February 12, 2017 | By ਸਿੱਖ ਸਿਆਸਤ ਬਿਊਰੋ
ਨਵੀਂ ਦਿੱਲੀ: 26 ਫਰਵਰੀ ਨੂੰ ਹੋਣ ਵਾਲੀਆਂ ਦਿੱਲੀ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਲਈ 5 ਜੱਥੇਬੰਦੀਆਂ ਨੂੰ ਰਾਖਵੇਂ ਚੋਣ ਨਿਸ਼ਾਨ ਅਲਾਟ ਕੀਤੇ ਗਏ ਹਨ, ਹਾਲਾਂਕਿ ਕੁਝ ਜੱਥੇਬੰਦੀਆਂ ਦੇ ਰਾਖਵੇਂ ਚੋਣ ਨਿਸ਼ਾਨ ਦਾ ਮਸਲਾ ਆਖਿਰੀ ਸਮੇਂ ਅਦਾਲਤ ਦੀ ਦਖਲਅੰਦਾਜ਼ੀ ਤੋਂ ਬਾਅਦ ਹੀ ਹੱਲ ਹੋ ਸਕਿਆ। ਦਰਅਸਲ ਦਿੱਲੀ ਗੁਰਦੁਆਰਾ ਚੋਣ ਵਿਭਾਗ ਵੱਲੋਂ ਸਿਰਫ ਰਜਿਸਟਰਡ ਧਾਰਮਿਕ ਜਥੇਬੰਦੀਆਂ ਨੂੰ ਹੀ ਰਾਖਵੇਂ ਚੋਣ ਨਿਸ਼ਾਨ ਅਲਾਟ ਕੀਤੇ ਜਾਂਦੇ ਹਨ ਜਦਕਿ ਬਾਕੀ ਆਜ਼ਾਦ ਉਮੀਦਵਾਰਾਂ ਵਾਸਤੇ ਵੱਖ-ਵੱਖ ਚੋਣ ਨਿਸ਼ਾਨਾਂ ਦੀ ਵੱਖਰੀ ਸੂਚੀ ਹੁੰਦੀ ਹੈ।
ਸਾਲ 2013 ਦੀਆਂ ਪਿਛਲੀਆਂ ਚੋਣਾਂ ‘ਚ ਸਿਰਫ 5 ਪਾਰਟੀਆਂ ਨੂੰ ਰਾਖਵੇਂ ਚੋਣ ਨਿਸ਼ਾਨ ਅਲਾਟ ਕੀਤੇ ਗਏ ਸੀ, ਜਿਨ੍ਹਾਂ ਵਿਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ‘ਬਾਲਟੀ’, ਸ਼੍ਰੋਮਣੀ ਅਕਾਲੀ ਦਲ ਦਿੱਲੀ (ਸਰਨਾ) ਨੂੰ ‘ਕਾਰ’ , ਕੇਂਦਰੀ ਗੁਰੂ ਸਿੰਘ ਸਭਾ ਨੂੰ ‘ਕਿਤਾਬ’ ਅਤੇ ਦਸ਼ਮੇਸ਼ ਸੇਵਾ ਸੁਸਾਇਟੀ ਨੂੰ ‘ਪਤੰਗ’ ਅਲਾਟ ਕੀਤੇ ਗਏ ਸਨ, ਜਦਕਿ ਸ਼੍ਰੋਮਣੀ ਅਕਾਲੀ ਦਲ (ਪੰਥਕ) ਦਾ ਚੋਣ ਨਿਸ਼ਾਨ ‘ਮੋਮਬੱਤੀਆਂ ਦਾ ਜੋੜਾ’ ਵੀ ਰਾਖਵੀਂ ਸੂਚੀ ‘ਚ ਸੀ ਪਰ ਉਸ ਨਿਸ਼ਾਨ ‘ਤੇ ਕਿਸੇ ਉਮੀਦਵਾਰ ਨੇ ਚੋਣ ਨਹੀਂ ਲੜੀ ਸੀ ਕਿਉਂਕਿ ਇਸ ਤੋਂ ਪਹਿਲਾਂ ਹੀ ਸ਼੍ਰੋਮਣੀ ਅਕਾਲੀ ਦਲ (ਪੰਥਕ) ਦਾ ਬਾਦਲ ਦਲ ‘ਚ ਰਲੇਵਾਂ ਹੋ ਗਿਆ ਸੀ।
