March 18, 2024 | By ਸਿੱਖ ਸਿਆਸਤ ਬਿਊਰੋ
ਹੁਸ਼ਿਆਰਪੁਰ – 2015 ਵਿੱਚ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਲਈ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਜੋ ਪਹਿਲਾਂ ਹੀ ਬਲਾਤਕਾਰ ਅਤੇ ਕਤਲ ਕੇਸ ਵਿੱਚ ਸਜ਼ਾ ਕੱਟ ਰਹੇ ਹਨ ਅਤੇ ਉਸਦੀ ਚਹੇਤੀ ਹਨੀਪ੍ਰੀਤ ਦਾ ਨਾਮ ਸਾਹਮਣੇ ਆਉਣ ਤੋਂ ਬਾਅਦ ਦਲ ਖ਼ਾਲਸਾ ਨੇ ਪੰਜਾਬ ਸਰਕਾਰ ਨੂੰ ਦੋਹਾਂ ਨੂੰ ਤੁਰੰਤ ਪੁਲਿਸ ਰਿਮਾਂਡ ਉੱਤੇ ਪੰਜਾਬ ਲਿਆ ਕੇ ਪੁੱਛਗਿਛ ਕਰਨ ਅਤੇ ਬੇਅਦਬੀ ਕੇਸ ਵਿੱਚ ਗ੍ਰਿਫਤਾਰ ਕਰਨ ਲਈ ਕਿਹਾ ਹੈ।
ਦਲ ਖ਼ਾਲਸਾ ਦੇ ਹਾਲ ਹੀ ਵਿੱਚ ਨਿਯੁਕਤ ਕੀਤੇ ਗਏ ਵਰਕਿੰਗ ਪ੍ਰਧਾਨ ਪਰਮਜੀਤ ਸਿੰਘ ਮੰਡ ਨੇ ਕਿਹਾ ਕਿ ਜਿਸ ਦਿਨ ਬੇਅਦਬੀ ਹੋਈ ਸੀ ਉਸ ਦਿਨ ਤੋਂ ਲੈ ਕੇ ਅੱਜ ਤੱਕ ਹਰ ਚੇਤਨ ਸਿੱਖ ਨੂੰ ਇਹ ਗੱਲ ਸਾਫ ਸੀ ਕਿ ਬੇਅਦਬੀ ਪਿਛੇ ਦੇਹ-ਧਾਰੀ ਦੰਭ ਡੇਰਾ ਸੱਚਾ ਸੌਦਾ ਦਾ ਹੱਥ ਹੈ ਪਰ ਪਿਛਲੇ 9 ਸਾਲਾਂ ਦੌਰਾਨ ਬਦਲਦੀਆਂ ਸਰਕਾਰਾਂ ਨੇ ਹਮੇਸ਼ਾ ਹੀ ਕਾਨੂੰਨ ਦੇ ਹੱਥ ਸਿਰਸੇ ਡੇਰੇ ਤੱਕ ਨਹੀਂ ਪਹੁੰਚਣ ਦਿੱਤੇ ਅਤੇ ਡੇਰਾ ਮੁਖੀ ਨੂੰ ਇਹਨਾਂ ਬੇਅਦਬੀਆਂ ਦੇ ਕੇਸਾਂ ਤੋਂ ਹਮੇਸ਼ਾ ਬਚਾ ਕੇ ਰੱਖਿਆ।
ਉਹਨਾਂ ਕਿਹਾ ਕਿ ਬੇਅਦਬੀ ਮੌਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਅਤੇ ਉਸ ਤੋਂ ਬਾਅਦ ਪੰਜ ਸਾਲ ਸੱਤਾ ਵਿੱਚ ਕਾਂਗਰਸ ਸਰਕਾਰ ਰਹੀ ਪਰ ਅਫਸੋਸ ਕਿ ਦੋਵੇਂ ਹੀ ਰਾਮ ਰਹੀਮ ਤੋਂ ਪੁੱਛਗਿੱਛ ਕਰਨ ਵਿੱਚ ਨਾਕਾਮ ਰਹੀਆਂ ਉਲਟਾ ਦੋਨਾਂ ਨੇ ਵੋਟਾਂ ਖਾਤਰ ਡੇਰੇ ਮੁਖੀ ਨੂੰ ਸ਼ਹਿ ਦਿੱਤੀ ਰੱਖੀ। ਉਹਨਾਂ ਕਿਹਾ ਕਿ ਜੇਕਰ ਹੁਣ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਵੀ ਰਾਮ ਰਹੀਮ ਅਤੇ ਹਨੀਪ੍ਰੀਤ ਨੂੰ ਪੰਜਾਬ ਲਿਆ ਕੇ ਪੁੱਛ ਪੜਤਾਲ ਕਰਨ ਅਤੇ ਇਸ ਕੇਸ ਦੇ ਦੋਸ਼ੀਆਂ ਨੂੰ ਅੰਜਾਮ ਤੱਕ ਪਹੁੰਚਾਉਣ ਵਿੱਚ ਨਾਕਾਮ ਰਹਿੰਦੀ ਹੈ ਤਾਂ ਸਿੱਖ ਅਵਾਮ ਦੀ ਇਸ ਗੱਲ ਉੱਤੇ ਪੱਕੀ ਮੋਹਰ ਲੱਗੇਗੀ ਕਿ ਰਾਮ ਰਹੀਮ ਨੂੰ ਹਿੰਦ-ਨਵਾਜ ਸਾਰੀਆਂ ਪਾਰਟੀਆਂ ਦੀਆਂ ਸਰਕਾਰਾਂ ਦੀ ਸ਼ਹਿ ਪ੍ਰਾਪਤ ਹੈ।
ਜ਼ਿਕਰਯੋਗ ਹੈ ਕਿ ਰਾਮ ਰਹੀਮ ਵੱਲੋਂ ਡੇਰਾ ਸੱਚਾ ਸੌਦਾ ਦੇ ਰਾਜਨੀਤਿਕ ਵਿੰਗ ਤੇ ਰਾਸ਼ਟਰੀ ਪ੍ਰਧਾਨ ਰਹੇ ਪ੍ਰਦੀਪ ਕਲੇਰ ਵੱਲੋਂ ਗ੍ਰਿਫ਼ਤਾਰੀ ਬਾਅਦ ਪੁਲਿਸ ਨੂੰ ਦਰਜ ਕਰਵਾਏ ਗਏ ਬਿਆਨ ਵਿੱਚ ਇਸ ਗੱਲ ਦਾ ਖੁਲਾਸਾ ਕੀਤਾ ਹੈ ਕਿ ਬੇਅਦਬੀਆਂ ਪਿੱਛੇ ਮਾਸਟਰ ਮਾਇੰਡ ਖੁਦ ਡੇਰਾ ਮੁਖੀ ਰਾਮ ਰਹੀਮ ਅਤੇ ਹਨੀਪ੍ਰੀਤ ਸੀ।
Related Topics: Bhagwant Maan, Dal Khalsa, Dera Sacha Sauda Chief Gurmeet Ram Rahim Insa, Gurmeet Ram Rahim, Parmjeet Singh Mand