October 27, 2017 | By ਸਿੱਖ ਸਿਆਸਤ ਬਿਊਰੋ
ਵਾਸ਼ਿੰਗਟਨ ਡੀ. ਸੀ. (ਡਾ. ਅਮਰਜੀਤ ਸਿੰਘ): ਲਗਭਗ ਤਿੰਨ ਸਾਲ ਪਹਿਲਾਂ, ਮੋਦੀ ਦੀ ਅਗਵਾਈ ਵਿੱਚ ਦਿੱਲੀ ਵਿੱਚ ਹੋਂਦ ਵਿੱਚ ਆਈ ਭਾਜਪਾ ਦੀ ਸਰਕਾਰ ਵਲੋਂ ਘੱਟਗਿਣਤੀਆਂ ਦੇ ਖਿਲਾਫ ਦਮਨਚੱਕਰ ਤਾਂ ਪੂਰੀ ਤੇਜ਼ੀ ਨਾਲ ਘੁੰਮ ਰਿਹਾ ਹੈ ਪਰ ਨਾਲ ਹੀ ਨਾਲ ਅੱਡ-ਅੱਡ ਇਲਾਕਿਆਂ ਦੀਆਂ ਖੇਤਰੀ ਬੋਲੀਆਂ ਉ¤ਪਰ ਹਿੰਦੀ ਅਤੇ ਸੰਸਕ੍ਰਿਤ ਨੂੰ ਸਵਾਰ ਕੀਤਾ ਜਾ ਰਿਹਾ ਹੈ। ਇਸ ਮਕਸਦ ਦੀ ਪ੍ਰਾਪਤੀ ਲਈ ਮਨੁੱਖੀ ਵਿਕਾਸ ਮੰਤਰਾਲੇ, ਯੂਨੀਵਰਸਿਟੀ ਗਰਾਂਟਸ ਕਮਿਸ਼ਨ (ਯੂ.ਜੀ.ਸੀ.), ਨੈਸ਼ਨਲ ਹਾਈਵੇਅ ਅਥਾਰਿਟੀ ਆਫ ਇੰਡੀਆ, ਇੰਡੀਆ ਰੇਲਵੇਜ਼ ਆਦਿ ਕੇਂਦਰੀ ਅਦਾਰਿਆਂ ਨੂੰ ਵਰਤਿਆ ਜਾ ਰਿਹਾ ਹੈ।
ਭਾਰਤੀ ਸੰਵਿਧਾਨ ਵਿੱਚ ‘ਵਿੱਦਿਆ’ ਨੂੰ ਸੂਬਾ ਸਰਕਾਰ ਦੇ ਅਧਿਕਾਰ ਖੇਤਰ ਵਿੱਚ ਰੱਖਿਆ ਗਿਆ ਹੈ, ਜਿਸ ਵਿੱਚ ਕੇਂਦਰ ਸਰਕਾਰ ਦਖਲਅੰਦਾਜ਼ੀ ਨਹੀਂ ਕਰ ਸਕਦੀ। ਪਰ ਉਪਰੋਕਤ ਕੇਂਦਰੀ ਅਦਾਰਿਆਂ ਦੀ ਕੁਵਰਤੋਂ ਕਰਕੇ, ਮੋਦੀ ਸਰਕਾਰ ਵਲੋਂ ਯੂਨੀਵਰਸਿਟੀਆਂ ਦੇ ਸਿਲੇਬਸ, ਹਾਈਵੇਜ਼ ਦੇ ਸਾਈਨ-ਬੋਰਡਾਂ, ਰੇਲਵੇ ਸਟੇਸ਼ਨਾਂ ਦੇ ਸਾਈਨ ਬੋਰਡਾਂ, ਸੂਬਿਆਂ ਵਿਚਲੇ ਕੇਂਦਰ ਸਰਕਾਰ ਦੇ ਦਫਤਰਾਂ-ਅਦਾਰਿਆਂ ਵਿੱਚ ਹਿੰਦੀ ਨੂੰ ਜ਼ਬਰਦਸਤੀ ਘਸੋੜਿਆ ਜਾ ਰਿਹਾ। ਕੇਂਦਰ ਸਰਕਾਰ ਦੇ ਇਨ੍ਹਾਂ ਗੈਰ-ਸੰਵਿਧਾਨਕ ਕਦਮਾਂ ਦਾ ਕਰਨਾਟਕਾ, ਤਾਮਿਲਨਾਡੂ, ਕੇਰਲਾ ਆਦਿ ਦੀਆਂ ਸੂਬਾ ਸਰਕਾਰਾਂ ਵਲੋਂ ਭਰਪੂਰ ਵਿਰੋਧ ਕੀਤਾ ਗਿਆ। ਕਰਨਾਟਕਾ ਦੀ ਕਾਂਗਰਸ ਸਰਕਾਰ ਨੇ ਤਾਂ ਰੇਲਵੇ ਸਾਈਨ ਬੋਰਡਾਂ ’ਤੇ ਹਿੰਦੀ ਲਿਖਣ ਦੀ ਪੂਰੀ ਤਰ੍ਹਾਂ ਮਨਾਹੀ ਕਰ ਦਿੱਤੀ ਪਰ ਵਾਰੇ-ਵਾਰੇ ਜਾਈਏ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੇ, ਜਿਸ ਨੇ ਹੁਕਮਾਂ ’ਤੇ ਫੁੱਲ ਚਾੜ੍ਹਦਿਆਂ, ਪੰਜਾਬੀ ਜ਼ੁਬਾਨ ਨੂੰ ਹਿੰਦੀ ਤੇ ਅੰਗਰੇਜ਼ੀ ਤੋਂ ਬਾਅਦ, ਤੀਸਰੇ ਨੰਬਰ ’ਤੇ ਲਿਆਉਣ ਦਾ ਫੈਸਲਾ ਇੰਨ-ਬਿੰਨ ਲਾਗੂ ਕੀਤਾ।
ਪੰਜਾਬੀ-ਵਿਰੋਧੀ ਇਸ ਫੈਸਲੇ ਦੇ ਖਿਲਾਫ, ਆਪ-ਮੁਹਾਰੇ ਹੋ ਕੇ ਚੱਲੇ ਪੰਜਾਬੀ ਪ੍ਰੇਮੀਆਂ, ਡਾਕਟਰ ਧਰਮਵੀਰ ਗਾਂਧੀ ਐਮ. ਪੀ. ਪਟਿਆਲਾ ਸਮੇਤ ਕੁਝ ਪੰਜਾਬੀ ਪਿਆਰਿਆਂ, ਸਾਹਿਤਕਾਰਾਂ ਨੇ ਅਵਾਜ਼ ਚੁੱਕੀ ਪਰ ਮੁੱਖ ਸਿਆਸੀ ਪਾਰਟੀਆਂ ਸਮੇਤ ਬਾਦਲ ਅਕਾਲੀ ਦਲ ਨੇ ਸੁਸਰੀ ਵਾਂਗ ਸੁੱਤੇ ਰਹਿਣ ਵਿੱਚ ਹੀ ਆਪਣੀ ‘ਕਲਿਆਣ’ ਸਮਝੀ। ਅਖੀਰ ਪੰਜਾਬ ਦੇ ਅਣਖੀ ਨੌਜਵਾਨਾਂ ਨੇ ਪੰਜਾਬੀ ਭਾਸ਼ਾ ਨੂੰ ‘ਹਿੰਦੀ’ ਦੀ ਦੁਬੇਲ ਬਣਾਉਣ ਦੀ ਨੀਤੀ ਵਿਰੁੱਧ ਲਾਮਬੰਦੀ ਕੀਤੀ।
ਸਬੰਧਤ ਖ਼ਬਰ:
ਪੰਜਾਬੀ ਬੋਲੀ ਦੇ ਮਾਣ ਲਈ ਪ੍ਰੋ. ਧਰਨੇਤਰ ਨੇ ’ਵਰਸਿਟੀ ਬੋਰਡਾਂ ’ਤੇ ਪੰਜਾਬੀ ਲਿਖਣ ਦਾ ਖ਼ਰਚਾ ਚੁੱਕਿਆ …
ਮਾਲਵਾ ਯੂਥ ਫੈਡਰੇਸ਼ਨ, ਸਿੱਖ ਸਟੂਡੈਂਟਸ ਫੈਡਰੇਸ਼ਨ 1984, ਸਮੇਤ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਯੂਥ ਵਿੰਗ, ਦਲ ਖਾਲਸਾ ਦੇ ਕਾਰਜ-ਕਰਤਾਵਾਂ, ਭਾਰਤੀ ਕਿਸਾਨ ਯੂਨੀਅਨਾਂ, ਕ੍ਰਾਂਤੀਕਾਰੀ ਅਤੇ ਆਜ਼ਾਦਾਨਾ ਵਿਚਰਨ ਵਾਲੇ ਨੌਜਵਾਨਾਂ ਨੇ ਹੱਥਾਂ ਵਿੱਚ ਕੂਚੀਆਂ ਫੜ੍ਹ ਕੇ ਹਿੰਦੀ ਅੱਖਰਾਂ ’ਤੇ ਕਾਲ਼ੀ ਸਿਆਹੀ ਫੇਰਨੀ ਸ਼ੁਰੂ ਕਰ ਦਿੱਤੀ। ਵੇਖਦਿਆਂ-ਵੇਖਦਿਆਂ ਸਾਰੇ ਪੰਜਾਬ ਵਿੱਚ ਇਹ ਮੁਹਿੰਮ ਸਫਲਤਾ ਨਾਲ ਚੱਲ ਨਿੱਕਲੀ। ਮੁੱਖਧਾਰਾ ਮੀਡੀਏ ਨੇ ਇਸ ‘ਸਫਲ ਮੁਹਿੰਮ’ ਨੂੰ ਆਪਣੀਆਂ ਖਬਰਾਂ ਵਿੱਚ ਗਾਇਬ ਕਰ ਦਿੱਤਾ ਜਾਂ ਇਸ ਨੂੰ ਵੀ ਅੱਤਵਾਦ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਪਰ ਇਸ ਮੁਹਿੰਮ ਨੂੰ ਪੰਜਾਬੀਆਂ ਵਲੋਂ ਜ਼ਬਰਦਸਤ ਹੁੰਗਾਰਾ ਮਿਲਿਆ। ਪੰਜਾਬੀ ਪਿਆਰਿਆਂ ਵਲੋਂ ਪ੍ਰਮੁੱਖ ਪੰਜਾਬੀ ਸਾਹਿਤਕਾਰਾਂ ਦੀਆਂ ਤਸਵੀਰਾਂ ਦੇ ਨਾਲ ਇਹ ਨਾਹਰਾ ਪ੍ਰਚਾਰਿਆ ਗਿਆ – ‘ਪੰਜਾਬੀ ਪੜ੍ਹੋ, ਪੰਜਾਬੀ ਬੋਲੋ ਤੇ ਲਿਖੋ, ਪੰਜਾਬੀ ਹੋਣ ’ਤੇ ਮਾਣ ਕਰੋ।’
ਸਿੱਖ ਨੌਜਵਾਨੀ ਦੇ ਯਤਨਾਂ ਨੂੰ ਫੌਰਨ ਸਫਲਤਾ ਹਾਸਲ ਹੋਈ। ਬੀ.ਬੀ.ਸੀ. ਦੀ ਪੰਜਾਬੀ ਸਰਵਿਸ ਮੁਤਾਬਕ, ‘ਪੰਜਾਬ ਸਰਕਾਰ ਨੇ ਨੈਸ਼ਨਲ ਹਾਈਵੇਅ ਅਥਾਰਿਟੀ ਆਫ ਇੰਡੀਆ ਨੂੰ ਸਾਰੇ ਸਾਈਨ ਬੋਰਡਾਂ ’ਤੇ ਭਾਸ਼ਾ ਵਿੱਚ ਸੋਧ ਕਰਨ ਲਈ ਕਿਹਾ ਹੈ, ਜਿਸ ਵਿੱਚ ਪੰਜਾਬੀ ਪਹਿਲੇ ਨੰਬਰ ’ਤੇ ਹੋਵੇ। ਪੰਜਾਬ ਦੇ ਪਬਲਿਕ ਹੈਲਥ ਵਿਭਾਗ ਦੇ ਪੀ. ਏ. ਹੁਸਨ ਲਾਲ ਨੇ ਬੀ. ਬੀ. ਸੀ. ਨੂੰ ਦੱਸਿਆ ਕਿ ਉਨ੍ਹਾਂ ਨੇ ਨੈਸ਼ਨਲ ਹਾਈਵੇਅ ਅਥਾਰਿਟੀ ਆਫ ਇੰਡੀਆ ਦੇ ਮੁੱਖ ਇੰਜਨੀਅਰ ਨੂੰ ਇੱਕ ਹਫਤੇ ਦੇ ਅੰਦਰ ਇਸ ਕੰਮ ਨੂੰ ਪੂਰਾ ਕਰਨ ਲਈ ਕਿਹਾ ਹੈ।’ ਅਸੀਂ ਪੰਜਾਬ ਦੇ ਗੱਭਰੂਆਂ ਨੂੰ ਇਸ ਸਫਲਤਾ ਦੀ ਵਧਾਈ ਦਿੰਦੇ ਹਾਂ। ਜ਼ਾਹਰ ਹੈ ਕਿ ਇਹ ਮੁਹਿੰਮ ਇੱਕ ਧਿਰੀ ਨਾ ਹੋ ਕੇ, ਵੱਖੋ-ਵੱਖਰੀ ਸੋਚ ਰੱਖਣ ਵਾਲਿਆਂ ਦੀ ਸਾਂਝੀ ਮੁਹਿੰਮ ਸੀ। ਅਸੀਂ ਆਸ ਕਰਦੇ ਹਾਂ ਕਿ ਭਵਿੱਖ ਵਿੱਚ ਵੀ ਪੰਜਾਬ ਦੀ ਨੌਜਵਾਨੀ ਪੰਜਾਬ ਦੇ ਹਿੱਤਾਂ ਲਈ ਇਸੇ ਤਰ੍ਹਾਂ ਸਿਰ ਜੋੜ ਕੇ ਯਤਨਸ਼ੀਲ ਰਹੇਗੀ।
ਸਬੰਧਤ ਖ਼ਬਰ:
ਪੰਜਾਬੀ ਦੇ ਹੱਕ ‘ਚ ਹਿੰਦੀ ਸਾਈਨ ਬੋਰਡਾਂ ‘ਤੇ ਕਾਲਖ ਪੋਤਣ ਵਾਲਿਆਂ ‘ਤੇ ਨੇਹਿਆਂਵਾਲਾ ‘ਚ ਕੇਸ ਦਰਜ …
Related Topics: BJP, Captain Amrinder Singh Government, DR. Amarjeet Singh Washington, Hindi imposition in punjab, Hindu Groups, Punjabi language in punjab, RSS, UGC