ਸਿੱਖ ਖਬਰਾਂ

ਦਲ ਖਾਲਸਾ ਨੇ ਮੂਲ ਨਾਨਕਸ਼ਾਹੀ ਕੈਲ਼ੰਡਰ ਜਾਰੀ ਕਰਕੇ ਸ਼੍ਰੋਮਣੀ ਕਮੇਟੀ ਨੂੰ ਪੰਥਕ ਕਟਹਿਰੇ ਵਿੱਚ ਕੀਤਾ ਖੜਾ

March 21, 2015 | By

ਅੰਮ੍ਰਿਤਸਰ (20 ਮਾਰਚ, 2015): ਦਲ ਖਾਲਸਾ ਨੇ ਦਰਬਾਰ ਸਾਹਿਬ ਸਮੂਹ ਅੰਦਰ ਜੂਨ 1984 ਦੇ ਸ਼ਹੀਦਾਂ ਦੀ ਯਾਦ ਵਿੱਚ ਉਸਾਰੇ ਗਏ ਗੁਰਦੁਆਰਾ ਸਾਹਿਬ ਵਿਖੇ ਚਲੰਤ ਸਾਲ ਦਾ ਮੂਲ ਨਾਨਕਸ਼ਾਹੀ ਕੈਲੰਡਰ ਜਾਰੀ ਕਰਕੇ ਸ਼੍ਰੋਮਣੀ ਕਮੇਟੀ ਨੂੰ ਕਟਹਿਰੇ ਵਿੱਚ ਖੜਾ ਕਰ ਦਿੱਤਾ ਹੈ।

ਚੇਤੇ ਰਹੇ ਕਿ ਸ਼੍ਰੋਮਣੀ ਕਮੇਟੀ ਵਲੋਂ ਇਸ ਸਾਲ ਪ੍ਰਕਾਸ਼ਿਤ ਕੀਤੇ ਨਾਨਕਸ਼ਾਹੀ ਦੇ ਨਾਂ ਹੇਠ ਬਿਕਰਮੀ ਕੈਲੰਡਰ ਕਾਰਨ ਸਿੱਖ ਪੰਥ ਅੰਦਰ ਡੂੰਘਾ ਵਿਵਾਦ ਪੈਦਾ ਹੋ ਚੁੱਕਾ ਹੈ ਅਤੇ ਪੰਥਕ ਜਥੇਬੰਦੀਆਂ ਇਸ ਮੁੱਦੇ ਉਤੇ ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਪੰਥ ਦੇ ਨਿਆਰੇਪਣ ਦੀਆਂ ਦੋਖੀ ਮੰਨ ਰਹੀਆਂ ਹਨ।

Dal Khalsa Calendars3

ਗੁਰਦੁਆਰਾ ਸ਼ਹੀਦੀ ਯਾਦਗਾਰ ਜੂਨ 1984 ਵਿਖੇ ਮੂਲ ਨਾਨਕਸ਼ਾਹੀ ਕੈਲੰਡਰ ਜਾਰੀ ਤੋਂ ਪਹਿਲਾਂ ਅਰਦਾਸ ਕਰਦੇ ਦਲ਼ ਖਾਲਸਾ ਦੇ ਆਗੂ

 

ਦਲ ਖਾਲਸਾ ਨਾਲ ਮਿਲਕੇ ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ), ਸਿੱਖਜ਼ ਫਾਰ ਹਿਊਮਨ ਰਾਈਟਜ਼, ਬ੍ਰਿਟਿਸ਼ ਸਿੱਖ ਕਾਉਂਸਲ, ਸਿੱਖ ਯੂਥ ਆਫ ਪੰਜਾਬ, ਗੁਰਦੁਆਰਾ ਸਿੰਘ ਸਭਾ (ਅਮਰੀਕਾ) ਨੇ ਸਾਂਝੇ ਰੂਪ ਵਿੱਚ ਨਾਨਕਸ਼ਾਹੀ ਦਾ ਮੂਲ਼ ਸਰੂਪ ਜਾਰੀ ਕੀਤਾ ਅਤੇ ਵਚਨਬੱਧਤਾ ਦੁਹਰਾਈ ਕਿ ਉਹ ਨਾਨਕਸ਼ਾਹੀ ਕੈਲੰਡਰ ਨੂੰ ਵੋਟ-ਰਾਜਨੀਤੀ ਦੀ ਭੇਟ ਨਹੀ ਚੜਣ ਦੇਣਗੇ।

