ਸਿੱਖ ਖਬਰਾਂ

ਬਰਤਾਨਵੀ ਸਿੱਖ ਨਾਗਰਕ ਜਸਵੰਤ ਸਿੰਘ ਅਜ਼ਾਦ ਮੁੜ ਗ੍ਰਿਫਤਾਰ; 3 ਹੋਰਨਾਂ ਸਮੇਤ ਗੈਰਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ ਅਤੇ ਅਸਲਾ ਕਾਨੂੰਨ ਦਾ ਕੇਸ ਪਾਇਆ

November 21, 2013 | By

ਜਲੰਧਰ/ ਭੋਗਪੁਰ, ਪੰਜਾਬ (21 ਨਵੰਬਰ, 2013): ਅਖਬਾਰੀ ਹਵਾਲਿਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਜਲੰਧਰ ਪੁਲਿਸ ਨੇ ਬਰਤਾਨਵੀ ਸਿੱਖ ਨਾਗਰਕ ਜਸਵੰਤ ਸਿੰਘ ਅਜ਼ਾਦ ਨੂੰ ਮੁੜ ਤੋਂ ਗ੍ਰਿਫਤਾਰ ਕਰ ਲਿਆ ਹੈ। ਉਸ ਦੀ ਗ੍ਰਿਫਤਾਰੀ 17 ਨਵੰਬਰ, 2013 ਨੂੰ ਜਲੰਧਰ ਪੇਂਡੂ ਪੁਲਿਸ ਵੱਲੋਂ ਕੀਤੀ ਗਈ ਹੈ। ਉਸ ਤੋਂ ਇਲਾਵਾ ਦੋ ਹੋਰ ਸਿੱਖਾਂ ਕਸ਼ਮੀਰ ਸਿੰਘ ਅਤੇ ਬਲਵੰਤ ਸਿੰਘ ਨੂੰ ਵੀ ਗ੍ਰਿਫਤਾਰ ਕੀਤਾ ਹੈ ਜਦਕਿ ਪੁਲਿਸ ਵੱਲੋਂ ਹਰਪ੍ਰੀਤ ਸਿੰਘ ਹੀਰਾ ਨੂੰ ਲੁਧਿਆਣਾ ਜੇਲ੍ਹ ਤੋਂ ਹਵਾਲਗੀ ਵਰੰਟ ਉੱਤੇ ਲਿਆ ਕੇ ਇਸ ਕੇਸ ਵਿਚ ਗ੍ਰਿਫਤਾਰ ਕੀਤਾ ਗਿਆ ਹੈ।

ਜਾਣਕਾਰੀ ਮੁਤਾਬਕ ਜਲੰਧਰ ਪੁਲਿਸ (ਪੇਂਡੂ) ਵੱਲੋਂ ਭੋਗਪੁਰ ਠਾਣੇ ਵਿਚ ਇਕ ਮੁਕਦਮਾਂ ਦਰਜ਼ ਕੀਤਾ ਗਿਆ ਹੈ।

Jaswant Singh Azad

ਜਸਵੰਤ ਸਿੰਘ ਅਜ਼ਾਦ

ਇਨ੍ਹਾਂ ਗ੍ਰਿਫਤਾਰੀਆਂ ਸੰਬੰਧੀ ਅੰਗਰੇਜ਼ੀ ਦੇ ਅਖਬਾਰ (ਦ ਟ੍ਰਿਬਿਊਨ) ਵਿਚ 21 ਨਵੰਬਰ, 2013 ਨੂੰ ਨਸ਼ਰ ਹੋਈਆਂ ਖਬਰਾਂ ਅਨੁਸਾਰ ਗ੍ਰਿਫਤਾਰ ਕੀਤੇ ਗਏ ਚਾਰਾਂ ਵਿਅਕਤੀਆਂ ਖਿਲਾਫ ਗੈਰਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ ਅਤੇ ਅਸਲਾ ਕਾਨੂੰਨ ਤਹਿਤ ਮੁਕਦਮਾਂ ਦਰਜ਼ ਕੀਤਾ ਗਿਆ ਹੈ ਅਤੇ ਉਹ 23 ਨਵੰਬਰ ਤੱਕ ਪੁਲਿਸ ਰਿਮਾਂਡ ਉੱਤੇ ਹਨ ਜਿਸ ਦੌਰਾਨ ਪੁਲਿਸ ਵੱਲੋਂ ਉਨ੍ਹਾਂ ਤੋਂ ਹਿਰਾਸਤ ਵਿਚ ਪੁੱਛ-ਗਿੱਛ ਕੀਤੀ ਜਾ ਰਹੀ ਹੈ।

