ਆਮ ਖਬਰਾਂ

ਪਸ਼ੂ ਮੇਲੇ ਵਿੱਚ 4% ਦੀ ਬਜਾਏ 12% ਕਮਿਸ਼ਨ ਲੈ ਰਹੇ ਬਾਦਲ ਦਲ ਦੇ ਆਗੂ ਠੇਕੇਦਾਰ ਖਿਲਾਫ ਭੜਕੇ ਲੋਕ

July 24, 2017 | By

ਫ਼ਰੀਦਕੋਟ: ਐਤਵਾਰ (23 ਜੁਲਾਈ) ਨੂੰ ਫਰੀਦਕੋਟ-ਤਲਵੰਡੀ ਰੋਡ ‘ਤੇ ਜੇਲ੍ਹ ਸਾਹਮਣੇ ਲੱਗੀ ਪਸ਼ੂ ਮੰਡੀ ਵਿੱਚ ਕਿਸਾਨਾਂ ਤੇ ਵਪਾਰੀਆਂ ਤੋਂ ਧੱਕੇ ਨਾਲ ਲਏ ਜਾਂਦੇ ‘ਗੁੰਡਾ ਟੈਕਸ’ ਖ਼ਿਲਾਫ਼ ਕਿਸਾਨ ਤੇ ਵਪਾਰੀ ਅਚਾਨਕ ਭੜਕ ਪਏ। ਮਾਮਲਾ ਪ੍ਰਸ਼ਾਸਨ ਤੱਕ ਪਹੁੰਚਣ ਤੋਂ ਬਾਅਦ ਪਸ਼ੂ ਮੇਲਾ ਅੱਧ ਵਿਚਾਲੇ ਹੀ ਸਮਾਪਤ ਹੋ ਗਿਆ।

ਮਿਲੀ ਜਾਣਕਾਰੀ ਅਤੇ ਮੀਡੀਆ ਰਿਪੋਰਟਾਂ ਅਨੁਸਾਰ ਇੱਕ ਨਿੱਜੀ ਕੰਪਨੀ ਨੇ ਮੁਕਤਸਰ ਦੇ ਇੱਕ ਪ੍ਰਮੁੱਖ ਬਾਦਲ ਦਲ ਦੇ ਆਗੂ ਰਾਹੀਂ ਪਸ਼ੂ ਧਨ ਮੇਲੇ ਲਾਉਣ ਲਈ ਪੂਰੇ ਪੰਜਾਬ ਦਾ 105 ਕਰੋੜ ਰੁਪਏ ਵਿੱਚ ਠੇਕਾ ਲਿਆ ਹੋਇਆ ਹੈ। ਇਸ ਠੇਕੇਦਾਰ ਨੇ ਮੰਡੀ ਵਿੱਚ ਵਿਕੇ ਪਸ਼ੂ ਦੀ ਕੁੱਲ ਰਕਮ ਦਾ 4% ਕਮਿਸ਼ਨ ਅਧਿਕਾਰਤ ਤੌਰ ‘ਤੇ ਲੈਣਾ ਹੁੰਦਾ ਹੈ ਪਰ ਠੇਕੇਦਾਰ ਵੱਲੋਂ ਵਪਾਰੀਆਂ ਤੇ ਕਿਸਾਨਾਂ ਤੋਂ 4% ਕਮਿਸ਼ਨ ਅਤੇ 8% ਗੁੰਡਾ ਟੈਕਸ ਦੀ ਪਰਚੀ ਕੱਟੀ ਜਾ ਰਹੀ ਸੀ। ਸੁਖਵਿੰਦਰ ਸਿੰਘ ਨੇ 9 ਹਜ਼ਾਰ ਰੁਪਏ ਵਿੱਚ ਪਸ਼ੂ ਖਰੀਦਿਆ ਸੀ ਅਤੇ ਨਿਯਮਾਂ ਮੁਤਾਬਿਕ ਉਸ ਨੇ 360 ਰੁਪਏ ਕਮਿਸ਼ਨ ਅਦਾ ਕਰਨੇ ਸਨ ਪਰ ਸੁਖਵਿੰਦਰ ਸਿੰਘ ਦੇ ਦੱਸਣ ਮੁਤਾਬਕ ਠੇਕੇਦਾਰ ਨੇ ਜ਼ਬਰਦਸਤੀ ਉਸ ਤੋਂ ਇੱਕ ਹਜ਼ਾਰ ਰੁਪਏ ਵਸੂਲ ਲਏ ਅਤੇ ਪਸ਼ੂਧਨ ਦੀ ਕੀਮਤ 9 ਹਜ਼ਾਰ ਰੁਪਏ ਦੀ ਬਜਾਏ ਸਰਕਾਰੀ ਰਿਕਾਰਡ ਵਿੱਚ 25 ਹਜ਼ਾਰ ਰੁਪਏ ਦਿਖਾ ਦਿੱਤੀ।

