February 11, 2021 | By ਸਿੱਖ ਸਿਆਸਤ ਬਿਊਰੋ
ਹੁਸ਼ਿਆਰਪੁਰ: 26 ਜਨਵਰੀ ਨੂੰ ਟਰੈਕਟਰ ਪਰੇਡ ਮੌਕੇ ਲਾਲ ਕਿਲੇ ਵਿਖੇ ਵਾਪਰੀਆਂ ਘਟਨਾਵਾਂ ਦੇ ਦੋਸ਼ ਤਹਿਤ ਪੰਜਾਬ ਭਰ ਦੇ ਅਲੱਗ-ਅਲੱਗ ਇਲਾਕਿਆਂ ਨਾਲ ਸੰਬੰਧਿਤ ਤਕਰੀਬਨ 122 ਨੌਜਵਾਨ ਦਿੱਲੀ ਪੁਲੀਸ ਨੇ ਗ੍ਰਿਫ਼ਤਾਰ ਕੀਤੇ ਹਨ ਅਤੇ ਲਗਭਗ 25 ਨੌਜਵਾਨ ਅੱਜ ਵੀ ਲਾਪਤਾ ਹਨ। ਗ੍ਰਿਫ਼ਤਾਰ ਕੀਤੇ ਗਏ ਨੌਜਵਾਨਾਂ ਵਿਚੋਂ ਦੋ ਨੌਜਵਾਨ ਸ. ਬਲਵਿੰਦਰ ਸਿੰਘ s/o ਸ. ਅਮਰੀਕ ਸਿੰਘ ਬੁੱਢੀ ਪਿੰਡ, ਸ. ਗੁਰਦਿਆਲ ਸਿੰਘ s/o ਸ. ਤਾਰਾ ਸਿੰਘ ਪਿੰਡ ਹੁਸੈਨਪੁਰ ਲਾਲੋਵਾਲ ਹੁਸ਼ਿਆਰਪੁਰ ਜ਼ਿਲ੍ਹੇ ਨਾਲ ਸਬੰਧ ਰੱਖਦੇ ਹਨ।
ਦਲ ਖ਼ਾਲਸਾ ਅਤੇ ਸਿੱਖ ਯੂਥ ਆਫ ਪੰਜਾਬ ਦੇ ਨੌਜਵਾਨਾਂ ਨੇ ਅੱਜ ਇਨ੍ਹਾਂ ਗ੍ਰਿਫ਼ਤਾਰ ਕੀਤੇ ਨੌਜਵਾਨਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਇਹ ਭਰੋਸਾ ਦਿਵਾਇਆ ਕਿ ਉਹ ਹਰ ਮੁਸੀਬਤ ਦੀ ਘੜੀ ਵਿੱਚ ਪਰਿਵਾਰ ਦੇ ਨਾਲ ਖੜ੍ਹੇ ਹਨ। ਦੋਵਾਂ ਜਥੇਬੰਦੀਆਂ ਵਲੋਂ ਪਰਿਵਾਰਾਂ ਨੂੰ ਮਾਇਕ ਸਹਾਇਤਾ ਵੀ ਦਿੱਤੀ ਗਈ। ਉਨ੍ਹਾਂ ਕਿਹਾ ਕਿ ਦਿੱਲੀ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਸਾਰੇ ਹੀ ਨੌਜਵਾਨਾਂ ਨੂੰ ਬਿਨਾਂ ਸ਼ਰਤ ਤੁਰੰਤ ਰਿਹਾ ਕਰਨਾ ਚਾਹੀਦਾ ਹੈ।
ਸਿੱਖ ਯੂਥ ਆਫ ਪੰਜਾਬ ਦੇ ਪ੍ਰਧਾਨ ਪਰਮਜੀਤ ਸਿੰਘ ਮੰਡ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੋਨੇਂ ਹੀ ਪਰਿਵਾਰ ਗ਼ਰੀਬ ਤਬਕੇ ਨਾਲ ਸਬੰਧ ਰੱਖਦੇ ਹਨ ਅਤੇ ਦੋਨਾਂ ਹੀ ਪਰਿਵਾਰਾਂ ਦੀ ਮਾਲੀ ਹਾਲਤ ਤਰਸਯੋਗ ਹੈ। ਉਨ੍ਹਾਂ ਦੱਸਿਆ ਕਿ ਪਰਿਵਾਰ ਨੇ ਇਹ ਜਾਣਕਾਰੀ ਵੀ ਸਾਂਝੀ ਕੀਤੀ ਹੈ ਕਿ ਉਹ ਆਪਣੇ ਬੱਚਿਆਂ ਨਾਲ ਗੱਲ ਨਾ ਹੋਣ ਕਾਰਨ ਬਹੁਤ ਜ਼ਿਆਦਾ ਚਿੰਤਤ ਹਨ।
