September 26, 2016 | By ਸਿੱਖ ਸਿਆਸਤ ਬਿਊਰੋ
ਲੰਡਨ: ਪੰਜਾਬ ਵਿੱਚ ਆਏ ਦਿਨ ਗੁਰਬਾਣੀ ਦੀ ਬੇਅਦਬੀ ਜਾਰੀ ਹੈ, ਜੋ ਕਿ ਰੁਕਣ ਦਾ ਨਾਮ ਨਹੀਂ ਲੈ ਰਹੀ। ਨਾ ਹੀ ਸਰਕਾਰੀ ਤੌਰ ‘ਤੇ ਕੋਈ ਠੋਸ ਕਦਮ ਚੁੱਕਿਆ ਜਾ ਰਿਹਾ ਹੈ ਅਤੇ ਨਾ ਪੁਲਿਸ ਦੋਸ਼ੀਆਂ ਨੂੰ ਫੜ੍ਹਨ ਵਿੱਚ ਕਾਮਯਾਬ ਹੋ ਰਹੀ ਹੈ। ਇਹ ਵਰਤਾਰਾ ਕਈ ਕਿਸਮ ਦੇ ਭਰਮ ਭੁਲੇਖੇ ਪੈਦਾ ਕਰ ਰਿਹਾ ਹੈ। ਜਲੰਧਰ ਵਿੱਚ ਗੁਰਬਾਣੀ ਦੀ ਬੇਅਦਬੀ ਦਾ ਇਹ ਮਾਮਲਾ ਹੋਰ ਵੀ ਗੁੰਝਲਦਾਰ ਬਣਦਾ ਜਾ ਰਿਹਾ ਹੈ।
ਇਸ ਪਿੱਛੇ ਕਿਹੜੀ ਸਿਆਸੀ ਜਾਂ ਗੈਰ ਸਿਆਸੀ ਤਾਕਤ ਦਾ ਹੱਥ ਹੈ। ਇਸ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਭਾਰਤ ਸਰਕਾਰ ਦੀਆਂ ਏਜੰਸੀਆਂ ਗੁਰਬਾਣੀ ਦਾ ਨਿਰਾਦਰ ਕਰਵਾ ਕੇ ਸਿੱਖ ਕੌਮ ਦੀ ਅਣਖ ਨੂੰ ਵੰਗਾਰ ਰਹੀਆਂ ਹਨ। ਯੂ.ਕੇ. ਦੀਆਂ ਖ਼ਾਲਿਸਤਾਨ ਸਮਰਥਕ ਜਥੇਬੰਦੀਆਂ ਦੇ ਸਾਂਝੇ ਮੁਹਾਜ਼ ਫੈਡਰੇਸ਼ਨ ਆਫ ਸਿੱਖ ਆਰਗੇਨਾਈਜ਼ੇਸ਼ਨਸ (FSO) ਯੂ.ਕੇ. ਵਲੋਂ ਗੁਰਬਾਣੀ ਦੀ ਬੇਅਦਬੀ ਦੀ ਸਖਤ ਨਿਖੇਧੀ ਕੀਤੀ ਗਈ ਹੈ। ਐਫ.ਐਸ.ਓ. ਦੇ ਕੋਆਰਡੀਨੇਟਰਜ਼ ਭਾਈ ਕੁਲਦੀਪ ਸਿੰਘ ਚਹੇੜੂ, ਭਾਈ ਲਵਸਿ਼ੰਦਰ ਸਿੰਘ ਡੱਲੇਵਾਲ ਅਤੇ ਭਾਈ ਜੋਗਾ ਸਿੰਘ ਵਲੋਂ ਗੁਰਬਾਣੀ ਅਤੇ ਕੁਰਾਨ ਸ਼ਰੀਫ ਦੇ ਬੇਅਦਬੀ ਕਰਨ ਵਾਲੇ ਦੋਸ਼ੀ ਅਨਸਰਾਂ ਲਈ ਸਖਤ ਸਜ਼ਾ ਦੀ ਵਕਾਲਤ ਕੀਤੀ ਗਈ ਹੈ।
ਆਰ.ਐਸ.ਐਸ. ਦੇ ਸੂਬਾ ਮੀਤ ਪ੍ਰਧਾਨ ਸੇਵਾਮੁਕਤ ਬ੍ਰਿਗੇਡੀਅਰ ਜਗਦੀਸ਼ ਗਗਨੇਜਾ ‘ਤੇ ਹੋਏ ਹਮਲੇ ਮਗਰੋਂ ਪੰਜਾਬ ਦੀ ਬਾਦਲ ਸਰਕਾਰ ਨੇ ਸਿੱਖਾਂ ‘ਤੇ ਜ਼ੁਲਮ ਕਰਨ ਵਾਸਤੇ ਕੇਂਦਰ ਤੋਂ 15 ਕੰਪਨੀਆਂ ਨੀਮ ਫੌਜੀ ਦਸਤੇ ਮੰਗਵਾ ਲਏ ਸਨ। ਪਰ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਰੋਕਣ ਵਾਸਤੇ ਜਾਂ ਇਸ ਦੇ ਜ਼ਿੰਮੇਵਾਰ ਦੋਸ਼ੀਆਂ ਨੂੰ ਫੜਨ ਵਾਸਤੇ ਇਹਨਾਂ ਦਾ ਕਾਰਜਸ਼ੀਲ ਨਾ ਹੋਣਾ ਬਾਦਲ ਸਰਕਾਰ ਦੀ ਦੋਸ਼ੀਆਂ ਨਾਲ ਸਾਂਝ ਭਿਆਲਤਾ ਬਾਰੇ ਸ਼ੱਕ ਪੈਦਾ ਕਰ ਰਿਹਾ ਹੈ।