ਜ਼ਿਕਰਯੋਗ ਹੈ ਕਿ ਸਤੰਬਰ 2012 ਵਿਚ ਵੀ ਜਲੰਧਰ ਪੁਲਿਸ ਵੱਲੋਂ ਇਨ੍ਹਾਂ ਹੀ ਕਾਨੂੰਨਾਂ ਤਹਿਤ ਗ੍ਰਿਫਤਾਰ ਕੀਤਾ ਗਿਆ ਸੀ। ਇਸ ਗ੍ਰਿਫਤਾਰੀ ਮਗਰੋਂ ਅਕਤੂਬਰ ਵਿਚ ਜਸਵੰਤ ਸਿੰਘ ਦਾ ਨਾਂ ਸਤੰਬਰ 2012 ਵਿਚ ਹੀ ਸਿੱਖ ਆਗੂ ਭਾਈ ਦਲਜੀਤ ਸਿੰਘ ਵਿਰੁਧ ਲੁਧਿਆਣਾ ਵਿਖੇ ਦਰਜ਼ ਕੀਤੇ ਮਾਮਲੇ ਵਿਚ ਜੋੜ ਦਿੱਤਾ ਗਿਆ ਸੀ ਜਦਕਿ ਭਾਈ ਦਲਜੀਤ ਸਿੰਘ ਦਾ ਨਾਂ ਜਲੰਧਰ ਵਿਖੇ ਜਸਵੰਤ ਸਿੰਘ ਅਜ਼ਾਦ ਵਿਰੁਧ ਦਰਜ਼ ਕੀਤੇ ਕੇਸ ਨਾਲ ਜੋੜ ਦਿੱਤਾ ਗਿਆ ਸੀ।

ਇਨ੍ਹਾਂ ਦੋਹਾਂ ਕੇਸਾਂ ਵਿਚੋਂ ਜਸਵੰਤ ਸਿੰਘ ਨੂੰ ਬੀਤੇ ਮਹੀਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਜਮਾਨਤ ਮਿਲ ਗਈ ਸੀ ਤੇ ਅਦਾਲਤ ਦੇ ਅਦੇਸ਼ਾਂ ਮੁਤਾਬਕ ਉਸ ਨੂੰ 1 ਨਵੰਬਰ 2013 ਨੂੰ ਹੀ ਕਪੂਰਥਲਾ ਜੇਲ੍ਹਾਂ ਵਿਚੋਂ ਰਿਹਾਅ ਕੀਤਾ ਗਿਆ ਸੀ। ਪਰ ਹੁਣ ਪੁਲਿਸ ਵੱਲੋਂ ਮੁੜ ਪਹਿਲਾਂ ਵਰਗਾ ਹੀ ਕੇਸ ਦਰਜ਼ ਕਰਕੇ ਉਸ ਦੀ ਗ੍ਰਿਫਤਾਰੀ ਕੀਤੀ ਗਈ ਹੈ।

ਜਲੰਧਰ ਦੇ ਪੇਂਡੂ ਇਲਾਕੇ ਦੇ ਪੁਲਿਸ ਮੁਖੀ ਜਸਪ੍ਰੀਤ ਸਿੰਘ ਸਿੱਧੂ ਨੇ ਕਿਹਾ ਹੈ ਕਿ ਇਨ੍ਹਾਂ ਗ੍ਰਿਫਤਾਰੀਆਂ ਬਾਰੇ ਜਲਦ ਹੀ ਮੀਡੀਆਂ ਨੂੰ ਵਿਸਤਾਰ ਵਿਚ ਜਾਣਕਾਰੀ ਦਿੱਤੀ ਜਾਵੇਗੀ।

ਜ਼ਿਕਰਯੋਗ ਹੈ ਕਿ ਜਸਵੰਤ ਸਿੰਘ ਅਜ਼ਾਦ ਦੇ ਇੰਗਲੈਂਡ ਰਹਿੰਦੇ ਪਰਵਾਰ ਨੇ ਦੋਸ਼ ਲਗਾਏ ਹਨ ਕਿ ਪੰਜਾਬ ਪੁਲਿਸ ਵੱਲੋਂ ਜਸਵੰਤ ਸਿੰਘ ਨੂੰ ਝੂਠੇ ਦੋਸ਼ਾਂ ਵਿਚ ਫਸਾਇਆ ਜਾ ਰਿਹਾ ਹੈ।

Read and/or Listen this news in English:

Briton Sikh Jaswant Singh Azad arrested again; Booked under UAPA with 3 others by Jalandhar police

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,