November 21, 2017 | By ਸਿੱਖ ਸਿਆਸਤ ਬਿਊਰੋ
ਅੰਮ੍ਰਿਤਸਰ: ਦਮਦਮੀ ਟਕਸਾਲ (ਮਹਿਤਾ) ਦੇ ਮੁਖੀ ਬਾਬਾ ਹਰਨਾਮ ਸਿੰਘ ਧੁੰਮਾ ਨੇ ਦਿੱਲੀ ਦੇ ਵਿਰਾਸਤੀ ਦਿਆਲ ਸਿੰਘ ਮਜੀਠੀਆ ਕਾਲਜ (ਈਵਨਿੰਗ) ਦਾ ਨਾਂ ਬਦਲ ਕੇ ‘ਵੰਦੇ ਮਾਤਰਮ ਮਹਾਵਿਦਿਆਲਾ’ ਰੱਖਣ ‘ਤੇ ਸਖ਼ਤ ਇਤਰਾਜ਼ ਜਤਾਇਆ ਹੈ। ਉਹਨਾਂ ਕਿਹਾ ਕਿ ਅਜਿਹਾ ਕਰਨਾ ਸਿੱਖ ਕੌਮ ਦੇ ਸਰਦਾਰਾਂ ਦੀ ਦੇਣ ਨੂੰ ਛੁਟਿਆਉਣ ਦੀ ਕੋਝੀ ਚਾਲ ਹੈ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।
ਉਹਨਾਂ ਸਿੱਖ ਸੰਗਤ ‘ਚ ਭਾਰੀ ਰੋਸ ਦਾ ਜ਼ਿਕਰ ਕਰਦਿਆਂ ਕਿਹਾ ਕਿ ਕਾਲਜ ਦੇ ਇੰਤਜ਼ਾਮਿਆ (ਗਵਰਨਿੰਗ ਬਾਡੀ) ਵੱਲੋਂ ਕਾਲਜ ਦਾ ਨਾਮ ਬਦਲ ਕੇ ‘ਵੰਦੇ ਮਾਤਰਮ ਰੱਖਣ ਤੋਂ ਹੀ ਇਹਨਾਂ ਦੇ ਫਿਰਕੂ ਮਨਸੂਬੇ ਜਗ ਜ਼ਾਹਿਰ ਹਨ। ਇਹ ਫੈਸਲਾ ਸ਼ਰਾਰਤ ਪੂਰਨ ਹੈ ਅਤੇ ਕੁੱਝ ਲੋਕ ਫੁੱਟ ਪਾਊ ਫਿਰਕਾਪ੍ਰਸਤੀ ਸੋਚ ਤਹਿਤ ਭਾਈਚਾਰਕ ਸਾਂਝ ਨੂੰ ਲਾਂਬੂ ਲਾ ਕੇ ਲੋਕਾਂ ਦਾ ਨੁਕਸਾਨ ਕਰਨ ‘ਚ ਲੱਗੇ ਹਨ। ਜਿਸ ਬਾਰੇ ਸਰਕਾਰ ਨੂੰ ਖਾਸ ਧਿਆਨ ਦੇਣ ਦੀ ਲੋੜ ਹੈ। ਉਹਨਾਂ ਕਿਹਾ ਕਿ ਸ. ਦਿਆਲ ਸਿੰਘ ਮਜੀਠੀਆ ਇੱਕ ਮਹਾਨ ਤੇ ਰੌਸ਼ਨ ਦਿਮਾਗ ਸਿੱਖ ਸਰਦਾਰ ਸਨ ਜਿਨ੍ਹਾਂ ਦੀਆਂ ਕੌਮ ਪ੍ਰਤੀ ਸੇਵਾਵਾਂ ਭੁਲਾਈਆਂ ਨਹੀਂ ਜਾ ਸਕਦੀਆਂ। ਜਿਨ੍ਹਾਂ ਨੇ ਆਧੁਨਿਕ ਸਿੱਖਿਆ ਪ੍ਰਣਾਲੀ ਰਾਹੀਂ ਨੌਜਵਾਨ ਵਰਗ ਨੂੰ ਸਮੇਂ ਦਾ ਹਾਣੀ ਬਣਾਇਆ, ਅਦਬੀ ਅਤੇ ਸਿਆਸੀ ਖੇਤਰ ਵਿੱਚ ਆਪਣੀ ਪਛਾਣ ਸਥਾਪਿਤ ਕਰਨ ਤੋਂ ਇਲਾਵਾ ਪੰਜਾਬ ਨੈਸ਼ਨਲ ਬੈਂਕ ਰਾਹੀ ਬੈਂਕਿੰਗ ਅਤੇ ਟ੍ਰਿਬਿਊਨ ਅਦਾਰੇ ਰਾਹੀਂ ਮੀਡੀਆ ਦੇ ਖੇਤਰ ‘ਚ ਅਹਿਮ ਯੋਗਦਾਨ ਪਾਇਆ।
ਉਹਨਾਂ ਵੱਲੋਂ ਸਥਾਪਤ ਕਾਲਜ ਅਤੇ ਲਾਇਬਰੇਰੀ ਲਾਹੌਰ ਪਾਕਿਸਤਾਨ ਤੋਂ ਇਲਾਵਾ ਕਰਨਾਲ ਆਦਿ ਵਿੱਚ ਸਫਲਤਾਪੂਰਵਕ ਚੱਲ ਰਹੇ ਹਨ। ਉਹਨਾਂ ਦਿੱਲੀ ਕਾਲਜ ਦੇ ਗਵਰਨਿੰਗ ਬਾਡੀ ਦੇ ਚੇਅਰਮੈਨ ਅਮਿਤਾਭ ਸਿਨਹਾ ਨੂੰ ਲਿਖੇ ਪੱਤਰ ‘ਚ ਪ੍ਰਬੰਧਕਾਂ ਨੂੰ ਨੈਤਿਕਤਾ ਬਰਕਰਾਰ ਰੱਖਣ ਦੀ ਸਲਾਹ ਦਿੰਦਿਆਂ ਕਿਹਾ ਕਿ ਸ: ਦਿਆਲ ਸਿੰਘ ਮਜੀਠੀਆ ਵੱਲੋਂ 1895 ‘ਚ ਇੱਕ ਸਿੱਖਿਆ ਟਰੱਸਟ ਬਣਾਉਂਦਿਆਂ ਸਥਾਪਿਤ ਕੀਤੇ ਗਏ ਦਿਆਲ ਸਿੰਘ ਕਾਲਜ ਤੋਂ ਉਨਾਂ ਦਾ ਨਾਮ ਮਿਟਾਉਣਾ ਮਨੁੱਖੀ ਅਧਿਕਾਰਾਂ ਦਾ ਘਾਣ ਕਰਦਿਆਂ ਸ: ਮਜੀਠੀਆ ਦਾ ਬਣਦਾ ਹੱਕ ਖੋਹਣਾ ਪ੍ਰਬੰਧਕਾਂ ਦਾ ਅਕ੍ਰਿਤਘਣ ਹੋਣ ਦਾ ਸਬੂਤ ਹੋਵੇਗਾ।
ਕਾਲਜ ਤੋਂ ਇੱਕ ਸਿੱਖ ਸਰਦਾਰ ਦਾ ਨਾਮ ਹਟਾ ਕੇ ਇੱਕ ਫਿਰਕੂ ਅਤੇ ਉਹ ਵੀ ਜਿਸ ‘ਤੇ ਭਾਰਤ ਵਿੱਚ ਪਹਿਲਾਂ ਹੀ ਵਿਵਾਦ ਚਲ ਰਿਹਾ ਹੋਵੇ ਉਹ ਨਾਮ ਦੇਣਾ ਨਾ ਕੇਵਲ ਸ: ਮਜੀਠੀਆ ਨਾਲ ਅਨਿਆਂ ਹੈ ਸਗੋਂ ਅੰਗ੍ਰੇਜ਼ੀ ਵਿਰੁੱਧ ਆਜ਼ਾਦੀ ਲਈ ਸਭ ਤੋਂ ਵਧ ਕੁਰਬਾਨੀਆਂ ਦੇਣ ਵਾਲੀ ਘੱਟਗਿਣਤੀ ਸਿੱਖ ਕੌਮ ਨਾਲ ਇੱਕ ਹੋਰ ਵਿਸਾਹਘਾਤ ਹੋਵੇਗਾ। ਜੇ ਪ੍ਰਬੰਧਕਾਂ ਨੇ ਯੂਨੀਵਰਸਿਟੀ ਬਣਾਉਣੀ ਹੀ ਹੈ ਤਾਂ ਹੋਰ ਬਿਲਡਿੰਗ ਉਸਾਰ ਲੈਣ ਅਤੇ ਉਸ ਦਾ ਨਾਮ ਕੋਈ ਵੀ ਰੱਖ ਲਿਆ ਜਾਵੇ। ਉਹਨਾਂ ਕਿਹਾ ਕਿ ਅਜਿਹਾ ਕੁੱਝ ਨਹੀਂ ਕਰਨਾ ਚਾਹੀਦਾ ਜਿਸ ਨਾਲ ਇਤਿਹਾਸਕ ਵਿਰਾਸਤ ਦਾ ਖ਼ਾਤਮਾ ਹੁੰਦਾ ਹੋਵੇ। ਉਹਨਾਂ ਕਿਹਾ ਕਿ ਕਾਲਜ ਦੇ ਨਾਂ ਦੀ ਇਹ ਤਬਦੀਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਤੇ ਲੋੜ ਪਈ ਤਾਂ ਹਰ ਪੱਧਰ ‘ਤੇ ਇਸ ਦਾ ਵਿਰੋਧ ਕੀਤਾ ਜਾਵੇਗਾ। ਉਹਨਾਂ ਸਿੱਖ ਭਾਈਚਾਰੇ ਨੂੰ ਅਜਿਹੇ ਫਿਰਕਾਪ੍ਰਸਤ ਤਾਕਤਾਂ ਦੇ ਮਨਸੂਬਿਆਂ ਪ੍ਰਤੀ ਖ਼ਬਰਦਾਰ ਕਰਦਿਆਂ ਸੁਚੇਤ ਰਹਿਣ ਦੀ ਅਪੀਲ ਕੀਤੀ।
Related Topics: Baba Harnam Singh Dhumma, BJP, Damdmi Taksal, Dyal Singh College in Delhi, Dyal Singh Majithia, Hindu Groups, Sikhs in Delhi