April 15, 2020 | By ਸਿੱਖ ਸਿਆਸਤ ਬਿਊਰੋ
ਸ੍ਰੀ ਅੰਮ੍ਰਿਤਸਰ: ਲੰਘੇ ਐਤਵਾਰ ਪਟਿਆਲੇ ਦੀ ਸਬਜੀ ਮੰਡੀ ਵਿਖੇ ਪੰਜਾਬ ਸਰਕਾਰੀ ਦੀ ਪੁਲਿਸ ਅਤੇ ਨਿਹੰਗ ਸਿੰਘਾਂ ਦਰਮਿਆਨ ਹੋਈ ਝੜਪ ਅਤੇ ਉਸ ਤੋਂ ਬਾਅਦ ਦੇ ਮਹੌਲ ਬਾਰੇ ਦਮਦਮੀ ਟਕਸਾਲ (ਮਹਿਤਾ) ਮੁਖੀ ਬਾਬਾ ਹਰਨਾਮ ਸਿੰਘ ਵੱਲੋਂ ਅੱਜ ਇਕ ਲਿਖਤੀ ਬਿਆਨ ਜਾਰੀ ਹੋਇਆ ਹੈ।
ਸਿੱਖ ਸਿਆਸਤ ਨੂੰ ਮਿਲੀ ਇਸ ਬਿਆਨ ਦੀ ਲਿਖਤ ਹੂ-ਬ-ਹੂ ਹੇਠਾਂ ਸਾਂਝੀ ਕੀਤੀ ਜਾ ਰਹੀ ਹੈ:-
ਅੰਮ੍ਰਿਤਸਰ ੧੫ ਅਪ੍ਰੈਲ ( ) ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਪਟਿਆਲਾ ਦੇ ਸਬਜ਼ੀ-ਮੰਡੀ ਸਨੌਰ ਵਿਖੇ ਬੀਤੇ ਦਿਨੀਂ ਨਿਹੰਗ ਸਿੰਘਾਂ ਅਤੇ ਪੁਲੀਸ ਦਰਮਿਆਨ ਹੋਈ ਝੜਪ ਨੂੰ ਮੰਦਭਾਗਾ ਕਰਾਰ ਦਿਤਾ ਅਤੇ ਉਕਤ ਘਟਨਾ ਦੀ ਨਿਰਪੱਖ ਉਚ ਪੱਧਰੀ ਪੜਤਾਲ ਕਰਾਉਣ ਤੋਂ ਇਲਾਵਾ ਕਿਸੇ ਵੀ ਕਾਨੂੰਨੀ ਪ੍ਰਕ੍ਰਿਆ ਮੌਕੇ ਮਨੁੱਖੀ ਕਦਰਾਂ ਕੀਮਤਾਂ ਅਤੇ ਸਿੱਖੀ ਅਸੂਲਾਂ ਦਾ ਖ਼ਾਸ ਧਿਆਨ ਰਖਣ ਲਈ ਸਰਕਾਰ ਨੂੰ ਕਿਹਾ ਹੈ।
ਪ੍ਰੋ: ਸਰਚਾਂਦ ਸਿੰਘ ਨੇ ਦਸਿਆ ਕਿ ਬਾਬਾ ਹਰਨਾਮ ਸਿੰਘ ਖਾਲਸਾ ਨੇ ਕਰੋਨਾ ਵਰਗੀ ਵਿਸ਼ਵ ਵਿਆਪੀ ਆਫ਼ਤ ਤੋਂ ਨਿਜਾਤ ਪਾਉਣ ਲਈ ਸਰਕਾਰਾਂ ਅਤੇ ਪ੍ਰਸ਼ਾਸਨ ਨੂੰ ਸਹਿਯੋਗ ਦੇਣ ਅਤੇ ਔਖੀ ਘੜੀ ‘ਚ ਲਗਾਈਆਂ ਗਈਆਂ ਪਾਬੰਦੀਆਂ ਦੀ ਹਰ ਸੰਭਵ ਪਾਲਣਾ ਕਰਨ ‘ਤੇ ਜੋਰ ਦਿਤਾ। ਉਨ੍ਹਾਂ ਪਟਿਆਲਾ ਦੀ ਘਟਨਾ ਦੌਰਾਨ ਕੁੱਝ ਪੁਲੀਸ ਮੁਲਾਜ਼ਮਾਂ ਨੂੰ ਪਹੁੰਚੇ ਨੁਕਸਾਨ ਲਈ ਹਮਦਰਦੀ ਦਾ ਪ੍ਰਗਟਾਵਾ ਕੀਤਾ ਅਤੇ ਕਿਹਾ ਕਿ ਦੋਹਾਂ ਧਿਰਾਂ ਵੱਲੋਂ ਸੰਜਮ ਤੋਂ ਕੰਮ ਲਿਆ ਗਿਆ ਹੁੰਦਾ ਤਾਂ ਉਕਤ ਅਣਸੁਖਾਵੀਂ ਘਟਨਾ ਨੂੰ ਟਾਲਿਆ ਜਾ ਸਕਦਾ ਸੀ। ਘਟਨਾ ਸੰਬੰਧੀ ਪ੍ਰਾਪਤ ਸੂਚਨਾਵਾਂ ਅਤੇ ਵਾਇਰਲ ਵੀਡੀਓ ਤੋਂ ਪਤਾ ਚਲਦਾ ਹੈ ਕਿ ਉਕਤ ਘਟਨਾ ਅਚਾਨਕ ਵਾਪਰੀ ਘਟਨਾ ਸੀ, ਨਾ ਕਿ ਕਿਸੇ ਪਲਾਨਿੰਗ ਦਾ ਹਿੱਸਾ ਅਤੇ ਨਾ ਹੀ ਨਿਹੰਗ ਸਿੰਘ ਪੁਲੀਸ ਉੱਤੇ ਜਾਣਬੁੱਝ ਕੇ ਹਮਲਾ ਕਰਨ ਦੀ ਨੀਅਤ ਨਜ਼ਰ ਆਉਂਦੀ ਹੈ। ਦੋਹਾਂ ਧਿਰਾਂ ‘ਚ ਸੰਜਮ ਦੀ ਕਮੀ ਕਾਰਨ ਤਲਖ਼ ਕਲਾਮੀ ਹੋਈ ਜਿਸ ਦਾ ਨਤੀਜਾ ਅਣਸੁਖਾਵਾਂ ਰਿਹਾ। ਉਨ੍ਹਾਂ ਅਗੇ ਕਿਹਾ ਕਿ ਹਰ ਕਸੂਰਵਾਰ ਨੂੰ ਢੁਕਵੀਂ ਸਜਾ ਮਿਲਣੀ ਚਾਹੀਦੀ ਹੈ ਪਰ ਮੌਜੂਦਾ ਹਲਾਤਾਂ ਵਿਚ ਇਕ ਇਸਤਰੀ ‘ਤੇ ਕੇਸ ਦਰਜ ਕਰਨਾ ਅਤੇ ਨਿਹੰਗ ਸਿੰਘਾਂ ਨੂੰ ਅਦਾਲਤ ਵਿਚ ਪੇਸ਼ ਕਰਨ ਸਮੇਂ ਨੰਗੇ ਸਿਰ ਲੈ ਕੇ ਜਾਣਾ ਮਨੁੱਖੀ ਕਦਰਾਂ ਕੀਮਤਾਂ ਅਤੇ ਸਿਖੀ ਅਸੂਲਾਂ ਦੇ ਵਿਪਰੀਤ ਹੈ, ਜਿਸ ਨਾਲ ਹਾਲਾਤ ਤਣਾਅ ਪੂਰਨ ਜਾਂ ਅਣਸੁਖਾਵਾਂ ਬਣ ਸਕਦਾ ਹੈ। ਉਨ੍ਹਾਂ ਮੀਡੀਆ ਦੇ ਇਕ ਹਿੱਸੇ ਵੱਲੋਂ ਨਿਭਾਈ ਜਾ ਰਹੀ ਪੱਖਪਾਤੀ ਰੋਲ ‘ਤੇ ਵੀ ਨਿਰਾਸ਼ਾ ਜਤਾਈ। ਉਨ੍ਹਾਂ ਕਿਹਾ ਕਿ ਕਰੋਨਾ ਦੀ ਦਹਿਸ਼ਤ ਦੇ ਅਣਸੁਖਾਵੇਂ ਮਾਹੌਲ ਦੌਰਾਨ ਦੇਸ਼ ਦੇ ਕਈ ਹਿੱਸਿਆਂ ‘ਚ ਕਈਆਂ ਵੱਲੋਂ ਪੁਲੀਸ ‘ਤੇ ਹੱਥ ਚੁੱਕਿਆ ਗਿਆ ਪਰ ਕਿਸੇ ਨੇ ਵੀ ਉਹਨਾਂ ਘਟਨਾਵਾਂ ਨੂੰ ਗੁੰਡਾਗਰਦੀ ਨਹੀਂ ਕਿਹਾ, ਜਦ ਕਿ ਪਟਿਆਲੇ ਦੀ ਘਟਨਾ ਨਾਲ ਸੰਬੰਧਿਤ ਵਿਅਕਤੀਆਂ ਦਾ ਨਿਹੰਗ ਸਿੰਘਾਂ ਦੇ ਬਾਣੇ ‘ਚ ਹੋਣ ਕਾਰਨ ਹੀ ਉਕਤ ਘਟਨਾ ਨੂੰ ਬਿਨਾ ਵਜਾ ਤੂਲ ਦਿਤਾ ਗਿਆ। ਉਨ੍ਹਾਂ ਸਰਕਾਰ ਨੂੰ ਜ਼ਿੰਮੇਵਾਰੀ ਤੋਂ ਕੰਮ ਲੈਣ ਅਤੇ ਸੰਗਤ ਨੂੰ ਸ਼ਾਂਤੀ ਬਣਾਈ ਰਖਣ ਦੀ ਅਪੀਲ ਕੀਤੀ ਹੈ।
Related Topics: Baba Harnam Singh Dhumma, Bhupinder Singh Sajjan, Congress Government in Punjab 2017-2022, Damdami Taksal, Dinkar Gupta, Punjab Government, Punjab Police, Punjab Police And Nihang Singhs Clash Patiala, Punjab Politics