February 18, 2016 | By ਸਿੱਖ ਸਿਆਸਤ ਬਿਊਰੋ
ਅੰਮ੍ਰਿਤਸਰ ਸਾਹਿਬ: ਬੀਤੇ ਕੱਲ੍ਹ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਖਾਲਸਾ ਕਾਲੇਜ ਦੇ ਅਚਨਚੇਤ ਦੌਰੇ ਨਾਲ ਖਾਲਸਾ ਯੂਨੀਵਰਸਿਟੀ ਦੇ ਨਿਰਮਾਣ ਨੂੰ ਲੈ ਕੇ ਚੱਲ ਰਿਹਾ ਵਿਵਾਦ ਹੋਰ ਭੱਖ ਗਿਆ ਹੈ।
ਅਮਰਿੰਦਰ ਸਿੰਘ ਨੇ ਖਾਲਸਾ ਯੂਨੀਵਰਸਿਟੀ ਦੇ ਨਿਰਮਾਣ ਨੂੰ ਬਾਦਲਾਂ ਦੀ ਇੱਕ ਸਾਜਿਸ਼ ਦੱਸਦਿਆਂ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਜੋ ਕਿ ਬਿਲਕੁਲ ਖਾਲਸਾ ਕਾਲੇਜ ਦੇ ਨਾਲ ਸਥਾਪਿਤ ਹੈ ਉਸ ਨੂੰ ਫੇਲ੍ਹ ਕਰਕੇ ਬਾਦਲ ਆਪਣੀ ਨਿਜੀ ਯੂਨੀਵਰਸਿਟੀ ਖੜੀ ਕਰਨੀ ਚਾਹੁਂਦੇ ਹਨ।
ਉਨ੍ਹਾਂ ਦੋਸ਼ ਲਾਇਆ ਕਿ ਬਾਦਲ ਉਸੇ ਲੀਹ ਤੇ ਚੱਲ ਰਹੇ ਹਨ ਜਿਵੇਂ ਉਨ੍ਹਾਂ ਨੇ ਪੰਜਾਬ ਵਿੱਚ ਸਰਕਾਰੀ ਟਰਾਂਸਪੋਰਟ ਨੂੰ ਬਰਬਾਦ ਕਰਕੇ ਆਪਣੀ ਨਿਜੀ ਟਰਾਂਸਪੋਰਟ ਨੂੰ ਕਾਮਯਾਬ ਕੀਤਾ ਹੈ। ਕੈਪਟਨ ਨੇ ਕਿਹਾ ਕਿ ਉਹ ਬਾਦਲਾਂ ਦੀ ਇਸ ਸਾਜਿਸ਼ ਨੂੰ ਸਿਰੇ ਨਹੀਂ ਚੜਨ ਦੇਣਗੇ ਤੇ ਜੇ ਲੋੜ ਪਈ ਤਾਂ ਉਹ ਹਰ ਸੰਵਿਧਾਨਿਕ ਤਰੀਕੇ ਨਾਲ ਇਸ ਦਾ ਵਿਰੋਧ ਕਰਨਗੇ।
ਕੈਪਟਨ ਨੇ ਖਾਲਸਾ ਕਾਲੇਜ ਦੀ ਪ੍ਰਸ਼ਾਸਨਿਕ ਕਾਊਂਸਲ ਦੇ ਪ੍ਰਧਾਨ ਸਤਿਆਜੀਤ ਸਿੰਘ ਮਜੀਠੀਆ ਤੇ ਦੋਸ਼ ਲਾਇਆ ਕਿ ਉਹ ਆਪਣੇ ਨਿਜੀ ਅਜੈਂਡੇ ਨੂੰ ਖਾਲਸਾ ਕਾਲੇਜ ਤੇ ਥੋਪ ਰਹੇ ਹਨ ਤੇ ਬਾਦਲਾਂ ਨਾਲ ਮਿਲਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗਵਾਂਢ ਵਿੱਚ ਆਪਣੀ ਨਿਜੀ ਯੂਨੀਵਰਸਿਟੀ ਸ਼ੁਰੂੁ ਕਰਨ ਲਈ ਇਹ ਸਾਜਿਸ਼ਾਂ ਕਰ ਰਹੇ ਹਨ।