Site icon Sikh Siyasat News

ਪਲੀਤ ਹੋ ਰਹੇ ਧਰਤੀ ਹੇਠਲੇ ਪਾਣੀ

Contaminated groundwater

Contaminated groundwater

ਅੱਜ ਜਦ ਤਕਰੀਬਨ ਥੋੜ੍ਹੇ-ਥੋੜ੍ਹੇ ਦਿਨਾਂ ਦੇ ਜਾਂ ਕਹਿ ਲਈਏ ਕਿ ਕੁਝ ਮਹੀਨਿਆਂ ਦੇ ਵਕਫੇ ਨਾਲ ਪੰਜਾਬ ‘ਚ ਕਿਸੇ ਨਾ ਕਿਸੇ ਥਾਂ ਤੇ ਕਾਰਖਾਨਾ ਲਾਉਣ ਦੀ ਗੱਲ ਤੁਰ ਪੈਂਦੀ ਹੈ ਤਾਂ ਪਲੀਤ ਹੋ ਰਹੇ ਧਰਤੀ ਹੇਠਲੇ ਪਾਣੀ ਵੱਲ ਧਿਆਨ ਕੇਂਦਰਿਤ ਕਰਨ ਦੀ ਲੋੜ ਹੈ। ਤਜ਼ਵੀਜਾਂ ਮੁਤਾਬਿਕ ਲੱਗਣ ਵਾਲੇ ਬਹੁਤੇ ਕਾਰਖਾਨੇ ਲਾਲ ਜਾਂ ਸੰਤਰੀ ਸ਼੍ਰੇਣੀ ਵਾਲੇ ਸਨ /ਹਨ। ਲਗਾਤਾਰ ਪਲੀਤ ਹੋ ਰਿਹਾ ਧਰਤੀ ਹੇਠਲਾ ਪਾਣੀ ਸਾਡੀ ਸਿਹਤ, ਖੇਤੀਬਾੜੀ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਵੱਡਾ ਖਤਰਾ ਸਿੱਧ ਹੋਵੇਗਾ।

ਤੱਥ ਜੋ ਸਾਨੂੰ ਜਾਣਨ ਦੀ ਲੋੜ ਹੈ:

ਸਮੱਸਿਆ ਦੀ ਗੰਭੀਰਤਾ: ਕੇਂਦਰੀ ਭੂ ਜਲ ਬੋਰਡ (CGWB) ਦੀ ਰਿਪੋਰਟ ਮੁਤਾਬਕ, ਪੰਜਾਬ ਦੇ 80% ਤੋਂ ਵੱਧ ਧਰਤੀ ਹੇਠਲੇ ਪਾਣੀ ਵਿੱਚ ਯੂਰੇਨੀਅਮ, ਆਰਸੈਨਿਕ, ਨਾਈਟ੍ਰੇਟ, ਫਲੋਰਾਈਡ ਅਤੇ ਹੈਵੀ ਮੈਟਲਜ਼ (ਜਿਵੇਂ ਸੀਸਾ ਅਤੇ ਕੈਡਮੀਅਮ) ਮਿਆਰ ਤੋਂ ਵੱਧ ਪਾਏ ਗਏ ਹਨ। ਕਿੱਥੇ – ਕਿੱਥੇ ਕੀ – ਕੀ ਮਿਆਰ ਤੋਂ ਵੱਧ ਹੈ, ਇਸਦਾ ਜ਼ਿਕਰ ਅਸੀਂ “ਪੰਜਾਬ ਦਾ ਜਲ ਸੰਕਟ” ਕਿਤਾਬਚੇ ‘ਚ ਵੀ ਕੀਤਾ ਹੈ।

ਸਿਹਤ ‘ਤੇ ਅਸਰ:ਮਾਲਵਾ ਖੇਤਰ ਵਿੱਚ ਕੈਂਸਰ ਦੀ ਦਰ ਇੰਡੀਆ ਦੀ ਔਸਤ ਨਾਲੋਂ ਵੀ ਜ਼ਿਆਦਾ ਹੈ। ਜਿਸ ਦਾ ਮੁੱਖ ਕਾਰਨ ਪ੍ਰਦੂਸ਼ਿਤ ਪਾਣੀ ਮੰਨਿਆ ਜਾ ਰਿਹਾ ਹੈ। ਪੰਜਾਬ ਦੇ ਅਨੇਕਾਂ ਪਿੰਡਾਂ ‘ਚ ਪੀਣ ਵਾਲੇ ਪਾਣੀ ‘ਚ ਆਰਸੈਨਿਕ ਦੀ ਮਾਤਰਾ ਵਿਸ਼ਵ ਸਿਹਤ ਸੰਗਠਨ ਦੇ ਮਿਆਰ (10 ਮਾਈਕ੍ਰੋਗ੍ਰਾਮ/ਲੀਟਰ) ਤੋਂ ਵੱਧ ਹੈ, ਜੋ ਚਮੜੀ ਅਤੇ ਫੇਫੜਿਆਂ ਦੇ ਕੈਂਸਰ ਦਾ ਕਾਰਨ ਬਣ ਸਕਦੀ ਹੈ। ਨਾਈਟ੍ਰੇਟ ਪ੍ਰਦੂਸ਼ਣ ਕਾਰਨ “ਬਲੂ ਬੇਬੀ ਸਿੰਡਰੋਮ” ਦੇ ਮਾਮਲੇ ਵਧੇ ਹਨ, ਜੋ ਨਵਜੰਮੇ ਬੱਚਿਆਂ ਵਿੱਚ ਖੂਨ ਵਿੱਚ ਆਕਸੀਜਨ ਦੀ ਕਮੀ ਦਾ ਕਾਰਨ ਬਣਦਾ ਹੈ।

