ਸਿੱਖ ਖਬਰਾਂ

ਇਸਾਈਆਂ ਦੀ ਧਰਮ ਬਦਲੀ ਕਰਕੇ ਸਿੱਖ ਧਰਮ ਵਿੱਚ ਸ਼ਾਮਲ ਕਰਨ ਦੀ ਕਾਰਵਾਈ ਦੀ ਜੱਥੇਦਾਰ ਸ਼੍ਰੀ ਅਕਾਲ ਤਖਤ ਨੇ ਕੀਤੀ ਨਿਖੇਧੀ

January 1, 2015 | By

jathedar Gurcharn Sinh

ਗਿਆਨੀ ਗੁਰਬਚਨ ਸਿੰਘ

ਅੰਮ੍ਰਿਤਸਰ (31 ਦਸੰਬਰ, 2014): ਹਿੰਦੂਤਵੀ ਜੱਥੇਬੰਦੀ ਰਾਸ਼ਟਰੀ ਸਿੱਖ ਸੰਗਤ ਅਤੇ ਧਰਮ ਜਾਗਰਣ ਮੰਚ ਵੱਲੋਂ ਬਹੁਤ ਸਮਾਂ ਪਹਿਲਾਂ ਇਸਾਈ ਧਰਮ ਵਿੱਚ ਜਾ ਚੁੱਕੇ ਸਿੱਖ ਧਰਮ ਨਾਲ ਸਬੰਧਿਤ ਲੋਕਾਂ ਨੂੰ ਵਾਪਸ ਸਿੱਖ ਧਰਮ ਵਿੱਚ ਸ਼ਾਮਲ ਕਰਨ ਦੀ ਕਾਰਵਾਈ ਦਾ ਸਖਤ ਨੋਟਿਸ ਲੈਦਿਆਂ ਜੱਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਪਿੰਡ ਗੁਰੂ ਕੀ ਵਡਾਲੀ ਸਥਿਤ ਗੁਰਦੁਆਰਾ ਸ਼ਹੀਦ ਭਾਈ ਜੀਵਨ ਸਿੰਘ ਵਿਖੇ ਧਰਮ ਤਬਦੀਲ ਕਰਨ ਦੀ ਵਾਪਰੀ ਘਟਨਾ ਦੀ ਨਿਖੇਧੀ ਕਰਦਿਆਂ ਆਖਿਆ ਹੈ ਕਿ ਇਸ ਮਾਮਲੇ ਦੀ ਰਿਪੋਰਟ ਮੰਗਵਾਈ ਜਾਵੇਗੀ ਅਤੇ ਜਾਂਚ ਮਗਰੋਂ ਪਿੰਡ ਗੁਰੂ ਕੀ ਵਡਾਲੀ ਸਥਿਤ ਗੁਰਦੁਆਰਾ ਸ਼ਹੀਦ ਭਾਈ ਜੀਵਨ ਸਿੰਘ ਦੇ ਪ੍ਰਬੰਧਕਾਂ ਖ਼ਿਲਾਫ਼ ਕਾਰਵਾਈ ਹੋਵੇਗੀ।

ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਅੱਜ ਪੱਤਰਕਾਰ ਸੰਮੇਲਨ ਦੌਰਾਨ ਗੱਲਬਾਤ ਕਰਦਿਆਂ ਇਸ ਘਟਨਾ ਦਾ ਸਖ਼ਤ ਵਿਰੋਧ ਕੀਤਾ ਅਤੇ ਕਿਹਾ ਕਿ ਸਿੱਖ ਧਰਮ ਵਿੱਚ ਧਰਮ ਤਬਦੀਲੀ ਨੂੰ ਕੋਈ ਮਾਨਤਾ ਨਹੀਂ ਹੈ। ਸਿੱਖ ਧਰਮ ਸ਼ੁਰੂ ਤੋਂ ਹੀ ਜਬਰੀ ਧਰਮ ਤਬਦੀਲੀ ਅਤੇ ਲਾਲਚ ਵਸ ਧਰਮ ਤਬਦੀਲੀ ਖ਼ਿਲਾਫ਼ ਰਿਹਾ ਹੈ। ਇਸ ਦਾ ਵਿਰੋਧ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੀ ਸ਼ਹਾਦਤ ਦੇ ਕੇ ਕੀਤਾ ਸੀ ਅਤੇ ਮਗਰੋਂ ਛੋਟੇ ਸਾਹਿਬਜ਼ਾਦਿਆਂ ਨੇ ਧਰਮ ਤਬਦੀਲੀ ਲਈ ਦਿੱਤੇ ਗਏ ਲਾਲਚ ਨੂੰ ਨਕਾਰਦਿਆਂ ਸ਼ਹਾਦਤ ਦਿੱਤੀ ਸੀ।

