October 23, 2017 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ: ਦਲ ਖਾਲਸਾ ਨੇ ਰਾਸ਼ਟਰੀ ਸਿੱਖ ਸੰਗਤ ਨੂੰ ਦਿੱਲੀ ਵਿਖੇ ਗੁਰੁ ਗੋਬਿੰਦ ਸਿੰਘ ਜੀ ਦੇ 350 ਵੇਂ ਗੁਰਪੁਰਬ ਨੂੰ ਸਮਰਪਿਤ ਸਰਬ ਧਰਮ ਸੰਮੇਲਣ ਕਰਵਾਉਣ ਲਈ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਰਾਸ਼ਟਰੀ ਸਵੈਮ-ਸੇਵਕ ਸੰਘ ਵਲੋਂ ਸਿੱਖ ਧਰਮ ਅੰਦਰ ਘੁਸਪੈਠ ਕਰਨ ਦੇ ਖਤਰਨਾਕ ਮਨਸੂਬੇ ਨਾਲ ਰਾਸ਼ਟਰੀ ਸਿੱਖ ਸੰਗਤ ਨਾਮੀ ਜਥੇਬੰਦੀ ਬਣਾਈ ਗਈ ਸੀ।
ਪਾਰਟੀ ਪ੍ਰਧਾਨ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਰਾਸ਼ਟਰੀ ਸਿੱਖ ਸੰਗਤ ਦਾ ਸਿੱਖ ਮਾਮਲਿਆਂ ਵਿੱਚ ਦਖਲ ਦੇਣ ਦਾ ਕਿਸੇ ਪੱਖ ਤੋਂ ਕੋਈ ਹੱਕ ਨਹੀਂ ਹੈ ਅਤੇ ਨਾ ਹੀ ਕੌਮ ਇਸ ਬੇਤੁੱਕੀ ਅਤੇ ਸ਼ਰਾਰਤਭਰੀ ਦਖਲਅੰਦਾਜੀ ਨੂੰ ਬਰਦਾਸ਼ਤ ਕਰੇਗੀ।
ਸਬੰਧਤ ਖ਼ਬਰ:
“ਅਸੀਂ ਆਰਐਸਐਸ ਦੇ ‘ਸਿੱਖ ਸੰਮੇਲਨ’ ਦੇ ਨਾਮ ‘ਤੇ ਰਚੇ ਜਾ ਰਹੇ ਪਾਖੰਡ ਨੂੰ ਪੂਰੀ ਤਰ੍ਹਾਂ ਰੱਦ ਕਰਦੇ ਹਾਂ” …
ਰਾਸ਼ਟਰੀ ਸਿੱਖ ਸੰਗਤ ਦੇ ਵਜੂਦ ਉਤੇ ਸਵਾਲੀਆ ਚਿੰਨ੍ਹ ਲਾਉਦਿਆਂ ਉਹਨਾਂ ਕਿਹਾ ਕਿ ਸਿੱਖੀ ਸਿਧਾਂਤਾਂ ਅਨੁਸਾਰ ਸੰਗਤ ਕੇਵਲ ਗੁਰੂ ਦੀ ਹੁੰਦੀ ਹੈ ਨਾ ਕਿ ਕਿਸੇ ਰਾਸ਼ਟਰ ਦੀ। ਉਹਨਾਂ ਆਰ ਐਸ ਐਸ ਦੇ ਸਿੱਖ ਅਤੇ ਸਿੱਖੀ-ਵਿਰੋਧੀ ਮਨਸੂਬਿਆਂ ਤੋਂ ਲੋਕਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਅਜਿਹੇ ਨਾ-ਪਾਕ ਇਰਾਦਿਆਂ ਨੂੰ ਅਸਫਲ ਬਨਾਉਣਾ ਹਰ ਸਿੱਖ ਦਾ ਫਰਜ਼ ਹੈ।
ਸਬੰਧਤ ਖ਼ਬਰ:
ਸਿੱਖ ਰੋਹ ਤੋਂ ਬਾਅਦ ਗਿ. ਗੁਰਬਚਨ ਸਿੰਘ ਨੂੰ ਕਹਿਣਾ ਪਿਆ ਕਿ ਸੰਗਤਾਂ 2004 ਦੇ ਹੁਕਮਨਾਮੇ ‘ਤੇ ਪਹਿਰਾ ਦੇਣ …
ਉਹਨਾਂ ਸਪੱਸ਼ਟ ਕੀਤਾ ਕਿ ਅਕਾਲ ਤਖਤ ਸਾਹਿਬ ਤੋਂ ਆਰ ਐਸ ਐਸ ਖਿਲਾਫ 2004 ਦਾ ਹੁਕਮਨਾਮਾ ਬਾਦਸਤੂਰ ਕਾਇਮ ਹੈ ਅਤੇ ਜਿਹੜੇ ਸਿੱਖ ਦਿੱਲੀ ਵਿੱਚ ਆਰ ਐਸ ਐਸ ਦੇ ਸੰਮੇਲਨ ਵਿੱਚ ਹਿੱਸਾ ਲੈਣਗੇ ਉਹ ਪੰਥ ਦੇ ਗਦਾਰ ਹੋਣਗੇ। ਉਹਨਾਂ ਕਿਹਾ ਕਿ ਤਖਤ ਪਟਨਾ ਸਾਹਿਬ ਦੇ ਪ੍ਰਬੰਧਕਾਂ ਨੂੰ ਚਾਹੀਦਾ ਹੈ ਕਿ ਉਹ ਗਿਆਨੀ ਇਕਬਾਲ ਸਿੰਘ ਨੂੰ ਪੰਥ-ਦੋਖੀਆਂ ਨਾਲ ਸਾਂਝ ਪਾਉਣ ਅਤੇ ਸਟੇਜ ਸਾਂਝੀ ਕਰਨ ਤੋਂ ਵਰਜੇ।
ਪਾਰਟੀ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਕਿਹਾ ਕਿ ਆਰ ਐਸ ਐਸ ਸਾਜ਼ਿਸ਼ੀ ਢੰਗ ਨਾਲ ਸਿੱਖ ਸਿਧਾਂਤਾਂ ਨੂੰ ਤਹਿਸ-ਨਹਿਸ ਕਰਨ ਦੇ ਰਾਹ ‘ਤੇ ਤੁਰ ਰਹੀ ਹੈ। ਉਹਨਾਂ ਕਿਹਾ ਕਿ ਸੰਘ ਪਰਿਵਾਰ ਸਿੱਖੀ ਦੀਆਂ ਜੜ੍ਹਾਂ ‘ਤੇ ਵਾਰ ਕਰ ਰਿਹਾ ਹੈ। ਉਹਨਾਂ ਅਫਸੋਸ ਜਿਤਾਉਦਿਆਂ ਕਿਹਾ ਕਿ 1999 ਤੋਂ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਅਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਭਾਈਵਾਲੀ ਦੀ ਆੜ ਹੇਠ ਆਰ ਐਸ ਐਸ ਨੇ ਪੰਜਾਬ ਅੰਦਰ ਆਪਣੀਆਂ ਜੜਾਂ ਮਜਬੂਤ ਕਰਨੀਆਂ ਸ਼ੁਰੂ ਕੀਤੀਆਂ ਸਨ।
ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:
Dal Khalsa tells Sikhs to oppose nefarious designs of Rashtriya Sikh Sangat and RSS …
Related Topics: Dal Khalsa International, Giani Gurbachan Singh, Hindu Groups, Rashtriya Sikh Sangat, RSS, Shiromani Gurdwara Parbandhak Committee (SGPC)