ਪ੍ਰਦੂਸ਼ਣ ਦੇ ਮੁੱਖ ਕਾਰਨ:

ਖੇਤੀਬਾੜੀ: ਪੰਜਾਬ ਵਿੱਚ ਹਰ ਸਾਲ 17 ਲੱਖ ਟਨ ਤੋਂ ਵੱਧ ਰਸਾਇਣਕ ਖਾਦਾਂ ਅਤੇ 3.2 ਲੱਖ ਟਨ ਕੀਟਨਾਸ਼ਕਾਂ ਦੀ ਵਰਤੋਂ ਹੁੰਦੀ ਹੈ, ਜੋ ਪਾਣੀ ਵਿੱਚ ਮਿਲ ਕੇ ਨਾਈਟ੍ਰੇਟ ਅਤੇ ਫਾਸਫੇਟ ਪ੍ਰਦੂਸ਼ਣ ਵਧਾਉਂਦੀਆਂ ਹਨ।

ਉਦਯੋਗਿਕ ਕੂੜਾ: ਲੁਧਿਆਣਾ ਦੇ ਬੁੱਢਾ ਨਾਲੇ ਵਿੱਚ 1500 ਤੋਂ ਵੱਧ ਉਦਯੋਗਿਕ ਇਕਾਈਆਂ ਜ਼ਹਿਰੀਲੇ ਰਸਾਇਣ ਸੁੱਟਦੀਆਂ ਹਨ, ਜੋ ਸਤਲੁਜ ਅਤੇ ਧਰਤੀ ਹੇਠਲੇ ਪਾਣੀ ਨੂੰ ਪ੍ਰਦੂਸ਼ਿਤ ਕਰਦੇ ਹਨ।

ਸੀਵਰੇਜ ਸਮੱਸਿਆ: ਸੀਵਰੇਜ ਦਾ ਸਹੀ ਟਰੀਟਮੈਂਟ ਨਹੀਂ ਹੁੰਦਾ, ਜੋ ਨਦੀਆਂ ਅਤੇ ਜ਼ਮੀਨ ‘ਚ ਮਿਲ ਕੇ ਉਸਨੂੰ ਪ੍ਰਭਾਵਿਤ ਕਰਦਾ ਹੈ।

ਯੂਰੇਨੀਅਮ ਦੀ ਮੌਜੂਦਗੀ: ਭਾਭਾ ਐਟੋਮਿਕ ਰਿਸਰਚ ਸੈਂਟਰ (BARC) ਦੇ ਅਧਿਐਨ ਮੁਤਾਬਕ, ਮਾਲਵਾ ਖੇਤਰ ਦੇ ਪਾਣੀ ਵਿੱਚ ਯੂਰੇਨੀਅਮ ਦੀ ਮਾਤਰਾ 60-200 ਮਾਈਕ੍ਰੋਗ੍ਰਾਮ/ਲੀਟਰ ਤੱਕ ਹੈ, ਜੋ ਸੁਰੱਖਿਅਤ ਸੀਮਾ (30 ਮਾਈਕ੍ਰੋਗ੍ਰਾਮ/ਲੀਟਰ) ਤੋਂ ਕਈ ਗੁਣਾ ਵੱਧ ਹੈ।

ਖੇਤੀਬਾੜੀ ਅਤੇ ਵਾਤਾਵਰਣ ‘ਤੇ ਅਸਰ: ਪ੍ਰਦੂਸ਼ਿਤ ਪਾਣੀ ਨਾਲ ਸਿੰਚਾਈ ਕਰਨ ਕਰਕੇ ਮਿੱਟੀ ਦੀ ਉਪਜਾਊ ਸ਼ਕਤੀ 20-30% ਤੱਕ ਘਟੀ ਹੈ। ਜ਼ਹਿਰੀਲੇ ਤੱਤ ਯੁਕਤ ਪਾਣੀ ਫਸਲਾਂ ‘ਚ ਜ਼ਹਿਰੀਲੇ ਤੱਤ ਪਹੁੰਚਾ ਰਿਹਾ ਹੈ।

