September 21, 2017 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ/ਪਟਿਆਲਾ: ਪਟਿਆਲਾ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਸਾਹਮਣੇ ਕਿਸਾਨ ਜਥੇਬੰਦੀਆਂ ਵੱਲੋਂ 22 ਸਤੰਬਰ ਨੂੰ ਦਿੱਤੇ ਜਾਣ ਵਾਲੇ ਧਰਨੇ ਨੂੰ ਨਾਕਾਮ ਕਰਨ ਲਈ ਸਾਰੇ ਪੰਜਾਬ ਵਿੱਚੋਂ ਪਟਿਆਲਾ ਅਤੇ ਆਸਪਾਸ ਦੇ ਜ਼ਿਲ੍ਹਿਆਂ ਵਿੱਚ ਵੱਡੀ ਗਿਣਤੀ ਪੁਲਿਸ ਤਾਇਨਾਤ ਕਰ ਦਿੱਤੀ ਹੈ।
ਡੀਜੀਪੀ ਦਫ਼ਤਰ ਤੋਂ ਹਾਸਲ ਜਾਣਕਾਰੀ ਮੁਤਾਬਕ ਸਿਰਫ਼ ਪਟਿਆਲਾ ਵਿੱਚ 10 ਹਜ਼ਾਰ ਦੇ ਕਰੀਬ ਪੁਲਿਸ ਮੁਲਾਜ਼ਮ ਤਾਇਨਾਤ ਕਰਨ ਦੀ ਯੋਜਨਾ ਬਣਾਈ ਹੈ, ਹੁਣ ਤੱਕ 5 ਹਜ਼ਾਰ ਤੋਂ ਵੱਧ ਨਫ਼ਰੀ ਪਹੁੰਚ ਗਈ ਹੈ ਅਤੇ ਭਲਕ ਤੋਂ ਇਸ ਵਿੱਚ ਭਾਰੀ ਵਾਧਾ ਕਰ ਦਿੱਤਾ ਜਾਵੇਗਾ। ਪਟਿਆਲਾ ਸ਼ਹਿਰ ਨੂੰ ਪੁਲਿਸ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਹੈ। ਸੰਗਰੂਰ, ਬਰਨਾਲਾ, ਮਾਨਸਾ, ਬਠਿੰਡਾ, ਮੋਗਾ, ਲੁਧਿਆਣਾ, ਫ਼ਰੀਦਕੋਟ, ਫ਼ਿਰੋਜ਼ਪੁਰ ਅਤੇ ਮੁਕਤਸਰ ਵਿੱਚ ਵੀ ਪੁਲਿਸ ਫੋਰਸ ਦੀ ਤਾਇਨਾਤੀ ਵਧਾਈ ਗਈ ਹੈ।
ਪੰਜਾਬ ਆਰਮਡ ਪੁਲੀਸ (ਪੀਏਪੀ) ਕਮਾਂਡੋ ਅਤੇ ਆਈਆਰਬੀ ਦੀਆਂ ਬਟਾਲੀਅਨਾਂ ਦੇ ਜਵਾਨਾਂ ਦੀ ਹੀ ਪਟਿਆਲਾ ਵਿੱਚ ਤਾਇਨਾਤੀ ਨਹੀਂ ਕੀਤੀ ਗਈ, ਪੁਲਿਸ ਸੇਵਾ ਕੇਂਦਰਾਂ ਅਤੇ ਐਨ.ਆਈ.ਆਰ. ਵਿੰਗਾਂ ਵਿੱਚੋਂ ਵੀ ਮੁਲਾਜ਼ਮਾਂ ਨੂੰ ਕਿਸਾਨ ਜਥੇਬੰਦੀਆਂ ਦੇ ਸੰਘਰਸ਼ ਨੂੰ ਦਬਾਉਣ ਦੀ ਡਿਊਟੀ ਦਿੱਤੀ ਗਈ ਹੈ। ਪੁਲਿਸ ਦੇ ਇਕ ਸੀਨੀਅਰ ਅਧਿਕਾਰੀ ਦਾ ਦੱਸਣਾ ਹੈ ਕਿ ਭਾਖੜਾ ਨਹਿਰ ਦੇ ਪੁਲਾਂ ’ਤੇ ਸਖ਼ਤ ਨਾਕਾਬੰਦੀ ਕੀਤੀ ਜਾ ਰਹੀ ਹੈ ਤਾਂ ਜੋ ਸੰਗਰੂਰ ਜ਼ਿਲ੍ਹੇ ਦੀਆਂ ਹੱਦਾਂ ਤੋਂ ਕੋਈ ਵੀ ਕਿਸਾਨ ਪਟਿਆਲਾ ਸ਼ਹਿਰ ਵਿੱਚ ਦਾਖ਼ਲ ਨਾ ਹੋ ਸਕੇ। ਪੰਜਾਬ ਪੁਲਿਸ ਦੇ ਕਾਨੂੰਨ ਵਿਵਸਥਾ ਵਿੰਗ ਵੱਲੋਂ ਪਟਿਆਲਾ ਤੇ ਮਾਲਵੇ ਦੇ ਹੋਰ ਜ਼ਿਲ੍ਹਿਆਂ ਵਿੱਚ ਪੁਲਿਸ ਤਾਇਨਾਤੀ ਦੀ ਨਿਗਰਾਨੀ ਕੀਤੀ ਜਾ ਰਹੀ ਹੈ।
ਜ਼ਿਲ੍ਹਾ ਮੈਜਿਸਟਰੇਟ ਕੁਮਾਰ ਅਮਿਤ ਨੇ ਕਿਸਾਨਾਂ ਦੇ ਧਰਨੇ ਨੂੰ ਮੁੱਖ ਰੱਖਦਿਆਂ ਪਟਿਆਲਾ ਵਿੱਚ 18 ਨਵੰਬਰ ਤੱਕ ਦਫ਼ਾ 144 ਲਾਗੂ ਰੱਖਣ ਦੇ ਨਵੇਂ ਹੁਕਮ ਜਾਰੀ ਕੀਤੇ ਹਨ। ਪਹਿਲਾਂ ਸ਼ਹਿਰ ਵਿੱਚ ਧਾਰਾ 144 ਲਾਗੂ ਕਰਨ ਦੇ ਹੁਕਮ 20 ਸਤੰਬਰ ਤੱਕ ਸਨ। ਦੇਰ ਸ਼ਾਮੀਂ ਐਸ.ਪੀ. ਸਿਟੀ ਕੇਸਰ ਸਿੰਘ ਧਾਲੀਵਾਲ ਨੇ ਪ੍ਰੈੱਸ ਨਾਲ ਗੱਲਬਾਤ ਦੌਰਾਨ ਕਿਹਾ ਕਿ ਕਿਸੇ ਨੂੰ ਵੀ ਇਨ੍ਹਾਂ ਹੁਕਮਾਂ ਦੀ ਉਲੰਘਣਾ ਦੀ ਆਗਿਆ ਨਹੀਂ ਦਿੱਤੀ ਜਾਵੇਗੀ।
Related Topics: farm leaders protest in patiala, Farmers' Issues and Agrarian Crisis in Punjab, Punjab Police, ਖੇਤੀਬਾੜੀ ਸੰਕਟ Agriculture Crisis