ਆਮ ਖਬਰਾਂ

ਸੱਤਾ ਦੇ ਨਸ਼ੇ ਵਿੱਚ ਭੁਤਰੇ ਹਿੰਦੂਤਵੀਆਂ ਨੇ ਉਸਾਰੀ ਅਧੀਨ ਫੂਡ ਪ੍ਰੋਸੈਸਿੰਗ ਕਾਰਖਾਨੇ ਨੂੰ ਢਾਹਿਆ

December 20, 2014 | By

ਸ਼ੇਰਪੁਰ (19 ਦਸੰਬਰ, 2014): ਮੋਦੀ ਦੀ ਅਗਵਾਈ ਵਿੱਚ ਭਾਰਤ ਦੀ ਕੇਂਦਰੀ ਸੱਤਾ ‘ਤੇ ਭਾਜਪਾ ਦੇ ਕਾਬਜ਼ ਹੋਣ ਨਾਲ ਸਮੁੱਚੇ ਭਾਰਤ ਵਿੱਚ ਹਿੰਦੂਤਵੀਆਂ ਨੇ ਇੱਕ ਤਰਾਂ ਦਾ ਹੁੜਦੰਗ ਮਚਾਇਆ ਹੋਇਆ ਹ। ਪੰਜਾਬ ਨੂੰ ਤਾਂ ਖਾਸ ਕਰਕੇ ਇਨ੍ਹਾਂ ਨੇ ਆਪਣੀਆਂ ਕਾਰਵਾਈਆਂ ਦਾ ਕੇਂਦਰ ਬਣਾ ਧਰਿਆ ਹੈ। ਹਿੰਦੂ ਜੱਥੇਬੰਦੀਆਂ ਦੇ ਕਾਰਕੂਂ ਹਰ ਇੱਥੇ ਆਪਣੀਆਂ ਮਨਮਨੀਆਂ ਕਰ ਰਹੇ ਹਨ, ਉਨ੍ਹਾਂ ਸਾਹਮਣੇ ਕਾਨੂੰਨ ਪ੍ਰਸ਼ਾਸ਼ਨ ਸਭ ਬੌਣੇ ਨਜ਼ਰ ਆ ਰਹੇ ਹਨ।

ਘਨੌਰੀ ਕਲਾਂ ਵਿੱਚ ਹਿੰਦੂ ਜਥੇਬੰਦੀਆਂ ਵੱਲੋਂ ਫੂਡ ਪ੍ਰੋਸੈਸਿੰਗ ਯੂਨਿਟ ਦੀਆਂ ਕੰਧਾਂ ਢਾਹੇ ਜਾਣ ਦਾ ਦ੍ਰਿਸ਼।

ਘਨੌਰੀ ਕਲਾਂ ਵਿੱਚ ਹਿੰਦੂ ਜਥੇਬੰਦੀਆਂ ਵੱਲੋਂ ਫੂਡ ਪ੍ਰੋਸੈਸਿੰਗ ਯੂਨਿਟ ਦੀਆਂ ਕੰਧਾਂ ਢਾਹੇ ਜਾਣ ਦਾ ਦ੍ਰਿਸ਼।