ਹੁਣ 26 ਫਰਵਰੀ ਨੂੰ ਹੋਣ ਵਾਲੀਆਂ ਚੋਣਾਂ ਲਈ ਵੀ ਦਿੱਲੀ ਗੁਰਦੁਆਰਾ ਚੋਣ ਵਿਭਾਗ ਵੱਲੋਂ 5 ਜੱਥੇਬੰਦੀਆਂ ਨੂੰ ਰਾਖਵੇਂ ਚੋਣ ਨਿਸ਼ਾਨ ਅਲਾਟ ਕੀਤੇ ਗਏ ਹਨ। ਇਨ੍ਹਾਂ ‘ਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ‘ਬਾਲਟੀ’, ਸ਼੍ਰੋਮਣੀ ਅਕਾਲੀ ਦਲ ਦਿੱਲੀ (ਸਰਨਾ) ਨੂੰ ‘ਕਾਰ’ ਤੋਂ ਇਲਾਵਾ ਨਵੀਆਂ ਜੱਥੇਬੰਦੀਆਂ ਪੰਥਕ ਸੇਵਾ ਦਲ ਨੂੰ ‘ਟਰੈਕਟਰ ਚਲਾਉਂਦਾ ਕਿਸਾਨ’, ਅਕਾਲ ਸਹਾਇ ਵੈਲਫੇਅਰ ਸੁਸਾਇਟੀ ਨੂੰ ‘ਮੋਮਬੱਤੀਆਂ ਦਾ ਜੋੜਾ’ ਅਤੇ ਆਮ ਅਕਾਲੀ ਦਲ ਨੂੰ ‘ਬਲੈਕ ਬੋਰਡ’ ਚੋਣ ਨਿਸ਼ਾਨ ਅਲਾਟ ਕੀਤਾ ਗਿਆ ਹੈ। ਇਸ ਤੋਂ ਇਲਾਵਾ ਗੁਰਦੁਆਰਾ ਚੋਣ ਵਿਭਾਗ ਕੋਲ ਵੱਖ ਤੋਂ 24 ਚੋਣ ਨਿਸ਼ਾਨਾਂ ਦੀ ਸੂਚੀ ਹੈ ਜਿਨ੍ਹਾਂ ‘ਚੋਂ ਆਜ਼ਾਦ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਕੀਤੇ ਗਏ ਹਨ।
ਪਿਛਲੀ ਵਾਰ ‘ਕਿਤਾਬ’ ਚੋਣ ਨਿਸ਼ਾਨ ‘ਤੇ ਚੋਣ ਲੜਨ ਵਾਲੀ ਜੱਥੇਬੰਦੀ ਕੇਂਦਰੀ ਗੁਰੂ ਸਿੰਘ ਸਭਾ ਅਤੇ ‘ਪਤੰਗ’ ਨਿਸ਼ਾਨ ‘ਤੇ ਚੋਣ ਲੜਨ ਵਾਲੀ ਦਸ਼ਮੇਸ਼ ਸੇਵਾ ਸੁਸਾਇਟੀ ਨੂੰ ਚੋਣ ਨਿਸ਼ਾਨ ਅਲਾਟ ਨਾ ਕੀਤੇ ਜਾਣ ਦਾ ਮਾਮਲਾ ਹਾਲੇ ਅਦਾਲਤ ਵਿਚ ਚਲ ਰਿਹਾ ਹੈ, ਜਿਸ ਕਰਕੇ ਸਾਬਕਾ ਵਿਧਾਇਕ ਤੇ ਮੌਜੂਦਾ ਦਿੱਲੀ ਕਮੇਟੀ ਮੈਂਬਰ ਤਰਵਿੰਦਰ ਸਿੰਘ ਮਰਵਾਹ ਨੂੰ ਆਜ਼ਾਦ ਉਮੀਦਵਾਰ ਵੱਜੋਂ ਚੋਣ ਲੜਨੀ ਪੈ ਰਹੀ ਹੈ। ਭਾਈ ਵਡਾਲਾ ਦੀ ਅਗਵਾਈ ਵਾਲੇ ਸਿੱਖ ਸਦਭਾਵਨਾ ਦਲ ਨੂੰ ਰਾਖਵਾਂ ਚੋਣ ਨਿਸ਼ਾਨ ਅਲਾਟ ਨਹੀਂ ਹੋਇਆ ਹੈ ਜਿਸ ਦੇ ਕਾਰਨ ਉਸ ਦੇ ਸਾਰੇ ਉਮੀਦਵਾਰਾਂ ਨੂੰ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨੀ ਪੈ ਰਹੀ ਹੈ।
Related Topics: Bhai Baldev Singh Wadala, Bhai Ranjit Singh, DSGMC, DSGMC elections 2017, Manjit Singh GK, paramjit singh sarna, Sikhs in Delhi, ਦਿੱਲੀ ਕਮੇਟੀ ਚੋਣਾਂ 2017