November 25, 2014 | By ਸਿੱਖ ਸਿਆਸਤ ਬਿਊਰੋ
ਹੁਸ਼ਿਆਰਪੁਰ (24 ਨਵੰਬਰ, 2014): ਸਿੱਖ ਹਿੱਤਾਂ ਲਈ ਲੰਮੇ ਸਮੇਂ ਤੋਂ ਕੰਮ ਕਰ ਰਹੀ ਜੱਥੇਬੰਦੀ ਦਲ ਖਲਾਸਾ ਸਿੱਖ ਸੰਘਰਸ਼ ਦੀ ਲੋਅ ਨੂੰ ਜਗਦਾ ਰੱਖਣ ਲਈ ਅਤੇ ਕੌਮ ਵਿੱਚ ਜਾਗ੍ਰਤੀ ਲਿਆਉਣ ਲਈ ਅੰਮ੍ਰਿਤਸਰ ਵਿੱਚ 10 ਦਸੰਬਰ ਨੂੰ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਦਿਵਸ ਮੌਕੇ ਰੈਲੀ ਅਤੇ ਮਾਰਚ ਕੀਤਾ ਜਾਵੇਗਾ।
ਇਹ ਜਾਣਕਾਰੀ ਦਲ ਦੇ ਕਾਰਜਕਾਰੀ ਪ੍ਰਧਾਨ ਹਰਚਰਨਜੀਤ ਸਿੰਘ ਧਾਮੀ ਨੇ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਿਛਲੇ ਤਿੰਨ ਦਹਾਕਿਆਂ ਦੌਰਾਨ ਪੰਜਾਬ ਅੰਦਰ ਮਨੁੱਖੀ ਅਧਿਕਾਰਾਂ ਦੇ ਘਾਣ ਦੇ ਸ਼ਿਕਾਰ ਹੋਏ ਪਰਿਵਾਰਾਂ ਵਿੱਚ ਇਨਸਾਫ਼ ਦੀ ਉਮੀਦ ਅਤੇ ਸੰਘਰਸ਼ ਦੀ ਲੋਅ ਨੂੰ ਜਗਦਾ ਰੱਖਣ ਲਈ ਇਹ ਮਾਰਚ ਕੀਤਾ ਜਾਵੇਗਾ।
ਸ੍ਰ. ਧਾਮੀ ਨੇ ਕਿਹਾ ਕਿ ਲੰਬਾ ਸਮਾਂ ਪੰਜਾਬ ਅੰਦਰ ਭਾਰਤ ਦੀ ਏਕਤਾ ਅਤੇ ਅਖੰਡਤਾ ਬਣਾਏ ਰੱਖਣ ਅਤੇ ਸਿੱਖਾਂ ਦੇ ਅਜ਼ਾਦੀ ਸੰਘਰਸ਼ ਨੂੰ ਕੁਚਲਣ ਦੇ ਬੁਰਕੇ ਹੇਠ ਸਧਾਰਨ ਸਿੱਖਾਂ ਅਤੇ ਸੰਘਰਸ਼ ਦੇ ਹਮਾਇਤੀਆਂ ਦੀ ਬਲੀ ਚੜ੍ਹਾਈ ਗਈ। ਉਨ੍ਹਾਂ ਕਿਹਾ ਕਿ ਇੰਨੇ ਸਾਲਾਂ ਮਗਰੋਂ ਵੀ ਕਈ ਪਰਿਵਾਰਾਂ ਨੂੰ ਅੱਜ ਵੀ ਆਪਣੇ ਮੈਂਬਰਾਂ ਦੀ ਉਡੀਕ ਹੈ।
ਜਥੇਬੰਦੀ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਪੰਜਾਬ ਦੇ ਲੋਕਾਂ ਨੂੰ ’84 ਤੋਂ ਬਾਅਦ ਭਾਰਤੀ ਸੁਰੱਖਿਆ ਫ਼ੋਰਸਾਂ ਵੱਲੋਂ ਜਬਰੀ ਲਾਪਤਾ ਕੀਤੇ ਗਏ ਬੇਜ਼ੁਬਾਨਾਂ ਦੀ ਜ਼ੁਬਾਨ ਬਣਨ ਦਾ ਹੋਕਾ ਦਿੱਤਾ। ਉਨ੍ਹਾਂ ਕਿਹਾ ਕਿ ਸਰਕਾਰੀ ਜ਼ੁਲਮ ਤੇ ਤਸ਼ੱਦਦ ਦੀ ਭੇਟ ਚੜ੍ਹੇ ਵਿਅਕਤੀਆਂ ਦੀ ਯਾਦ ਵਿਚ ਅਕਾਲ ਤਖਤ ਵਿਖੇ ਅਰਦਾਸ ਹੋਵੇਗੀ। ਉਨ੍ਹਾਂ ਨੇ ਪੀੜਤ ਪਰਿਵਾਰਾਂ ਨੂੰ ਇਸ ਵਿੱਚ ਵਧ ਚੜ੍ਹ ਕੇ ਸ਼ਾਮਿਲ ਹੋਣ ਦਾ ਸੱਦਾ ਦਿੱਤਾ।
ਡਾ. ਮਨਜਿੰਦਰ ਸਿੰਘ ਨੇ ਕਿਹਾ ਕਿ ਇਸ ਸਮਾਗਮ ਰਾਹੀਂ ਲੋਕਾਂ ਨੂੰ ਸੰਦੇਸ਼ ਦਿੱਤਾ ਜਾਵੇਗਾ ਕਿ ਸਿੱਖ ਕੌਮ ਆਪਣੇ ਹੱਕ ਅਤੇ ਇਨਸਾਫ਼ ਲਈ ਉਮਰ ਭਰ ਸੰਘਰਸ਼ ਕਰਨ ਦੇ ਸਮਰੱਥ ਹੈ। ਉਨ੍ਹਾਂ ਦੱਸਿਆ ਕਿ ਰੈਲੀ ਵਿੱਚ ਦਮਦਮੀ ਟਕਸਾਲ, ਸਿੱਖਜ਼ ਫ਼ਾਰ ਹਿਊਮਨ, ਸਿੱਖ ਯੂਥ ਆਫ਼ ਪੰਜਾਬ, ਸ਼ਹੀਦ ਭਾਈ ਧਰਮ ਸਿੰਘ ਖਾਲਸਾ ਟਰੱਸਟ, ਅਕਾਲੀ ਦਲ (ਪੰਚ ਪ੍ਰਧਾਨੀ), ਸੰਯੁਕਤ ਅਕਾਲੀ ਦਲ, ਪੰਥਕ ਸੇਵਾ ਲਹਿਰ, ਸਿੱਖ ਸਟੂਡੈਂਟਸ ਫ਼ੈਡਰੇਸ਼ਨ ਭਿੰਡਰਾਂਵਾਲਾ ਅਤੇ ਸ਼੍ਰੋਮਣੀ ਖਾਲਸਾ ਪੰਚਾਇਤ ਦੇ ਨੁਮਾਇੰਦੇ ਸ਼ਾਮਲ ਹੋਣਗੇ।
Related Topics: Dal Khalsa International