September 27, 2018 | By ਸਿੱਖ ਸਿਆਸਤ ਬਿਊਰੋ
ਕੁਈਨਸ ਪਾਰਕ: ਓਂਟਾਰੀਓ ਅਸੈਂਬਲੀ ਵਿਚ ਪੂਰਵੀ ਬਰੈਂਪਟਨ ਤੋਂ ਮੈਂਬਰ ਗੁਰਰਤਨ ਸਿੰਘ ਨੇ 23 ਸਾਲ ਪਹਿਲਾਂ ਭਾਰਤੀ ਨਿਜ਼ਾਮ ਵਲੋਂ ਅਗਵਾ ਕਰਕੇ ਕਤਲ ਕੀਤੇ ਗਏ ਮਨੁੱਖੀ ਹੱਕਾਂ ਦੇ ਕਾਰਕੁੰਨ ਜਸਵੰਤ ਸਿੰਘ ਖਾਲੜਾ ਨੂੰ ਅਸੈਂਬਲ਼ੀ ਦੀ ਬੈਠਕ ਵਿਚ ਯਾਦ ਕੀਤਾ।
ਜਸਵੰਤ ਸਿੰਘ ਖਾਲੜਾ ਨੇ ਪੰਜਾਬ ਵਿਚ ਹੋਏ ਭਾਰਤੀ ਨਿਜ਼ਾਮ ਵਲੋਂ 1980-90 ਦੇ ਦਹਾਕੇ ਦੌਰਾਨ ਕੀਤੇ ਝੂਠੇ ਮੁਕਾਬਲਿਆਂ ਦਾ ਸੱਚ ਦੁਨੀਆ ਸਾਹਮਣੇ ਲਿਆਂਦਾ ਸੀ। ਉਹਨਾਂ ਨੇ ਖੋਜ ਕਰਕੇ ਸਾਬਿਤ ਕੀਤਾ ਸੀ ਕਿ ਹਜ਼ਾਰਾਂ ਲੋਕਾਂ ਨੂੰ ਪੰਜਾਬ ਪੁਲਿਸ ਅਤੇ ਭਾਰਤੀ ਸੁਰੱਖਿਆ ਫੋਜਾਂ ਨੇ ਅਣਪਛਾਤੀਆਂ ਲਾਸ਼ਾਂ ਕਹਿ ਕੇ ਸ਼ਮਸ਼ਾਨਾਂ ਵਿਚ ਸਾੜ ਦਿੱਤਾ। ਭਾਰਤ ਵਲੋਂ ਪੰਜਾਬ ਵਿਚ ਕੀਤੇ ਗਏ ਇਹਨਾਂ ਮਨੁੱਖੀ ਹੱਕਾਂ ਦੇ ਘਾਣ ਸਬੰਧੀ ਉਨ੍ਹਾਂ ਕੈਨੇਡਾ ਜਾ ਕੇ ਵੀ ਅਵਾਜ਼ ਚੁੱਕੀ, ਜਿੱਥੋਂ ਪਰਤਣ ਮਗਰੋਂ ਉਨ੍ਹਾਂ ਨੂੰ ਅਗਵਾ ਕਰਕੇ ਕਤਲ ਕਰ ਦਿੱਤਾ ਗਿਆ ਸੀ।
ਜਸਵੰਤ ਸਿੰਘ ਖਾਲੜਾ ਨੂੰ ਯਾਦ ਕਰਦਿਆਂ ਗੁਰਰਤਨ ਸਿੰਘ ਨੇ ਕਿਹਾ, “ਉਨ੍ਹਾਂ ਪੰਜਾਬ ਵਿਚ ਭਾਰਤੀ ਰਾਜ ਵਲੋਂ ਕਤਲ ਕੀਤੇ ਗਏ 20,000 ਸਿੱਖਾਂ ਦਾ ਸੱਚ ਦੁਨੀਆ ਸਾਹਮਣੇ ਲਿਆਂਦਾ। ਉਹ ਇਸ ਸੱਚ ਨੂੰ ਦੁਨੀਆ ਸਾਹਮਣੇ ਰੱਕਣ ਲਈ ਕੈਨੇਡਾ ਆਏ ਸੀ। ਕੈਨੇਡਾ ਤੋਂ ਵਾਪਿਸ ਪੰਜਾਬ ਪਰਤਣ ’ਤੇ 6 ਸਤੰਬਰ, 1995 ਨੂੰ ਉਨ੍ਹਾਂ ਨੂੰ ਭਾਰਤੀ ਰਾਜ ਦੇ ਕਾਮਿਆਂ ਵਲੋਂ ਅਗਵਾ ਕਰ ਲਿਆ ਗਿਆ ਤੇ ਕਤਲ ਕਰ ਦਿੱਤਾ ਗਿਆ।
ਗੁਰਰਤਨ ਸਿੰਘ ਨੇ ਜਸਵੰਤ ਸਿੰਘ ਖਾਲੜਾ ਦੇ ਕੰਮ ਨੂੰ ਅੱਗੇ ਤੋਰਦਿਆਂ ਪੰਜਾਬ ਵਿਚ ਗੁੰਮਸ਼ੁਦਾ ਕੀਤੇ ਗਏ ਲੋਕਾਂ ਦੀ ਜਾਣਕਾਰੀ ਨੂੰ ਦਸਤਾਵੇਜੀ ਰੂਪ ਦੇਣ ਦਾ ਕੰਮ ਕਰ ਰਹੀ ਸੰਸਥਾ ਇਨਸਾਫ ਦਾ ਜ਼ਿਕਰ ਵੀ ਕੀਤਾ।
ਗੁਰਰਤਨ ਸਿੰਘ ਨੇ ਆਪਣੇ ਸੰਬੋਧਨ ਦਾ ਅੰਤ ਕਰਦਿਆਂ ਕਿਹਾ ਕਿ ਇਸ ਸਤੰਬਰ ਦੇ ਮਹੀਨੇ ਅਸੀਂ ਸਿਰਫ ਉਸ ਮਹਾਨ ਰੂਹ ਨੂੰ ਯਾਦ ਹੀ ਨਾ ਕਰੀਏ ਪਰ ਖੁਦ ਉਸ ਚਾਨਣ ਵਰਗੇ ਬਣੀਏ ਜੋ ਨਿਧੜਕ ਹਨੇਰਿਆਂ ਅਤੇ ਬੇਇਨਸਾਫੀਆਂ ਨੂੰ ਵੰਗਾਰਦਾ ਹੈ।
ਗੁਰਰਤਨ ਸਿੰਘ ਵਲੋਂ ਕੀਤੇ ਗਏ ਸੰਬੋਧਨ ਵੀਡੀਓ ਰਿਪੋਰਟ ਦੇਖੋ:
Related Topics: Bhai Jaswant Singh Khalra, Gurratan Singh NDP, Human Rights Violation in Punjab, Indian Satae, Ontario Legislative Assembly, Sikh Freedom Movement, Sikh Genocide 1984