ਵਿਸ਼ਵ ਹਿੰਦੂ ਪ੍ਰੀਸ਼ਦ ਵੱਲੋਂ ਅਜਿਹੀ ਹੀ ਇੱਕ ਮਨਮਨੀ ਕਰਕੇ ਫੂਡ ਪ੍ਰੋਸੈਸਿੰਗ ਦੇ ਇੱਕ ਉਸਾਰੀ ਅਧੀਨ ਕਾਰਖਾਨੇ ਦੀਆਂ ਕੰਧਾਂ ਢਾਹ ਦਿੱਤੀਆਂ ਅਤੇ ਉੱਥੇ ਪਏ ਸਮਾਨ ਨੂੰ ਅੱਗ ਲਾ ਦਿੱਤੀ। ਵਿਸ਼ਵ ਹਿੰਦੂ ਪ੍ਰੀਸ਼ਦ ਧਰਮ ਪ੍ਰਸਾਰ ਪੰਜਾਬ ਦੇ ਪ੍ਰਧਾਨ ਗੁਰਮੁਖ ਸਿੰਘ ਨਾਮਧਾਰੀ ਅਤੇ ਜ਼ਿਲ੍ਹਾ ਪ੍ਰਧਾਨ ਬਿਮਲ ਕੁਮਾਰ ਧੂਰੀ ਦੀ ਅਗਵਾਈ ਹੇਠ ਬਜਰੰਗ ਦਲ ਦੇ ਆਗੂਆਂ ਅਤੇ ਕਾਰਕੁਨਾਂ ਨੇ ਅੱਜ ਪਿੰਡ ਘਨੌਰੀ ਕਲਾਂ-ਰਾਜੋਮਾਜਰਾ ਕੱਚੇ ਰਸਤੇ ‘ਤੇ ਫੂਡ ਪ੍ਰੋਸੈਸਿੰਗ ਯੂਨਿਟ ਅੰਦਰ ਅੱਗ ਲਾ ਦਿੱਤੀ ਅਤੇ ਉਸਾਰੀ ਕਾਮਿਆਂ ਨੂੰ ਰੋਕਕੇ ਇਸ ਯੂਨਿਟ ਦੀਆਂ ਕੰਧਾਂ ਵੀ ਢਾਹ ਦਿੱਤੀਆਂ। ਇਸ ਕਾਰਵਾਈ ਦੌਰਾਨ ਦੋ ਦਰਜਨ ਤੋਂ ਵੱਧ ਨੌਜਵਾਨਾਂ ਨੇ ਨਾਅਰੇ ਵੀ ਲਾਏ।

ਅੱਜ ਬਾਅਦ ਦੁਪਹਿਰ ਤਿੰਨ ਹਿੰਦੂ ਜਥੇਬੰਦੀਆਂ ਦੇ ਕਾਰਕੁਨ ਡੇਢ ਦਰਜਨ ਮੋਟਰਸਾਈਕਲਾਂ ਅਤੇ ਕਾਰਾਂ ‘ਤੇ ਸਵਾਰ ਹੋ ਕੇ ਪਿੰਡ ਘਨੌਰੀ ਕਲਾਂ ਪੁੱਜੇ, ਜਿੱਥੇ ਉਨ੍ਹਾਂ ਪਿੰਡ ਦੀ ਸੂਰਾਪੱਤੀ, ਪਰਸ਼ੀਂਹ ਪੱਤੀ ਅਤੇ ਬੂਲਾ ਪੱਤੀ ਦੇ ਲੋਕਾਂ ਨੂੰ ਦੱਸਿਆ ਕਿ ਪਿੰਡ ਵਿੱਚ ਫੂਡ ਪ੍ਰੋਸੈਸਿੰਗ ਦੇ ਨਾਂ ‘ਤੇ ਲਾਏ ਜਾ ਰਹੇ ਯੂਨਿਟ ਵਿੱਚ ਬੁੱਚੜਖਾਨਾ ਬਣਾਏ ਜਾਣ ਦਾ ਸ਼ੱਕ ਹੈ, ਜਿਸ ਸਬੰਧੀ ਪਿਛਲੇ ਇੱਕ ਹਫ਼ਤੇ ਤੋਂ ਐਸਡੀਐਮ ਨੂੰ ਮੰਗ ਪੱਤਰ ਦੇਣ ਤੋਂ ਇਲਾਵਾ ਇਸ ਯੂਨਿਟ ਬਾਰੇ ਪਤਾ ਕੀਤਾ ਜਾ ਰਿਹਾ ਹੈ ਪਰ ਇੱਕ ਸਾਜ਼ਿਸ਼ ਅਧੀਨ ਸਾਰੇ ਅਧਿਕਾਰੀ ਇਸ ਯੂਨਿਟ ਬਾਰੇ ਮੁਕੰਮਲ ਜਾਣਕਾਰੀ ਨਹੀਂ ਦੇ ਰਹੇ।

