March 7, 2019 | By ਸਿੱਖ ਸਿਆਸਤ ਬਿਊਰੋ
ਜਲੰਧਰ: ਸਾਲ 1986 ਵਿਚ ਨਕੋਦਰ ਵਿਖੇ ਹੋਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਬਾਅਦ ਪੁਲਿਸ ਵਲੋਂ ਸਾਕਾ ਨਕੋਦਰ ਵਰਤਾ ਕੇ ਚਾਰ ਸਿੱਖ ਨੌਜਵਾਨ ਨੂੰ ਗੋਲੀਆਂ ਨਾਲ ਸ਼ਹੀਦ ਦੇਣ ਦੇ ਮਾਮਲੇ ਵਿਚ ਸਾਕਾ ਬਹਿਬਲ ਕਲਾਂ ਮਾਮਲੇ ਵਾਙ ਖਾਸ ਜਾਂਚ ਦਲ ਕੋਲੋਂ ਤਫਦੀਸ਼ ਕਰਵਾਉਣ ਦੀ ਮੰਗ ਉੱਠੀ ਰਹੀ ਹੈ।
ਲੰਘੀ 5 ਮਾਰਚ ਨੂੰ ਪੁਲਿਸ ਦੀਆਂ ਗੋਲੀਆਂ ਨਾਲ ਸ਼ਹੀਦ ਹੋਏ ਚਾਰ ਸਿੱਖ ਨੌਜਵਾਨਾਂ ਦੇ ਪਰਿਵਾਰਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਂ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਜਿਸ ਵਿਚ ਉਹਨਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲੋਂ ਮੰਗ ਕੀਤੀ ਹੈ ਕਿ ਆਉਂਦੇ ਵਿਧਾਨ ਸਭਾ ਸੈਸ਼ਨ ਦੌਰਾਨ ਐਕਸ਼ਨ ਟੇਕਨ ਰਿਪੋਰਟ ਸਦਨ ਵਿਚ ਰੱਖੀ ਜਾਵੇ ਅਤੇ ਇਸ ਮਾਮਲੇ ਦੀ ਜਾਂਚ ਲਈ ਖਾਸ ਜਾਂਚ ਦਲ (ਸਿੱਟ) ਬਣਾਈ ਜਾਵੇ।
ਜ਼ਿਕਰਯੋਗ ਹੈ ਕਿ 2 ਫਰਵਰੀ 1986 ਨੂੰ ਨਕੋਦਰ ਦੇ ਗੁਰੂ ਨਾਨਕਪੁਰਾ ਮੁਹੱਲੇ ਦੇ ਗੁਰਦੁਆਰਾ ਗੁਰੂ ਅਰਜਨ ਦੇਵ ਸਾਹਿਬ ਵਿਚ ਪੰਜ ਸਰੂਪ ਅਗਨ-ਭੇਟ ਹੋਏ ਸਨ। ਇਸ ਦੇ ਵਿਰੋਧ ਵਿਚ ਸ਼ਾਂਤਮਈ ਢੰਗ ਨਾਲ ਰੋਸ ਵਿਖਾਵਾ ਕਰ ਰਹੇ ਸਿੱਖਾਂ ਉੱਪਰ 4 ਫਰਵਰੀ 1986 ਨੂੰ ਪੰਜਾਬ ਪੁਲਿਸ ਨੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ ਸਨ ਜਿਸ ਵਿਚ ਚਾਰ ਨੌਜਵਾਨ ਸ਼ਹੀਦ ਹੋਏ ਸਨ।
ਲੰਘੀ 5 ਮਾਰਚ ਨੂੰ ਜਲੰਧਰ ਦੇ ਡਿਪਟੀ ਕਮਿਸ਼ਨਰ ਨੂੰ ਮਿਲਣ ਵਾਲੇ ਪਰਵਾਰਾਂ ਵਿਚ ਸ਼ਹੀਦ ਭਾਈ ਰਵਿੰਦਰ ਸਿੰਘ ਲਿੱਤਰਾਂ ਦੇ ਪਿਤਾ ਬਾਪੂ ਬਲਦੇਵ ਸਿੰਘ ਲਿੱਤਰਾਂ, ਸ਼ਹੀਦ ਭਾਈ ਝਲਮਣ ਸਿੰਘ ਗੌਰਸੀਆਂ ਦੀ ਭੈਣ ਬੀਬੀ ਰਾਜਵਿੰਦਰ ਕੌਰ ਤੇ ਸ਼ਹੀਦ ਭਾਈ ਬਲਧੀਰ ਸਿੰਘ ਰਾਮਗੜ੍ਹ ਦੀ ਭੈਣ ਬੀਬੀ ਕਰਮਜੀਤ ਕੌਰ ਸ਼ਾਮਲ ਸਨ।
ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦੇਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਉਹ 33 ਸਾਲਾਂ ਤੋਂ ਇਨਸਾਫ ਦੀ ਮੰਗ ਕਰਦੇ ਆ ਰਹੇ ਹਨ। ਇਸ ਘਟਨਾ ਨੂੰ ਬਰਗਾੜੀ ਤੇ ਬਹਿਬਲ ਕਲਾਂ ’ਚ ਵਾਪਰੀਆਂ ਘਟਨਾਵਾਂ ਨਾਲ ਜੋੜਦਿਆਂ ਉਨ੍ਹਾਂ ਕਿਹਾ ਕਿ ਉਥੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਸੀ ਤੇ ਸ਼ਾਂਤਮਈ ਢੰਗ ਨਾਲ ਰੋਸ ਪ੍ਰਗਟਾਅ ਰਹੀਆਂ ਸੰਗਤਾਂ ਨੂੰ ਉੱਪਰ ਪੰਜਾਬ ਪੁਲੀਸ ਨੇ ਗੋਲੀਆਂ ਚਲਾ ਦਿੱਤੀਆਂ ਸਨ। ਇਸ ਘਟਨਾ ਵਿਚ ਦੋ ਸਿੱਖ ਸ਼ਹੀਦ ਹੋ ਗਏ ਸਨ। ਇਨ੍ਹਾਂ ਬਾਰੇ ਦੋ ਜਾਂਚ ਕਮਿਸ਼ਨ ਬਣੇ ਤੇ ਦੋ ਵਿਸ਼ੇਸ਼ ਜਾਂਚ ਟੀਮਾਂ ਬਣੀਆਂ। ਜਦੋਂ ਇਨ੍ਹਾਂ ਘਟਨਾਵਾਂ ਦੀ ਜਾਂਚ ਤੇਜ਼ੀ ਨਾਲ ਹੋ ਰਹੀ ਹੈ ਤੇ ਇਸ ਵਿਚ ਦੋਸ਼ੀ ਮੰਨੇ ਜਾ ਰਹੇ ਉੱਚ ਪੁਲੀਸ ਅਧਿਕਾਰੀਆਂ ਦੀਆਂ ਗ੍ਰਿਫਤਾਰੀਆਂ ਵੀ ਹੋ ਚੁੱਕੀਆਂ ਹਨ ਤਾਂ ਉਸੇ ਤਰ੍ਹਾਂ ਨਕੋਦਰ ਕਾਂਡ ’ਚ ਸ਼ਾਮਲ ਪੁਲੀਸ ਅਧਿਕਾਰੀਆਂ ਵਿਰੁੱਧ ਵੀ ਕਾਰਵਾਈ ਕੀਤੀ ਜਾਵੇ।
ਉਨ੍ਹਾਂ ਕਿਹਾ ਕਿ ਉਸ ਵੇਲੇ ਦੇ ਐਸ.ਐਸ.ਪੀ. ਇਜ਼ਹਾਰ ਆਲਮ ਅਤੇ ਵਧੀਕ ਡਿਪਟੀ ਕਮਿਸ਼ਨਰ ਦਰਬਾਰਾ ਸਿੰਘ ਗੁਰੂ, ਜਿਨ੍ਹਾਂ ਕੋਲ ਮੈਜਿਸਟਰੇਟ ਦੀਆਂ ਤਾਕਤਾਂ ਸਨ, ਇਹ ਦੋਵੇਂ ਜ਼ਿੰਮੇਵਾਰ ਅਫਸਰ 4 ਫਰਵਰੀ 1986 ਨੂੰ ਗੋਲੀ ਚੱਲਣ ਵੇਲੇ ਨਕੋਦਰ ਹਾਜ਼ਰ ਸਨ। ਉਸ ਵੇਲੇ ਵੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ। ਚਾਰ ਸਿੱਖ ਨੌਜਵਾਨਾਂ ਦੀ ਪੁਲੀਸ ਗੋਲੀਆਂ ਨਾਲ ਹੋਈ ਮੌਤ ਤੋਂ ਬਾਅਦ ਵੀ ਉਨ੍ਹਾਂ ਦੀਆਂ ਲਾਸ਼ਾਂ ਪੁਲੀਸ ਨੇ ਲਾਵਾਰਸ ਕਹਿ ਕੇ ਸਾੜ ਦਿੱਤੀਆਂ ਸਨ। ਜਦੋਂ ਕਿ ਉਹ ਸਾਰਾ ਦਿਨ ਲਾਸ਼ ਲੈਣ ਲਈ ਸਿਵਲ ਹਸਪਤਾਲ ਨਕੋਦਰ ’ਚ ਇੰਤਜ਼ਾਰ ਕਰ ਰਹੇ ਸਨ।
Related Topics: Bhai Baldev Singh Littran, Capt. Amarinder Singh, Congress Government in Punjab 2017-2022, Punjab Government, Saka Nakodar (4 February 1986), Saka Nakodar 1986