Dal Khalsa Calendar1

ਨਾਨਕਸ਼ਾਹੀ ਕੈਲੰਡਰ ਜਾਰੀ ਕਰਦੇ ਦਲ਼ ਖਾਲਸਾ ਅਤੇ ਸਿੱਖਜ਼ ਫਾਰ ਹਿਊਮਨ ਰਾਈਟਜ਼ ਦੇ ਆਗੂ

ਜਥੇਦਾਰ ਅਕਾਲ ਤਖਤ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਵਲੋਂ ਬਾਦਲ ਅਕਾਲੀ ਦਲ ਦੇ ਦਬਾ ਹੇਠ ਨਾਨਕਸ਼ਾਹੀ ਕੈਲੰਡਰ ਦਾ ਪੂਰਨ ਰੂਪ ਵਿੱਚ ਬਿਕਰਮੀਕਰਨ ਕਰਨ ਉਤੇ ਤਿੱਖਾ ਵਿਰੋਧ ਕਰਦਿਆਂ ਦਲ ਖਾਲਸਾ ਦੇ ਪ੍ਰਧਾਨ ਹਰਚਰਨਜੀਤ ਸਿੰਘ ਧਾਮੀ ਨੇ ਪਾਰਟੀ ਦਫਤਰ ਵਿਖੇ ਪ੍ਰੈਸ ਕਾਨਫਰੰਸ ਨੂੰ ਸ਼ੰਬੋਧਨ ਕਰਦਿਆਂ ਕਿਹਾ ਕਿ ਸਿੱਖ ਸਿਧਾਤਾਂ ਅਤੇ ਨੀਯਮਾਂ ਨੂੰ ਛਿੱਕੇ ਟੰਗ ਕੇ ਸੰਤ ਸਮਾਜ ਦੇ ਪ੍ਰਭਾਵ ਹੇਠ ਅਜਿਹਾ ਕਰਕੇ ਦੋਨਾਂ ਪ੍ਰਮੁੱਖ ਸੰਸਥਾਵਾਂ ਨੇ ਸਿੱਖ ਪੰਥ ਨੂੰ ਸ਼ਰਮਸਾਰ ਕੀਤਾ ਹੈ।

ਉਹਨਾਂ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਸਿੱਖਾਂ ਦੀ ਅੱਡਰੀ ਪਛਾਣ ਦਾ ਪ੍ਰਤੀਕ ਦਸਿਆ ਅਤੇ ਕਿਹਾ ਕਿ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਖਤਮ ਕਰਨ ਵਾਲੇ ਕੌਮ-ਹਿਤੈਸ਼ੀ ਨਹੀ ਹੋ ਸਕਦੇ।

ਦਲ ਖਾਲਸਾ ਵੱਲੋਂ ਗੁਰਦੁਆਰਾ ਸ਼ਹੀਦੀ ਯਾਦਗਾਰ ਜੂਨ 1984 ਵਿਖੇ ਮੂਲ ਨਾਨਕਸ਼ਾਹੀ ਕੈਲੰਡਰ ਜਾਰੀ ਕੀਤਾ ਗਿਆ

ਦਲ ਖਾਲਸਾ ਵੱਲੋਂ ਗੁਰਦੁਆਰਾ ਸ਼ਹੀਦੀ ਯਾਦਗਾਰ ਜੂਨ 1984 ਵਿਖੇ ਮੂਲ ਨਾਨਕਸ਼ਾਹੀ ਕੈਲੰਡਰ ਜਾਰੀ ਕੀਤਾ ਗਿਆ