ਪਸ਼ੂ ਪਾਲਕਾਂ ਤੋਂ 'ਗੁੰਡਾ ਟੈਕਸ' ਵਸੂਲਣ ਸਬੰਧੀ ਪਰਚੀ ਕੱਟਣ ਬਾਰੇ ਠੇਕੇਦਾਰ ਤੋਂ ਪੁੱਛ ਪੜਤਾਲ ਕਰਦੇ ਹੋਏ ਪ੍ਰਸ਼ਾਸਨਿਕ ਅਧਿਕਾਰੀ

ਪਸ਼ੂ ਪਾਲਕਾਂ ਤੋਂ ‘ਗੁੰਡਾ ਟੈਕਸ’ ਵਸੂਲਣ ਸਬੰਧੀ ਪਰਚੀ ਕੱਟਣ ਬਾਰੇ ਠੇਕੇਦਾਰ ਤੋਂ ਪੁੱਛ ਪੜਤਾਲ ਕਰਦੇ ਹੋਏ ਪ੍ਰਸ਼ਾਸਨਿਕ ਅਧਿਕਾਰੀ

ਕਿਸਾਨਾਂ ਤੇ ਵਪਾਰੀਆਂ ਨੇ ਜਦੋਂ ਠੇਕੇਦਾਰਾਂ ਦੀ ਇਸ ‘ਗੁੰਡਾਗਰਦੀ’ ਦਾ ਵਿਰੋਧ ਕੀਤਾ ਤਾਂ ਐੱਸ.ਐੱਚ.ਓ. ਸਿਟੀ ਜਗਦੇਵ ਸਿੰਘ ਅਤੇ ਬੀਡੀਪੀਓ ਸਰਬਜੀਤ ਸਿੰਘ ਮੌਕੇ ‘ਤੇ ਪਹੁੰਚ ਗਏ। ਉਨ੍ਹਾਂ ਪਸ਼ੂ ਮੰਡੀ ਦੇ ਠੇਕੇਦਾਰਾਂ ਨੂੰ ਪੰਜਾਬ ਸਰਕਾਰ ਵੱਲੋਂ ਕਮਿਸ਼ਨ ਵਸੂਲੀ ਲਈ ਜਾਰੀ ਕੀਤੇ ਹੁਕਮ, ਸ਼ਨਾਖਤੀ ਕਾਰਡ ਅਤੇ ਹੋਰ ਜ਼ਰੂਰੀ ਦਸਤਾਵੇਜ਼ ਦਿਖਾਉਣ ਲਈ ਕਿਹਾ। ਠੇਕੇਦਾਰਾਂ ਦੀ ਪੈਰਵੀ ਲਈ ਮੌਕੇ ‘ਤੇ ਮੌਜੂਦ ਰਾਜਪਾਲ ਸਿੰਘ ਪ੍ਰਸਾਸ਼ਨਿਕ ਅਧਿਕਾਰੀਆਂ ਨੂੰ ਕੋਈ ਵੀ ਅਜਿਹਾ ਦਸਤਾਵੇਜ਼ ਨਹੀਂ ਦਿਖਾ ਸਕਿਆ ਜਿਸ ਵਿੱਚ ਪੰਜਾਬ ਸਰਕਾਰ ਨੇ ਇਨ੍ਹਾਂ ਠੇਕੇਦਾਰਾਂ ਨੂੰ ਕਮਿਸ਼ਨ ਲੈਣ ਦੀ ਮਨਜ਼ੂਰੀ ਦਿੱਤੀ ਹੋਵੇ। ਬੀਡੀਪੀਓ ਸਰਬਜੀਤ ਸਿੰਘ ਨੇ ਪੀੜਤ ਵਪਾਰੀਆਂ ਅਤੇ ਪਸ਼ੂ ਪਾਲਕਾਂ ਦੀ ਸ਼ਿਕਾਇਤ ਲਿਖਤੀ ਰੂਪ ਵਿੱਚ ਲੈ ਕੇ ਅਗਲੀ ਕਾਰਵਾਈ ਲਈ ਡਿਪਟੀ ਕਮਿਸ਼ਨਰ ਨੂੰ ਭੇਜ ਦਿੱਤੀ ਹੈ। ਪੁਲਿਸ ਨੇ ਵਪਾਰੀਆਂ ਅਤੇ ਪੀੜਤ ਕਿਸਾਨਾਂ ਨੂੰ ਬਾਕੀ ਕਾਰਵਾਈ ਲਈ ਥਾਣੇ ਬੁਲਾ ਲਿਆ।

