July 20, 2018 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ: ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ 11ਵੀਂ ਅਤੇ 12ਵੀਂ ਜਮਾਤ ਦੀਆਂ ਇਤਿਹਾਸ ਦੀਆਂ ਕਿਤਾਬਾਂ ਵਿਚ ਗਲਤ ਜਾਣਕਾਰੀ ਦੇਣ ਦਾ ਮਸਲਾ ਸਾਹਮਣੇ ਆਉਣ ਤੋਂ ਬਾਅਦ ਹੋਏ ਵਿਰੋਧ ਮਗਰੋਂ ਵਾਪਿਸ ਲਈਆਂ ਗਈਆਂ ਕਿਤਾਬਾਂ ਦੀ ਥਾਂ ਪ੍ਰੋ. ਕਿਰਪਾਲ ਸਿੰਘ ਦੀ ਅਗਵਾਈ ਵਿੱਚ ਕਾਇਮ ਕਮੇਟੀ ਵੱਲੋਂ ਬਾਰ੍ਹਵੀਂ ਜਮਾਤ ਦੇ ਇਤਿਹਾਸ ਦੇ ਵਿਦਿਆਰਥੀਆਂ ਲਈ ਨਵੀਂ ਕਿਤਾਬ ਦੇ ਪਹਿਲੇ ਦੋ ਪਾਠ ਤਿਆਰ ਕਰ ਲਏ ਗਏ ਹਨ ਅਤੇ ਗਿਆਰਵੀਂ ਜਮਾਤ ਲਈ ਵੀ ਇਕ ਪਾਠ ਤਿਆਰ ਕਰ ਲਿਆ ਗਿਆ ਹੈ।
ਪੰਜਾਬ ਸਰਕਾਰ ਦੇ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਵਲੋਂ ਦਿੱਤੀ ਗਈ ਜਾਣਕਾਰੀ ਮੁਤਾਬਿਕ ਸਿੱਖਿਆ ਮੰਤਰੀ ਪੰਜਾਬ ਓਮ ਪ੍ਰਕਾਸ਼ ਸੋਨੀ ਦੀ ਪ੍ਰਧਾਨਗੀ ਹੇਠ ਨਜ਼ਰਸਾਨੀ ਕਮੇਟੀ ਦੀ ਹੋਈ ਮੀਟਿੰਗ ਦੌਰਾਨ ਕਮੇਟੀ ਨੇ ਗਿਆਰਵੀਂ ਅਤੇ ਬਾਰ੍ਹਵੀਂ ਜਮਾਤ ਦਾ ਪਾਠਕ੍ਰਮ ਅਤੇ ਬਾਰ੍ਹਵੀਂ ਦੇ ਪਹਿਲੇ ਦੋ ਪਾਠ ਅਤੇ ਗਿਆਰਵੀਂ ਜਮਾਤ ਦਾ ਇਕ ਪਾਠ ਦੇ ਦਿੱਤਾ ਹੈ।
ਮੀਟਿੰਗ ਦੌਰਾਨ ਨਜ਼ਰਸਾਨੀ ਕਮੇਟੀ ਦੇ ਚੇਅਰਮੈਨ ਡਾ. ਕਿਰਪਾਲ ਸਿੰਘ ਨੇ ਕਿਹਾ ਕਿ ਦੋਵੇਂ ਜਮਾਤਾਂ ਦੀਆਂ ਕਿਤਾਬਾਂ ਲਈ ਕਾਲ ਵੰਡ ਕਰ ਲਈ ਗਈ ਹੈ। ਇਸ ਤਹਿਤ ਗਿਆਰਵੀਂ ਜਮਾਤ ਵਿੱਚ ਭਾਰਤ ਦਾ ਇਤਿਹਾਸ ਮੁੱਢਲੇ ਕਾਲ ਤੋਂ ਲੈ ਕੇ 1947 ਤੱਕ ਦਾ ਪੜ੍ਹਾਇਆ ਜਾਵੇਗਾ, ਜਦੋਂ ਕਿ ਬਾਰ੍ਹਵੀਂ ਜਮਾਤ ਵਿੱਚ ਪੰਜਾਬ ਦਾ ਇਤਿਹਾਸ 1450 ਤੋਂ ਲੈ ਕੇ 1966 ਤੱਕ ਪੜ੍ਹਾਇਆ ਜਾਵੇਗਾ।
ਮੀਟਿੰਗ ਵਿੱਚ ਕਮੇਟੀ ਮੈਂਬਰ ਡਾ. ਜੇ.ਐਸ. ਗਰੇਵਾਲ, ਡਾ. ਇੰਦੂ ਬੰਗਾ, ਡਾ. ਪ੍ਰਿਤਪਾਲ ਸਿੰਘ ਕਪੁਰ, ਡਾਇਰੈਕਟਰ ਜਨਰਲ ਸਕੂਲ ਸਿੱਖਿਆ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਾਈਸ ਚੇਅਰਮੈਨ ਪ੍ਰਸ਼ਾਂਤ ਕੁਮਾਰ ਗੋਇਲ ਅਤੇ ਹੋਰ ਅਧਿਕਾਰੀ ਹਾਜ਼ਰ ਸਨ।
ਕਿਤਾਬਾਂ ਮੂਲ ਰੂਪ ਵਿਚ ਅੰਗਰੇਜੀ ਵਿਚ ਲਿਖੀਆਂ ਜਾ ਰਹੀਆਂ ਹਨ:
11ਵੀਂ ਅਤੇ 12ਵੀਂ ਜਮਾਤ ਲਈ ਬਣਾਈਆਂ ਜਾ ਰਹੀਆਂ ਇਹ ਇਤਿਹਾਸ ਦੀਆਂ ਕਿਤਾਬਾਂ ਮੂਲ ਰੂਪ ਵਿਚ ਅੰਗਰੇਜੀ ਵਿਚ ਲਿਖੀਆਂ ਜਾ ਰਹੀਆਂ ਹਨ ਤੇ ਬਾਅਦ ਵਿਚ ਪੰਜਾਬੀ ਵਿਚ ਇਹਨਾਂ ਦਾ ਉਲੱਥਾ ਕੀਤਾ ਜਾਵੇਗਾ। ਲਿਖਤੀ ਬਿਆਨ ਵਿਚ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਇਹ ਪਾਠ ਅੰਗਰੇਜ਼ੀ ਭਾਸ਼ਾ ਵਿੱਚ ਤਿਆਰ ਕੀਤੇ ਗਏ ਹਨ ਅਤੇ ਅਗਲੇ ਕੁਝ ਦਿਨਾਂ ਵਿੱਚ ਇਨ੍ਹਾਂ ਦਾ ਪੰਜਾਬੀ ਅਤੇ ਹਿੰਦੀ ਵਿੱਚ ਅਨੁਵਾਦ ਕਰ ਕੇ ਪਹਿਲੀ ਅਗਸਤ 2018 ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈਬਸਾਈਟ ਉਤੇ ਚੜ੍ਹਾ ਦਿੱਤਾ ਜਾਵੇਗਾ।
Related Topics: Distortion of Sikh History in PSEB Class 12 Books, PSEB, Punjab Government