ਇਸੇ ਤਰ੍ਹਾਂ ਕਈ ਹੋਰ ਸਿੱਖ ਜਰਨੈਲਾਂ ਤੇ ਸਿੱਖਾਂ ਨੇ ਜਬਰੀ ਧਰਮ ਤਬਦੀਲੀ ਖ਼ਿਲਾਫ਼ ਕੁਰਬਾਨੀਆਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਕਿਸੇ ਦੀ ਗਰੀਬੀ ਤੇ ਮਜਬੂਰੀ ਆਦਿ ਦਾ ਲਾਭ ਲੈ ਕੇ ਧਰਮ ਬਦਲੀ ਕਰਨਾ ਕਿਸੇ ਵੀ ਤਰ੍ਹਾਂ ਉਚਿਤ ਨਹੀਂ ਹੈ ਸਗੋਂ ਇਹ ਪਾਪ ਅਤੇ ਗੁਨਾਹ ਹੈ।

ਸਿੱਖ ਧਰਮ ਵਿੱਚ ਸ਼ਾਮਲ ਹੋਣ ਦੇ ਵਿਧੀ ਵਿਧਾਨ ਬਾਰੇ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਜੇਕਰ ਕੋਈ ਵਿਅਕਤੀ ਸਿੱਖ ਧਰਮ ਛੱਡ ਕੇ ਜਾਂਦਾ ਹੈ ਜਾਂ ਪਤਿਤ ਹੁੰਦਾ ਹੈ ਅਤੇ ਮੁੜ ਸਿੱਖ ਧਰਮ ਵਿੱਚ ਵਾਪਸੀ ਲਈ ਉਸ ਨੂੰ ਸਿੱਖ ਸੰਗਤ ਅੱਗੇ ਪੇਸ਼ ਹੋ ਕੇ ਖ਼ਿਮਾ ਜਾਚਨਾ ਕਰਨਾ ਜ਼ਰੂਰੀ ਹੈ। ਮਗਰੋਂ ਹੀ ਉਹ ਸਿੱਖ ਧਰਮ ਵਿੱਚ ਸ਼ਾਮਲ ਹੋ ਸਕਦਾ ਹੈ। ਇਸੇ ਤਰ੍ਹਾਂ ਬਾਅਦ ਵਿੱਚ ਉਹ ਅੰਮ੍ਰਿਤ ਸੰਚਾਰ ਵਿੱਚ ਹਿੱਸਾ ਲੈ ਸਕਦਾ ਹੈ।
ਧਰਮ ਤਬਦੀਲੀ ਕਰਨ ਵਾਲੀ ਜਥੇਬੰਦੀ ਧਰਮ ਜਾਗਰਣ ਮੰਚ ਨੂੰ ਕਲੀਨ ਚਿੱਟ ਦੇਣ ਤੋਂ ਨਾਂਹ ਕਰਦਿਆਂ ਜਥੇਦਾਰ ਨੇ ਕਿਹਾ ਕਿ ਇਸ ਪਿੱਛੇ ਉਨ੍ਹਾਂ ਦੀ ਕੀ ਭਾਵਨਾ ਹੈ, ਉਸ ਨੂੰ ਜਾਣੇ ਬਿਨਾਂ ਕੁਝ ਨਹੀਂ ਆਖ ਸਕਦੇ।

ਇਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਇਹ ਵੀ ਆਖਿਆ ਕਿ ਜੇਕਰ ਜਥੇਬੰਦੀ ਵਾਲੇ ਸਿੱਖ ਧਰਮ ਦੇ ਹਿਤੈਸ਼ੀ ਹਨ ਤਾਂ ਉਹ ਸਿੱਖ ਧਰਮ ਵਿੱਚ ਸ਼ਾਮਲ ਹੋ ਸਕਦੇ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,