ਦਲ ਖ਼ਾਲਸਾ ਦੇ ਜਨਰਲ ਸਕੱਤਰ ਪਰਮਜੀਤ ਸਿੰਘ ਟਾਂਡਾ ਨੇ ਕਿਹਾ ਕਿ ਉਹ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੂੰ ਅਪੀਲ ਕਰਦੇ ਹਨ ਕਿ ਜਿੰਨੇ ਵੀ ਨੌਜਵਾਨ ਦਿੱਲੀ ਵਿਖੇ ਗ੍ਰਿਫਤਾਰ ਕੀਤੇ ਗਏ ਹਨ, ਜਿੱਥੇ ਉਨ੍ਹਾਂ ਨੌਜਵਾਨਾਂ ਦੇ ਕੇਸਾਂ ਦੀ ਪੈਰਵਾਈ ਕਰਨ ਲਈ ਕਾਨੂੰਨੀ ਸਲਾਹ ਮਸ਼ਵਰੇ ਦੀ ਜ਼ਰੂਰਤ ਹੈ ਉੱਥੇ ਹੀ ਇਨ੍ਹਾਂ ਪਰਿਵਾਰਾਂ ਨੂੰ ਬਣਦੀ ਮਾਇਕ ਸਹਾਇਤਾ ਵੀ ਦੇਣੀ ਚਾਹੀਦੀ ਹੈ।
ਜ਼ਿਕਰਯੋਗ ਹੈ ਕਿ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਲੋਕਾਂ ਦਾ ਸੈਲਾਬ ਪੰਜਾਬ ਤੋਂ ਦਿੱਲੀ ਪਹੁੰਚਿਆ ਸੀ ਅਤੇ 26 ਜਨਵਰੀ ਨੂੰ ਲਾਲ ਕਿਲਾ ਵਾਲੇ ਮਾਮਲੇ ਵਿੱਚ ਬਹੁਤ ਸਾਰੇ ਬੇਕਸੂਰ ਨੌਜਵਾਨ ਦਿੱਲੀ ਪੁਲਿਸ ਨੇ ਗ੍ਰਿਫਤਾਰ ਕੀਤੇ ਹਨ। ਵੱਖ-ਵੱਖ ਥਾਵਾਂ ਤੋਂ ਨੌਜਵਾਨ ਫੜ ਕੇ ਲਾਲ ਕਿਲਾ ਮਾਮਲੇ ਨਾਲ ਜੋੜ ਕੇ ਤਿਹਾੜ ਜੇਲ ਵਿੱਚ ਡੱਕ ਦਿੱਤੇ ਗਏ ਹਨ।
ਮੁਲਾਕਾਤ ਕਰਨ ਮੌਕੇ ਉਨ੍ਹਾਂ ਨਾਲ ਹੋਰਨਾਂ ਤੋਂ ਇਲਾਵਾ ਸ.ਰਣਵੀਰ ਸਿੰਘ ਗੀਗਨੋਵਾਲ, ਗੁਰਪ੍ਰੀਤ ਸਿੰਘ ਖੁੱਡਾ ਅਤੇ ਸਿੱਖ ਯੂਥ ਆਫ ਪੰਜਾਬ ਦੇ ਗੁਰਨਾਮ ਸਿੰਘ ਮੂਨਕਾਂ ਅਤੇ ਜਸਪ੍ਰੀਤ ਸਿੰਘ ਹਾਜ਼ਰ ਸਨ।
Related Topics: Dal Khalsa, Delhi, farmer, India's Republic Day (26 January), Parmjeet Singh Mand, Sikh Youth of Punjab