ਵਿਸ਼ਵ ਹਿੰਦੂ ਪ੍ਰੀਸ਼ਦ ਦੇ ਪੰਜਾਬ ਪ੍ਰਧਾਨ ਗੁਰਮੁਖ ਸਿੰਘ ਨਾਮਧਾਰੀ ਦੀ ਅਗਵਾਈ ਹੇਠ ਸਮੂਹ ਨੌਜਵਾਨਾਂ ਨੇ ਕੰਧਾਂ ਢਾਹੁਣੀਆਂ ਸ਼ੁਰੂ ਕਰ ਦਿੱਤੀਆਂ। ਕੰਧਾਂ ਢਾਹੁਣ ਦੀ ਇਸ ਕਾਰਵਾਈ ਕਾਰਨ ਮਜ਼ਦੂਰ ਆਪਣਾ ਕੰਮ ਛੱਡ ਕੇ ਚਲੇ ਗਏ ਪਰ ਕਰੀਬ ਪੌਣੇ ਘੰਟਾ ਹਿੰਦੂ ਕਾਰਕੁਨ ਨਾਅਰੇ ਲਾਉਂਦੇ ਰਹੇ। ਇਸ ਮਗਰੋਂ ਕੁਝ ਕਾਰਕੁਨਾਂ ਨੇ ਅੰਦਰ ਖੜ੍ਹੀ ਕਰੇਨ ਦੇ ਸ਼ੀਸ਼ੇ ਭੰਨ ਦਿੱਤੇ ਅਤੇ ਲੋਹੇ ਦੇ ਸੀਮਿੰਟ ਸਟੋਰ ਦੇ ਬਾਹਰ ਪਈਆਂ ਸੁੱਕੀਆਂ ਲੱਕੜਾਂ ਦੇ ਢੇਰ ਨੂੰ ਅੱਗ ਲਾ ਦਿੱਤੀ।

ਘਟਨਾ ਦੀ ਜਾਣਕਾਰੀ ਮਿਲਣ ‘ਤੇ ਡੀਐਸਪੀ ਕ੍ਰਿਸ਼ਨ ਕੁਮਾਰ ਪੈਂਥੇ ਨੇ ਐਸਐਚਓ ਸਦਰ ਪਰਮਿੰਦਰ ਸਿੰਘ ਬਾਠ, ਐਸਐਚਓ ਸ਼ੇਰਪੁਰ ਇੰਦਰਪ੍ਰੀਤ ਸਿੰਘ ਬਡੂੰਗਰ ਦੀ ਅਗਵਾਈ ਹੇਠ ਪੁਲੀਸ ਟੀਮਾਂ ਭੇਜੀਆਂ, ਜਿਨ੍ਹਾਂ ਨੇ ਮੌਕੇ ‘ਤੇ ਜਾ ਕੇ ਸਥਿਤੀ ਸੰਭਾਲੀ।

ਵਿਸ਼ਵ ਹਿੰਦੂ ਪ੍ਰੀਸ਼ਦ ਧਰਮ ਪ੍ਰਸਾਰ ਪੰਜਾਬ ਦੇ ਮੁਖੀ ਗੁਰਮੁਖ ਸਿੰਘ ਨਾਮਧਾਰੀ ਨੇ ਪੁਲੀਸ ਅਧਿਕਾਰੀਆਂ ਦੀ ਹਾਜ਼ਰੀ ਵਿੱਚ 24 ਘੰਟਿਆਂ ਦਾ ਅਲਟੀਮੇਟਮ ਦਿੰਦਿਆਂ ਕਿਹਾ ਕਿ ਜੇਕਰ ਉਸਾਰੀ ਨਾ ਰੁਕਵਾਈ ਗਈ ਤਾਂ ਉਹ ਅੱਜ ਦੀ ਕਾਰਵਾਈ ਨੂੰ ਦੁਹਰਾਉਣਗੇ। ਹਾਜ਼ਰ ਪੁਲੀਸ ਅਧਿਕਾਰੀਆਂ ਨੇ ਇਸ ਪਲਾਂਟ ਦੇ ਮਾਲਕ ਵਿਜੈ ਕੁਮਾਰ ਨਾਲ ਉਕਤ ਆਗੂਆਂ ਦੀ ਗੱਲ ਕਰਵਾਈ ਅਤੇ 20 ਦਸੰਬਰ ਨੂੰ ਸਮੁੱਚੇ ਘਟਨ੍ਹਾਮ ਸਬੰਧੀ ਪਿੰਡ ਘਨੌਰੀ ਕਲਾਂ ਵਿੱਚ ਪੁੱਜਕੇ ਜਾਣਕਾਰੀ ਦੇਣ ਸਬੰਧੀ ਮੀਟਿੰਗ ਤੈਅ ਕਰਵਾਉਣ ਮਗਰੋਂ ਇੱਕ ਵਾਰ ਮਾਮਲਾ ਸ਼ਾਂਤ ਹੋ ਗਿਆ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: