ਚੰਡੀਗੜ੍ਹ: ਸਿੱਖ ਸਿਆਸਤ ਵੱਲੋਂ ਸਿੱਖ ਸਿਆਸਤ ਐਪ ਤੇ ਨਵੀਂ ਬੋਲਦੀ ਕਿਤਾਬ “ਖਾੜਕੂ ਸੰਘਰਸ਼ ਦੀ ਸਾਖੀ 2 (ਸਾਧਨ, ਸਬੱਬ, ਸਿਦਕ ਅਤੇ ਸ਼ਹਾਦਤ)” ਜਾਰੀ ਕਰ ਦਿੱਤੀ ਗਈ ਹੈ। ਇਹ ਕਿਤਾਬ ਭਾਈ ਦਲਜੀਤ ਸਿੰਘ ਵੱਲੋਂ ਲਿਖੀ ਗਈ ਹੈ।
ਇਹ ਕਿਤਾਬ ਖਾੜਕੂ ਸੰਘਰਸ਼ ਦੇ ਕਈ ਨਵੇਂ ਪਸਾਰ ਅਤੇ ਪਰਤਾਂ ਖੋਲ੍ਹਦੀ ਹੈ। ‘ਖਾੜਕੂਆਂ ਨੂੰ ਹਥਿਆਰ ਕਿਥੋਂ, ਕਿਵੇਂ ਮਿਲੇ ਜਾਂ ਮਿਲਦੇ ਰਹੇ ਅਤੇ ਉਨ੍ਹਾਂ ਨੇ ਹਥਿਆਰਾਂ ਦੀ ਵੰਡ ਕਿਵੇਂ ਕੀਤੀ’ ਦੇ ਨਾਲ-ਨਾਲ ਸਿੱਖਾਂ ਦੇ ਸ਼ਸਤਰ ਨਾਲ ਰਿਸ਼ਤੇ ਦੀ ਵਾਰਤਾ ਤੋਂ ਆਰੰਭ ਹੋ ਕੇ ਓਸ ਸਮੇਂ ਦੇ ਹਰ ਅਹਿਮ ਬਿਰਤਾਂਤ ਨੂੰ ਇਹ ਕਿਤਾਬ ਛੋਂਹਦੀ ਹੈ। ਖਾੜਕੂ ਸੰਘਰਸ਼ ਦੇ ਅਹਿਮ ਸਵਾਲ ਬੈਂਕ ਮਾਂਜੇ, ਗੈਰ-ਭਾਰਤੀ ਦੇਸਾਂ ਵਲੋਂ ਖਾੜਕੂਆਂ ਦੀ ਮਦਦ ਅਤੇ ਸੰਘਰਸ਼ ਦੇ ਵੱਡੇ ਜਰਨੈਲਾਂ ਦੇ ਕਾਰਨਾਮੇ ਅਤੇ ਸ਼ਹਾਦਤਾਂ ਹਨ। ਇਹ ਕਿਤਾਬ ਇਨ੍ਹਾਂ ਸਵਾਲਾਂ ਬਾਰੇ ਲੰਮੀਆਂ ਸਾਖੀਆਂ ਵਿਚ ਗੱਲ ਕਰਦੀ ਹੈ।
ਖਾੜਕੂ ਸਿੰਘ ਪੁਲਸ ਦੀਆਂ ਵੱਡੀਆਂ ਘਾਤਾਂ ਅਤੇ ਘੇਰਿਆਂ ਤੋਂ ਕਿਵੇਂ ਬਚੇ ਅਤੇ ਖਾੜਕੂਆਂ ਦੇ ਸਿਖਰਲੇ ਜਤਨਾਂ ਤੋਂ ਕੇ.ਪੀ.