ਐਫ.ਐਸ.ਓ. ਯੂ.ਕੇ. ਵਿੱਚ ਸ਼ਾਮਲ ਸਿੱਖ ਜਥੇਬੰਦੀਆਂ ਸਿੱਖ ਫੈਡਰੇਸ਼ਨ ਯੂ.ਕੇ. ਦੇ ਚੇਅਰਮੈਨ ਭਾਈ ਅਮਰੀਕ ਸਿੰਘ ਗਿੱਲ, ਬੱਬਰ ਅਕਾਲੀ ਜਥੇਬੰਦੀ ਯੂ.ਕੇ. ਭਾਈ ਬਲਬੀਰ ਸਿੰਘ, ਖਾਲਿਸਤਾਨ ਜਲਾਵਤਨ ਸਰਕਾਰ ਭਾਈ ਗੁਰਮੇਜ ਸਿੰਘ ਗਿੱਲ, ਯੂਨਾਈਟਿਡ ਖਾਲਸਾ ਦਲ ਯੂ.ਕੇ. ਦੇ ਭਾਈ ਨਿਰਮਲ ਸਿੰਘ ਸੰਧੂ, ਬ੍ਰਿਟਿਸ਼ ਸਿੱਖ ਕੌਂਸਲ ਭਾਈ ਤਰਸੇਮ ਸਿੰਘ ਦਿਉਲ, ਧਰਮ ਯੁੱਧ ਜੱਥਾ ਦਮਦਮੀ ਟਕਸਾਲ ਭਾਈ ਚਰਨ ਸਿੰਘ, ਸ਼੍ਰੋਮਣੀ ਅਕਾਲੀ ਦਲ ਯੂ.ਕੇ. ਦੇ ਭਾਈ ਗੁਰਦੇਵ ਸਿੰਘ ਚੌਹਾਨ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂ.ਕੇ. ਭਾਈ ਜਸਪਾਲ ਸਿੰਘ ਬੈਂਸ, ਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਭਾਈ ਸ਼ਮਸ਼ੇਰ ਸਿੰਘ ਅਤੇ ਦਲ ਖਾਲਸਾ ਯੂ.ਕੇ. ਦੇ ਭਾਈ ਮਨਮੋਹਣ ਸਿੰਘ ਖਾਲਸਾ ਨੇ ਆਖਿਆ ਕਿ ਪੰਜਾਬ ਵਿੱਚ 80 ਤੋਂ ਵੱਧ ਥਾਂਵਾਂ ‘ਤੇ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਅਤੇ ਗੁਰਬਾਣੀ ਦੀਆਂ ਪੋਥੀਆਂ ਦੀ ਬੇਅਦਬੀ ਹੋ ਚੁੱਕੀ ਹੈ, ਜੋ ਕਿ ਬਹੁਤ ਹੀ ਦੁੱਖਦਾਇਕ ਵਰਤਾਰਾ ਹੈ। ਸਰਕਾਰ ਵਲੋਂ ਇਸ ਮਾਮਲੇ ‘ਤੇ ਘੇਸਲ ਮਾਰਨੀ ਦੋਸ਼ੀਆਂ ਨੂੰ ਸ਼ਹਿ ਦੇਣ ਦੇ ਬਰਾਬਰ ਹੈ। ਬਲਕਿ ਸਾਬਤ ਕਰਦੀ ਹੈ ਕਿ ਅਸਿੱਧੇ ਰੂਪ ਵਿੱਚ ਸਰਕਾਰ ਹੀ ਇਹ ਕੰਮ ਕਰਾ ਰਹੀ ਹੈ।
Related Topics: Beadbi Cases, Beadbi Incidents in Punjab, FSO UK, Punjab Government, Sikhs In UK