ਪਸ਼ੂ ਮਾਲਕ ਰਾਜਵਿੰਦਰ ਸਿੰਘ, ਗੁਰਦੀਪ ਸਿੰਘ, ਕੁਲਦੀਪ ਸਿੰਘ, ਸਖੁਵਿੰਦਰ ਸਿੰਘ ਤੇ ਦਲੀਪ ਸਿੰਘ ਨੇ ਕਿਹਾ ਕਿ ਪਸ਼ੂਆਂ ਨੂੰ ਬੜੀ ਕਰੂਰਤਾ ਨਾਲ ਟਰੱਕਾਂ ਵਿੱਚ ਲੱਦਿਆ ਜਾਂਦਾ ਹੈ ਅਤੇ ਉਨ੍ਹਾਂ ਨਾਲ ਨਿਰਦਈ ਵਿਵਹਾਰ ਕੀਤਾ ਜਾਂਦਾ ਹੈ। ਠੇਕੇਦਾਰ ਪਸ਼ੂ ਪਾਲਕਾਂ ਤੋਂ ਵੱਡਾ ਟੈਕਸ ਵਸੂਲ ਰਹੇ ਹਨ ਪਰ ਪਸ਼ੂ ਮੰਡੀ ਵਿੱਚ ਪਸ਼ੂਆਂ ਜਾਂ ਪਸ਼ੂ ਧਨ ਪਾਲਕਾਂ ਦੀ ਸਹੂਲਤ ਲਈ ਛਾਂ ਅਤੇ ਪਾਣੀ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ।

ਐੈੱਸ.ਐੱਚ.ਓ ਜਗਦੇਵ ਸਿੰਘ ਨੇ ਕਿਹਾ ਕਿ ਠੇਕੇਦਾਰਾਂ ਵੱਲੋਂ ਪਸ਼ੂ ਪਾਲਕਾਂ ਵੱਲੋਂ ਕੀਤੀ ਜਾਂਦੀ ਜਬਰੀ ਵਸੂਲੀ ਖ਼ਿਲਾਫ਼ ਉਨ੍ਹਾਂ ਨੂੰ ਸ਼ਿਕਾਇਤ ਮਿਲੀ ਹੈ ਅਤੇ ਉਹ ਇਸ ਮਾਮਲੇ ਦੀ ਪੜਤਾਲ ਕਰ ਰਹੇ ਹਨ। ਠੇਕੇਦਾਰਾਂ ਦੀ ਇਸ ‘ਗੁੰਡਾਗਰਦੀ’ ਖਿਲਾਫ਼ ਕੁਝ ਕਾਂਗਰਸੀ ਆਗੂਆਂ ਨੇ ਮੌਕੇ ‘ਤੇ ਪਹੁੰਚ ਕੇ ਉਨ੍ਹਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਠੇਕੇਦਾਰਾਂ ਖ਼ਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,