ਪ੍ਰਭਾਵਿਤ ਖੇਤਰ: ਮਾਲਵਾ (ਬਠਿੰਡਾ, ਮੁਕਤਸਰ, ਫਰੀਦਕੋਟ), ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਅਤੇ ਪਟਿਆਲਾ ਵਿੱਚ ਪ੍ਰਦੂਸ਼ਣ ਦਾ ਪੱਧਰ ਸਭ ਤੋਂ ਵੱਧ ਹੈ।

ਪਾਣੀ ਦੀ ਘਟਦੀ ਮਾਤਰਾ: ਪੰਜਾਬ ਵਿੱਚ ਹਰ ਸਾਲ ਧਰਤੀ ਹੇਠਲੇ ਪਾਣੀ ਦਾ ਪੱਧਰ 0.5-1 ਮੀਟਰ ਤੱਕ ਘਟ ਰਿਹਾ ਹੈ, ਜੋ ਪ੍ਰਦੂਸ਼ਣ ਨੂੰ ਹੋਰ ਗੰਭੀਰ ਕਰਦਾ ਹੈ ਕਿਉਂਕਿ ਘੱਟ ਪਾਣੀ ਵਿੱਚ ਜ਼ਹਿਰੀਲੇ ਤੱਤ ਜ਼ਿਆਦਾ ਸੰਘਣੇ ਹੋ ਜਾਂਦੇ ਹਨ।

ਅਸੀਂ ਕੀ ਕਰ ਸਕਦੇ ਹਾਂ?

ਪਾਣੀ ਬਚਾਓ: ਤੁਪਕਾ ਸਿੰਚਾਈ ਅਤੇ ਫੁਹਾਰਾ ਵਿਧੀ ਨਾਲ ਸਿੰਚਾਈ। ਚੌਲ-ਕਣਕ ਦੀ ਬਜਾਏ ਘੱਟ ਪਾਣੀ ਵਾਲੀਆਂ ਫਸਲਾਂ। ਮੰਡੀ ਲੱਭਣ ਲਈ ਸਰਕਾਰ ਤੇ ਟੇਕ ਰੱਖਣ ਦੀ ਬਜਾਇ ਖੁਦ ਉੱਦਮ ਕਰਕੇ – ਪ੍ਰੋਸੈਸਿੰਗ ਆਦਿ ਬਾਰੇ ਵੇਖ ਕੇ ਵੱਧ ਮੁੱਲ ਵੱਟਿਆ ਜਾ ਸਕਦਾ ਹੈ।

ਜੈਵਿਕ ਖੇਤੀ: ਰਸਾਇਣਕ ਖਾਦਾਂ ਦੀ ਬਜਾਏ ਜੈਵਿਕ ਖਾਦਾਂ (ਗੋਬਰ, ਕੰਪੋਸਟ) ਦੀ ਵਰਤੋਂ।

ਬਰਸਾਤੀ ਪਾਣੀ ਸਾਂਭ ਸੰਭਾਲ : ਸਮਰੱਥਾ ਵਾਲੇ ਸੱਜਣ ਦਸਵੰਧ ਕੱਢ ਕੇ ਰੇਨ ਵਾਟਰ ਹਾਰਵੈਸਟਿੰਗ ਸਿਸਟਮ ਲਗਾ ਸਕਦੇ ਹਨ। ਅਜਿਹਾ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਉੱਚਾ ਚੁੱਕੇਗਾ।

ਜਾਗਰੂਕਤਾ ਅਤੇ ਸੰਘਰਸ਼: ਆਪਣੇ ਭਾਈਚਾਰੇ ਵਿੱਚ ਪ੍ਰਦੂਸ਼ਿਤ ਪਾਣੀ ਦੇ ਖਤਰਿਆਂ ਬਾਰੇ ਸਕੂਲਾਂ, ਸੱਥਾਂ ਅਤੇ ਸੋਸ਼ਲ ਮੀਡੀਆ ਰਾਹੀਂ ਚਰਚਾ ਕਰੋ। ਮੱਤੇਵਾੜਾ, ਸਾਂਝਾ ਮੋਰਚਾ ਜੀਰਾ, ਮੁਦਕੀ ਮੋਰਚਾ, ਚਮਕੌਰ ਸਾਹਿਬ ਮੋਰਚਾ, ਤਲਵੰਡੀ ਅਕਲੀਆਂ ਅਤੇ ਲੈਂਡ ਪੂਲਿੰਗ ਨੀਤੀ ਆਦਿ ‘ਚ ਲੋਕ ਰੋਹ ਕਰਕੇ ਹੀ ਸਰਕਾਰ ਨੂੰ ਪੈਰ ਪਿਛਾਂਹ ਖਿੱਚਣੇ ਪਏ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version