ਸ਼ਹੀਦੀ ਯਾਦਗਾਰ ਉਤੇ ਅਰਦਾਸ ਕਰਨ ਉਪਰੰਤ ਪੰਥਕ ਸ਼ਖਸ਼ੀਅਤਾਂ ਸਤਿਨਾਮ ਸਿੰਘ ਪਾਂਉਟਾ ਸਾਹਿਬ ਅਤੇ ਹਰਪਾਲ ਸਿੰਘ ਚੀਮਾ ਨੇ ਕੈਲੰਡਰ ਜਾਰੀ ਕਰਦਿਆਂ ਇਸ ਦੀਆਂ ਪਹਿਲੀਆਂ ਪੰਜ ਕਾਪੀਆਂ ਨੌਜਵਾਨਾਂ ਨੂੰ ਇਸ ਉਮੀਦ ਨਾਲ ਦਿਤੀਆਂ ਕਿ ਉਹ ਨਾਨਕਸ਼ਾਹੀ ਕੈਲੰਡਰ ਦੀ ਮਸ਼ਾਲ ਨੂੰ ਜੱਗਦਾ ਰੱਖਣਗੇ।

ਇਹਨਾਂ ਜਥੇਬੰਦੀਆਂ ਵਲੋਂ ਸਾਂਝੇ ਰੂਪ ਵਿੱਚ ਪ੍ਰਕਾਸ਼ਿਤ ਕੀਤੇ ਕੈਲੰਡਰ ਵਿੱਚ ਪ੍ਰਮੁੱਖ ਤੌਰ ਉਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਤਸਵੀਰ ਹੈ ਅਤੇ ਇਸਨੂੰ ਜਾਰੀ ਕਰਨ ਲਈ ਸਥਾਨ ਦੀ ਚੋਣ ਵੀ ਸਹੀਦਾਂ ਦੀ ਯਾਦ ਵਿੱਚ ਬਣੇ ਗੁਰਦੁਆਰਾ ਸਾਹਿਬ ਕੀਤਾ ਗਿਆ ਹੈ। ਕੈਲੰਡਰ ਵਿੱਚ 14ਅਪ੍ਰੈਲ 2003 ਨੂੰ ਜਾਰੀ ਕੈਲੰਡਰ ਅਨੁਸਾਰ ਗੁਰਪੁਰਬ ਅਤੇ ਇਤਿਹਾਸਕ ਦਿਹਾੜੇ ਦੀਆਂ ਤਾਰੀਕਾਂ ਅਮਕਿਤ ਹਨ ਅਤੇ ਨਾਲ ਹੀ ਕੁਝ ਚੋਣਵੇ ਪ੍ਰਮੁੱਖ ਸਿੱਖ ਜੁਝਾਰੂਆਂ ਦੇ ਨਾਂ ਅਤੇ ਸਹਾਦਤ ਦੀਆਂ ਤਾਰੀਕਾਂ ਵੀ ਦਿੱਤੀਆਂ ਗਈਆਂ ਹਨ।