ਐਸ. ਗਿੱਲ, ਕੁਲਦੀਪ ਬਰਾੜ, ਭਜਨ ਲਾਲ, ਰਿਬੈਰੋ, ਰਾਜ ਕਿਸ਼ਨ ਬੇਦੀ ਆਦਿ ਹੋਰ ਅਹਿਮ ਤੇ ਆਹਲਾ ਅਫਸਰ ਕਿਵੇਂ ਬਚਦੇ ਰਹੇ? ਖਾੜਕੂ ਸਿੰਘਾਂ ਦੀ ਇਹ ਜੰਗ ਕੌਮਾਂਤਰੀ ਹਥਿਆਰਾਂ ਦੀ ਮੰਡੀ ਵਿਚ ਕਿਵੇਂ ਜਾਣੀ ਜਾਣ ਲੱਗੀ? ਖਾੜਕੂ ਸਿੰਘਾਂ ਨੇ ਸਰਹੱਦਾਂ ਤੇ ਸਫਰ ਕਿਵੇਂ-ਕਿਵੇਂ ਕੀਤੇ ਅਤੇ ਉਨ੍ਹਾਂ ਨੇ ਕਿਵੇਂ ਜਾਨ ਹੂਲ ਕੇ ਆਪਣੇ ਵਾਅਦੇ ਪੁਗਾਏ? ਅਜਿਹੇ ਕਿੰਨੇ ਹੀ ਬਿਰਤਾਂਤ ਇਸ ਕਿਤਾਬ ਵਿਚ ਮਿਲਦੇ ਹਨ।
ਇਸ ਤੋਂ ਸਿਵਾਏ ਵੱਖੋ-ਵੱਖ ਖਾੜਕੂ ਜਥੇਬੰਦੀਆਂ ਦੇ ਆਪਸੀ ਰਿਸ਼ਤਿਆਂ ਅਤੇ ਸਾਂਝੇ/ਵੱਖੋ-ਵੱਖਰੇ ਜਤਨਾਂ ਬਾਰੇ ਬਹੁਤ ਗੱਲਾਂ ਸਪਸ਼ਟ ਹੋਈਆਂ ਹਨ। ਚੜ੍ਹਦੀ ਕਲਾ ਨਾਲ ਸਿਦਕ ਵਿਖਾਉਂਦੇ ਸ਼ਹਾਦਤ ਨੂੰ ਪਹੁੰਚਦੇ ਸਿੰਘਾਂ ਦਾ ਵੱਡਾ ਬਿਰਤਾਂਤ ਪਹਿਲੀ ਵਾਰੀ ਪੰਥ ਦੇ ਸਨਮੁਖ ਹੋ ਰਿਹਾ ਹੈ। ‘ਪੁਲਸ ਨੇ ਕਿਵੇਂ ਸਾਥ ਦਿੱਤਾ ਅਤੇ ਕਿਵੇਂ ਦੁਸ਼ਮਣੀ ਨਿਭਾਈ’ ਇਹ ਕਿਤਾਬ ਦਾ ਗੌਲਣਯੋਗ ਹਿੱਸਾ ਹੈ।
ਇਸ ਕਿਤਾਬ ਦੇ ਕੁਝ ਹਿੱਸੇ ਬਿਨਾ ਭੇਟਾ ਤਾਰੇ ਸੁਣੇ ਜਾ ਸਕਦੇ ਹਨ। ਇਹ ਸਾਰੀ ਕਿਤਾਬ ਸੁਣਨ ਦੇ ਲਈ ਸਰੋਤੇ ਭੇਟਾ ਤਾਰ ਕੇ ਸਿੱਖ ਸਿਆਸਤ ਦੀਆਂ ਖਾਸ ਸੇਵਾਵਾਂ ਸ਼ੁਰੂ ਕਰਵਾ ਸਕਦੇ ਹਨ। ਸਰੋਤੇ ਸਿੱਖ ਸਿਆਸਤ ਦੀ ਐਪ ਬਿਨਾ ਕਿਸੇ ਭੇਟਾ ਦੇ ਗੁਗਲ ਪਲੇਅ ਸਟੋਰ ਜਾਂ ਐਪਲ ਐਪ ਸਟੋਰ ਤੋਂ ਹਾਸਿਲ ਕਰ ਕੇ ਸੁਣ ਸਕਦੇ ਹਨ। ਸਿੱਖ ਸਿਆਸਤ ਐਪ ਹਾਸਿਲ ਕਰੋ