿੱਚ ਗੁਰੂ ਸਾਹਿਬ ਅਤੇ ਸਤਿਕਾਰਤ ਸ਼ਖਸ਼ੀਅਤਾਂ ਦੀ ਪੇਸ਼ਕਾਰੀ ਸਬੰਧੀ ਸਿੱਖ ਨੁਕਤਾ ਨਜ਼ਰ ਤੋਂ ਬੜੇ ਗੰਭੀਰ ਸੁਆਲ ਉਠਾਏ ਹਨ, ਜਿਨ੍ਹਾਂ ਦਾ ਨਿਰਮਾਤਾ ਹਰਿੰਦਰ ਸਿੱਕਾ ਵੱਲੋਂ ਕੋਈ ਜਬਾਬ ਨਹੀਂ ਦਿੱਤਾ ਗਿਆ।
Related Topics: Akhand Kirtani Jatha International, Dal Khalsa International, Damdami Taksal, Nanak Shah Fakir Film Controversy, United Akali Dal