ਕੈਲੰਡਰ ਦੇ ਹੋਂਦ ਵਿੱਚ ਆਉਣ ਦੇ ਇਤਿਹਾਸ ਤੋਂ ਲੈ ਕੇ ਇਸਨੂੰ ਖਤਮ ਕਰਨ ਤੱਕ ਦੇ ਮਨਸੂਬਿਆਂ ਦਾ ਸੰਖੇਪ ਖੁਲਾਸਾ ਕੀਤਾ ਗਿਆ ਹੈ। ਕੈਲੰਡਰ ਉਤੇ ਲਿਖਿਆ ਹੈ ਕਿ “ਇਸ ਕੈਲੰਡਰ ਦੇ ਹੋਂਦ ਵਿੱਚ ਆਉਣ ਨਾਲ ਬਿਕਰਮੀ ਕੈਲੰਡਰ ਉਤੇ ਨਿਰਭਰਤਾ ਖਤਮ ਹੋਈ ਅਤੇ ਸੂਰਜੀ ਸਿਟਮ ਮੁਤਾਬਿਕ ਗੁਰਪੁਰਬਾਂ, ਇਤਿਹਾਸਕ ਅਤੇ ਤਿਉਹਾਰਾਂ ਦੀਆਂ ਤਾਰੀਕਾਂ ਪੱਕੀਆਂ ਨਿਸਚਿਤ ਕੀਤੀਆਂ ਗਈਆਂ। ਇਸ ਦੇ ਹੋਂਦ ਵਿੱਚ ਆਉਦਿਆਂ ਹੀ ਸਿੱਖਾਂ ਦੀ ਅੱਡਰੀ ਪਛਾਣ ਦੇ ਦੁਸ਼ਮਣਾਂ ਨੇ ਇਸ ਨੂੰ ਖਤਮ ਕਰਨ ਲਈ ਕੁਚਾਲਾਂ ਚਲਣੀਆਂ ਸ਼ੁਰੂ ਕਰ ਦਿਤੀਆਂ। ਉਹਨਾਂ ਦੇ ਮਨਸੂਬਿਆ ਨੂੰ ਉਸ ਮੌਕੇ ਬੂਰ ਪਿਆ ਜਦੋਂ ਜਨਵਰੀ 2010 ਵਿੱਚ ਦੁਸ਼ਮਣਾਂ ਦੇ ਕੁਹਾੜੇ ਦਾ ਦਸਤਾ ਬਣਕੇ ਕੁਝ ‘ਆਪਣਿਆਂ’ ਨੇ ਹੀ ਸੁਚੇਤ ਜਾਂ ਅਚੇਤ ਮਨ ਨਾਲ ਨਾਨਕਸ਼ਾਹੀ ਕੈਲੰਡਰ ਦੇ ਹੋਂਦ ਵਿੱਚ ਲਿਆਉਣ ਪਿਛੇ ਕੰਮ ਕਰਦੀ ਸੋਚ ਅਤੇ ਭਾਵਨਾ ਨੂੰ ਅਖੌਤੀ ‘ਸੋਧਾਂ’ ਦੇ ਨਾਂ ਹੇਠ ਕਤਲ ਕਰ ਦਿਤਾ। ਹੁਣ ਉਹੀ ‘ਮਹਾਂਪੁਰਸ਼’ ਖਾਲਸੇ ਦੀ ਅੱਡਰੀ ਪਛਾਣ ਦੇ ਪ੍ਰਤੀਕ ਨੂੰ ਦਫਨ ਕਰਕੇ ਸਿੱਖਾਂ ਉਤੇ ਮੁੜ ਬਿਕਰਮੀ ਕੈਲੰਡਰ ਥੋਪਣ ਦੀ ਤਿਆਰੀ ਵਿੱਚ ਹਨ। ਸਾਡੀ ਸਮੂਹ ਸਿੱਖ ਸੰਗਤਾਂ ਨੂੰ ਬੇਨਤੀ ਹੈ ਕਿ ਉਹ ਆਪਣਾ ਕੌਮੀ ਫਰਜ਼ ਨਿਭਾਉਦਿਆਂ ਨਾਨਕਸ਼ਾਹੀ ਕੈਲੰਡਰ ਦਾ ਘਾਣ ਹੋਣੋ ਰੋਕਣ। ਕੈਲੰਡਰ ਦੀ ਇੱਕ ਕਾਪੀ ਅਕਾਲ ਤਖਤ ਸਾਹਿਬ ਸਕਤਰੇਤ ਵਿਖੇ ਜਥੈਦਾਰ ਸਾਹਿਬ ਨੂੰ ਸੌਂਪੀ ਗਈ। ਜਥੈਦਾਰ ਦੀ ਗੈਰ-ਮਾਜੂਦਗੀ ਵਿੱਚ ਕਾਪੀ ਉਹਾਂ ਦੇ ਪੀ.ਏ ਨੂੰ ਦਿੱਤੀ ਗਈ।

ਸਿੱਖਜ਼ ਫਾਰ ਹਿਊਮਨ ਰਾਈਟਜ਼ ਦੇ ਚੇਅਰਮੈਨ ਹਰਪਾਲ ਸਿੰਘ ਚੀਮਾ ਨੇ ਵਿਅੰਗ ਕਸਦਿਆਂ ਕਿਹਾ ਕਿ 2003 ਦੇ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਦੀ ਸੋਚ ਅਤੇ ਭਾਵਨਾ ਅਤੇ ਮੌਜੂਦਾ ਸਮੇ ਦੀ ਅੰਤਰਿੰਗ ਕਮੇਟੀ ਦੇ ਮੈਂਬਰਾਂ ਦੀ ਸੋਚ ਅਤੇ ਵਿਚਾਰਾਂ ਵਿੱਚ ਜ਼ਮੀਨ-ਅਸਮਾਨ ਦਾ ਫਰਕ ਹੈ। ਉਹਨਾਂ ਕਿਹਾ ਕਿ ਜਨਰਲ ਹਾਊਸ ਦੇ ਫੈਸਲੇ ਨੂੰ ਅੰਤਰਿੰਗ ਕਮੇਟੀ ਨਾਂ ਤਾਂ ਉਲਟਾ ਸਕਦੀ ਹੈ ਅਤੇ ਨਾ ਹੀ ਉਸ ਵਿੱਚ ਕੋਈ ਸੋਧ ਕਰ ਸਕਦੀ ਹੈ।