ਉਨ੍ਹਾਂ ਕਿਹਾ ਕਿ ਜੇ ਖਾਲਸਾ ਕਾਲੇਜ ਦੀ ਪ੍ਰਸ਼ਾਸਨਿਕ ਕਾਊਂਸਲ ਯੂਨੀਵਰਸਿਟੀ ਬਣਾਉਣਾ ਹੀ ਚਾਹੁੰਦੀ ਹੈ ਤਾਂ ਉਸ ਯੂਨੀਵਰਸਿਟੀ ਨੂੰ ਪੰਜਾਬ ਦੇ ਕਿਸੇ ਹੋਰ ਸ਼ਹਿਰ ਵਿੱਚ ਬਣਾਇਆ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਜੇ ਮੋਜੂਦਾ ਅਕਾਲੀ ਭਾਜਪਾ ਸਰਕਾਰ ਵਿਧਾਨ ਸਭਾ ਵਿੱਚ ਇਸ ਯੂਨੀਵਰਸਿਟੀ ਦੇ ਨਿਰਮਾਣ ਲਈ ਮਤਾ ਪਾਸ ਕਰੇਗੀ ਤਾਂ ਉਹ ਅਗਲੇ ਸਾਲ ਸਰਕਾਰ ਵਿੱਚ ਆਉਣ ਤੇ ਇਸ ਮਤੇ ਨੂੰ ਰੱਦ ਕਰਨਗੇ ਤੇ ਖਾਲਸਾ ਕਾਲਜ ਦੇ ਵਿਰਾਸਤੀ ਰੁਤਬੇ ਨੂੰ ਬਹਾਲ ਕਰਨਗੇ।
ਅੱਜ ਕਾਲੇਜ ਪ੍ਰਸ਼ਾਸਨ ਵੱਲੋਂ ਕੈਪਟਨ ਅਮਰਿੰਦਰ ਨੂੰ ਯੂਨੀਵਰਸਿਟੀ ਦਾਖਿਲ ਹੋਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਗਈ ਪਰ ਕੈਪਟਨ ਗੇਟ ਨੰਬਰ 2 ਰਾਸਤੇ ਯੂਨੀਵਰਸਿਟੀ ਵਿੱਚ ਦਾਖਿਲ ਹੋਣ ਵਿੱਚ ਕਾਮਯਾਬ ਰਹੇ।
ਕੈਪਟਨ ਦੇ ਇਸ ਦੌਰੇ ਬਾਰੇ ਬੋਲਦਿਆਂ ਸਤਿਆਜੀਤ ਸਿੰਘ ਮਜੀਠੀਆ ਨੇ ਸਿਆਸੀ ਆਗੂਆਂ ਨੂੰ ਨਸੀਹਤ ਦਿੱਤੀ ਕਿ ਉਹ ਇਸ ਮਸਲੇ ਤੇ ਰਾਜਨੀਤੀ ਨਾ ਕਰਨ।ਉਨ੍ਹਾਂ ਕਿਹਾ ਕਿ ਖਾਲਸਾ ਕਾਲੇਜ ਦੀ ਅਜਾਦ ਹੌਂਦ ਨੂੰ ਕਾਇਮ ਰੱਖਦੇ ਹੋਏ ਖਾਲਸਾ ਯੂਨੀਵਰਸਿਟੀ ਦਾ ਨਿਰਮਾਣ ਕੀਤਾ ਜਾ ਰਿਹਾ ਹੈ।
ਜਿਕਰਯੋਗ ਹੈ ਕਿ ਖਾਲਸਾ ਕਾਲੇਜ ਜਿਸ ਦਾ ਸਿੱਖਾਂ ਨਾਲ ਬਹੁਤ ਗੂੜਾ ਰਿਸ਼ਤਾ ਹੈ ਤੇ ਪੰਥਕ ਜਥੇਬੰਦੀ ਦਲ ਖਾਲਸਾ ਵੱਲੋਂ ਵੀ ਖਾਲਸਾ ਕਾਲੇਜ ਦੀ ਪ੍ਰਸ਼ਾਸਨਿਕ ਕਾਊਂਸਲ ਨੂੰ ਨਸੀਹਤ ਦਿੱਤੀ ਗਈ ਹੈ ਕਿ ਉਹ ਖਾਲਸਾ ਯੂਨੀਵਰਸਿਟੀ ਦਾ ਨਿਰਮਾਣ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਗਵਾਂਢ ਵਿੱਚ ਕਰਨ ਨਾਲੋਂ ਜਲੰਧਰ ਵਰਗੇ ਸ਼ੀਹਰ ਵਿੱਚ ਡੀ.ਏ.ਵੀ ਅਤੇ ਲਵਲੀ ਯੂਨੀਵਰਸਿਟੀਆਂ ਦੀ ਗਵਾਂਢ ਵਿੱਚ ਕਰਨ।
Related Topics: Captain Amrinder Singh Government, Congress Government in Punjab 2017-2022, Dal Khalsa International, GNDU, Khalsa College, Parkash Singh Badal, Punjab Government, Satyajit SIngh Majithia