April 12, 2018 | By ਸਿੱਖ ਸਿਆਸਤ ਬਿਊਰੋ
ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੂਹ ਕਮੇਟੀ ਮੈਂਬਰ ਆਪਣਿਆਂ ਹਲਕਿਆਂ ’ਚ ਫਿਲਮ ਦੇ ਪ੍ਰਦਰਸ਼ਨ ਨੂੰ ਰੋਕਣ ਵਾਸਤੇ ਸਥਾਨਿਕ ਸੰਗਤ ਦੇ ਨਾਲ ਸਿਨੇਮਾ ਹਾਲਾਂ ਦੇ ਬਾਹਰ ਮੋਰਚੇ ਲਗਾਉਣਗੇ। ਇਸ ਗੱਲ ਦਾ ਫੈਸਲਾ ਅੱਜ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ 5 ਸਿੰਘ ਸਾਹਿਬਾਨਾ ਦੀ ਬੈਠਕ ਉਪਰੰਤ ਫਿਲਮ ਦੇ ਨਿਰਮਾਤਾ ਹਰਿੰਦਰ ਸਿੰਘ ਸਿੱਕਾ ਨੂੰ ਪੰਥ ’ਚੋਂ ਛੇਕਣ ਬਾਅਦ ਕਮੇਟੀ ਅਹੁਦੇਦਾਰਾਂ ਦੀ ਮੀਟਿੰਗ ’ਚ ਲਿਆ ਗਿਆ।
ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦੀ ਅਗਵਾਈ ’ਚ ਹੋਈ ਬੈਠਕ ’ਚ ਸਮੂਹ ਅਹੁਦੇਦਾਰਾਂ ਨੇ ਸਿੰਘ ਸਾਹਿਬਾਨਾਂ ਵੱਲੋਂ ਲਏ ਗਏ ਫੈਸਲੇ ਦੀ ਸਲਾਘਾ ਕੀਤੀ। ਜੀ.ਕੇ. ਨੇ ਕਿਹਾ ਕਿ ਸਿੱਖ ਸਿਧਾਂਤਾ ਦੀ ਰੱਖਿਆ ਕਰਨਾ ਦਿੱਲੀ ਕਮੇਟੀ ਦੀ ਮੁੱਢਲੀ ਜਿੰਮੇਵਾਰੀ ਹੈ।ਇਸ ਲਈ ਕਿਸੇ ਵੀ ਮਨੁੱਖੀ ਸ਼ਰੀਰ ਨੂੰ ਗੁਰੂ ਸਾਹਿਬ ਜਾਂ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਦਾ ਰੋਲ ਫਿਲਮ ’ਚ ਨਿਭਾਉਣ ਦੀ ਮਨਜੂਰੀ ਨਹੀਂ ਦਿੱਤੀ ਜਾ ਸਕਦੀ।
ਜੀ.ਕੇ. ਨੇ ਦਿੱਲੀ ਹਾਈਕੋਰਟ ਵੱਲੋਂ ਅੱਜ ਦਿੱਲੀ ਕਮੇਟੀ ਦੀ ਪਟੀਸ਼ਨ ’ਤੇ ਸੁਣਵਾਈ ਕਰਦੇ ਹੋਏ ਭਾਰਤ ਸਰਕਾਰ, ਸੈਂਸਰ ਬੋਰਡ ਅਤੇ ਸਿੱਕਾ ਨੂੰ ਨੋਟਿਸ ਜਾਰੀ ਹੋਣ ਦੀ ਜਾਣਕਾਰੀ ਦਿੱਤੀ। ਜੀ.ਕੇ. ਨੇ ਕਿਹਾ ਕਿ ਸੁਪਰੀਮ ਕੋਰਟ ਨੇ ਇਸ ਮਾਮਲੇ ਦੀ ਸੁਣਵਾਈ ਸੋਮਵਾਰ ਨੂੰ ਮੁੜ੍ਹ ਕਰਨ ਦਾ ਆਦੇਸ਼ ਦਿੱਤਾ ਹੈ।ਇਸ ਲਈ ਅਸੀਂ ਆਸ਼ ਕਰਦੇ ਹਾਂ ਕਿ ਦੋਨੋਂ ਅਦਾਲਤਾਂ ਸਿੱਖਾਂ ਦੇ ਹੱਕ ’ਚ ਫੈਸਲਾ ਦੇਣਗੀਆਂ।
ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਫਿਲਮ ’ਤੇ ਰੋਕ ਲਗਾਉਣ ਲਈ ਦਿੱਲੀ ਦੇ ਮੁਖਮੰਤਰੀ ਅਰਵਿੰਦ ਕੇਜਰੀਵਾਲ ਨੂੰ ਪੱਤਰ ਭੇਜਣ ਦਾ ਹਵਾਲਾ ਦਿੱਤਾ। ਸਿਰਸਾ ਨੇ ਦੱਸਿਆ ਕਿ ਆਪਣੇ ਪੱਤਰ ’ਚ ਉਨਾਂ੍ਹ ਨੇ ਕੇਜਰੀਵਾਲ ਨੂੰ ਸਿੱਖਾਂ ਦੀ ਭਾਵਨਾਵਾਂ ਨੂੰ ਸਮਝਣ ਦੀ ਬੇਨਤੀ ਕਰਨ ਦੇ ਨਾਲ ਹੀ ਇਸ ਮਾਮਲੇ ’ਤੇ ਦਿੱਲੀ ਸਰਕਾਰ ਨੂੰ ਸਥਿਤੀ ਸਪਸ਼ਟ ਕਰਨ ਦੀ ਗੱਲ ਕਹੀ ਹੈ। ਸਿੱਕਾ ਨੂੰ ਪੰਥ ’ਚੋਂ ਛੇਕਣ ਦਾ ਸਵਾਗਤ ਕਰਦੇ ਹੋਏ ਸਿਰਸਾ ਨੇ ਕਿਹਾ ਕਿ ਹੁਣ ਕੌਮ ਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਜਿਹੜਾ ਸਿੱਖ ਇਸ ਫਿਲਮ ਨੂੰ ਦੇਖਣ ਜਾਵੇਗਾ ਉਸ ਨੂੰ ਵੀ ਪੰਥ ’ਚੋਂ ਛੇਕੀਆ ਜਾ ਸਕਦਾ ਹੈ।
ਬੀਤੇ ਦਿਨੀਂ ਸ਼੍ਰੋਮਣੀ ਕਮੇਟੀ ਵੱਲੋਂ ਮੁੜ੍ਹ ਤੋਂ ਫਿਲਮ ਦੀ ਜਾਂਚ ਲਈ ਬਣਾਈ ਗਈ ਕਮੇਟੀ ’ਚ ਦਿੱਲੀ ਕਮੇਟੀ ਦੇ ਪ੍ਰਤੀਨਿਧੀ ਵੱਜੋਂ ਬਤੌਰ ਮੈਂਬਰ ਸ਼ਾਮਿਲ ਸਿਰਸਾ ਨੇ ਸਾਫ਼ ਕਿਹਾ ਕਿ ਕੌਮ ਦੀ ਭਾਵਨਾਵਾਂ ਨੂੰ ਮੁੱਖ ਰੱਖਦੇ ਹੋਏ ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਸਪਸ਼ਟ ਤੌਰ ’ਤੇ ਦੱਸ ਦਿੱਤਾ ਸੀ ਕਿ ਦਿਲੀ ਕਮੇਟੀ ਇਸ ਫਿਲਮ ਦੇ ਖਿਲਾਫ਼ ਹੈ।
Related Topics: DSGPC, Manjeet Singh GK, Manjinder Sirsa, Nanak Shah Fakir Film Controversy, Sikh in Delhi