ਦਲ ਖਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਕਿਹਾ ਕਿ ਜੀਵਨ ਦੀਆਂ ਆਮ ਲੋੜਾਂ ਲਈ ਦੁਨੀਆਂ ਭਰ ਦੀਆਂ ਕੌਮਾਂ ਈਸਵੀ ਕੈਲੰਡਰ ਦੀ ਵਰਤੋਂ ਕਰਦੀਆਂ ਹਨ ਜੱਦ ਕਿ ਆਪਣੇ ਧਾਰਿਮਕ ਦਿਨ-ਦਿਹਾੜੇ ਮਨਾਉਣ ਲਈ ਉਹ ਆਪੋ-ਆਪਣੇ ਕੈਲੰਡਰ ਦੀ ਵਰਤੋਂ ਕਰਦੀਆਂ ਹਨ। ਉਹਨਾਂ ਕਿਹਾ ਕਿ ਜਦ ਈਸਾਈ, ਮੁਸਲਿਮ, ਬੁੱਧ, ਹਿੰਦੂ, ਆਦਿ ਸਾਰੇ ਪ੍ਰਮੁੱਖ ਧਰਮਾਂ ਦਾ ਆਪੋ-ਆਪਣਾ ਕੈਲੰਡਰ ਹੈ ਤਾਂ ਸਿੱਖ ਧਰਮ ਦਾ ਆਪਣਾ ਵੱਖਰਾ ਕੈਲੰਡਰ ਕਿਉਂ ਨਹੀ ਹੋ ਸਕਦਾ।

ਇਸ ਮੌਕੇ ਬ੍ਰਿਟਿਸ਼ ਸਿੱਖ ਕੌਂਸਲ ਦੇ ਤਰਸੇਮ ਸਿੰਘ ਦਿਉਲ, ਕੁਲਵੰਤ ਸਿੰਘ ਢੇਸੀ, ਗੁਰਚਰਨ ਸਿੰਘ ਬਹਾਦਰਗੜ, ਪੰਚ ਪ੍ਰਧਾਨੀ ਦੇ ਮੀਤ ਪ੍ਰਧਾਨ ਬਲਦੇਵ ਸਿੰਘ ਸਿਰਸਾ, ਦਲ ਖਾਲਸਾ ਦੇ ਸਕੱਤਰ ਡਾ ਮਨਜਿੰਦਰ ਸਿੰਘ ਜੰਡੀ, ਸਰਬਜੀਤ ਸਿੰਘ ਘੁਮਾਣ, ਭੁਪਿੰਦਰ ਸਿੰਘ ਧਾਮੀ, ਗੁਰਦੀਪ ਸਿੰਘ ਕਾਲਕੱਟ, ਰਣਬੀਰ ਸਿੰਘ ਗੀਗਨੋਵਾਲ, ਗੁਰਵਿੰਦਰ ਸਿੰਘ, ਕੁਲਦੀਪ ਸਿੰਘ, ਅਵਤਾਰ ਸਿੰਘ ਨਰੋਤਮਪੁਰ, ਨੋਬਲਜੀਤ ਸਿੰਘ, ਸੁਰਿੰਦਰ ਸਿੰਘ ਤਾਲਬਪੁਰਾ, ਸਿੱਖ ਯੂਥ ਆਫ ਪੰਜਾਬ ਦੇ ਪ੍ਰਧਾਨ ਪਰਮਜੀਤ ਸਿੰਘ ਟਾਂਡਾ, ਗੁਰਪ੍ਰੀਤ ਸਿੰਘ, ਗੁਰਨਾਮ ਸਿੰਘ, ਪਰਮਜੀਤ ਸਿੰਘ ਮੰਡ, ਗਗਨਦੀਪ ਸਿੰਘ ਅਤੇ ਜਨਰਲ ਸਕੱਤਰ ਗੁਰਮੀਤ ਸਿੰਘ ਕਾਰਤਾਰਪੁਰ ਹਾਜ਼ਿਰ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,