ਪੰਜਾਬ ਦੀ ਰਾਜਨੀਤੀ » ਸਿਆਸੀ ਖਬਰਾਂ

ਜਗਦੀਸ਼ ਭੋਲਾ ਡਰੱਗ ਰੈਕੇਟ ਦੀ ਜਾਂਚ ਵਿੱਚ ਤੇਜ਼ੀ ਲਿਆਉਣ ਲਈ ਹਾਈ ਕੋਰਟ ਦਾ ਦਖ਼ਲ ਸਵਾਗਤ ਯੋਗ: ਛੋਟੇਪੁਰ

June 18, 2016 | By

ਚੰਡੀਗੜ: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ‘ਵਿਸ਼ੇਸ਼ ਜਾਂਚ ਟੀਮ’ ਨੂੰ ਜਗਦੀਸ਼ ਭੋਲਾ ਦੇ ਨਸ਼ੀਲੇ ਕਾਰੋਬਾਰ ਦੀ ਜਾਂਚ 31 ਜੁਲਾਈ ਤੱਕ ਮੁਕੰਮਲ ਕਰਨ ਸਬੰਧੀ ਦਿੱਤੇ ਗਏ ਹੁਕਮਾਂ ਦਾ ਆਮ ਆਦਮੀ ਪਾਰਟੀ ਨੇ ਸਆਗਤ ਕਰਦਿਆਂ ਕਿਹਾ ਹੈ ਕਿ ਇਸ ਤੋਂ ਪਾਰਟੀ (ਆਪ) ਦੇ ਉਸ ਸਟੈਂਡ ਦੀ ਪ੍ਰੋੜ੍ਹਤਾ ਹੁੰਦੀ ਹੈ, ਜਿਸ ਵਿੱਚ ਅਕਾਲੀਆਂ ਉਤੇ ਦੋਸ਼ ਲਾਇਆ ਗਿਆ ਸੀ ਕਿ ਉਹ ਇਸ ਮਾਮਲੇ ਦੀ ਜਾਂਚ ਵਿੱਚ ਜਾਣਬੁੱਝ ਕੇ ਦੇਰੀ ਕਰ ਰਹੇ ਹਨ।

jagdish bhola

ਡਰੱਗ ਰੈਕਟ ‘ਚ ਫੜ੍ਹ ਗਏ ਸਾਬਕਾ ਡੀ.ਐਸ.ਪੀ. ਜਗਦੀਸ਼ ਭੋਲਾ ਨੂੰ ਅਦਾਲਤ ਵਿਚ ਪੇਸ਼ ਕਰਦੇ ਹੋਏ (ਫਾਈਲ ਫੋਟੋ)

ਆਮ ਆਦਮੀ ਪਾਰਟੀ ਦੇ ਸੂਬਾ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੇ ਕਿਹਾ,”ਸਾਰੀਆਂ ਵਿਸ਼ੇਸ਼ ਜਾਂਚ ਟੀਮਾਂ ਵੱਲੋਂ ਜਾਂਚ ਵਿੱਚ ਬੇਲੋੜੀ ਅਤੇ ਜਾਣਬੁੱਝ ਕੀਤੀ ਜਾਣ ਵਾਲੀ ਦੇਰੀ ਦੀ ਅਸੀਂ ਸਦਾ ਹੀ ਨਿਖੇਧੀ ਕੀਤੀ ਹੈ, ਭਾਵੇਂ ਨਸ਼ਿਆਂ ਨਾਲ ਸਬੰਧਤ ਮਾਮਲਿਆਂ ਦੀ ਜਾਂਚ ਹੋਵੇ ਅਤੇ ਚਾਹੇ ਬਰਗਾੜੀ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਫਿਰ ਉਸ ਤੋਂ ਬਾਅਦ ਪੁਲਿਸ ਗੋਲੀਬਾਰੀ ‘ਚ ਦੋ ਸਿੱਖ ਨੌਜਵਾਨਾਂ ਦੀ ਮੌਤ ਦੀ ਜਾਂਚ ਦਾ ਮਸਲਾ ਹੋਵੇ।”

ਇੱਥੇ ਇਹ ਵਰਣਨਯੋਗ ਹੈ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਵਿਸ਼ੇਸ਼ ਜਾਂਚ ਟੀਮ ਨੂੰ ਜਗਦੀਸ਼ ਭੋਲਾ ਨਸ਼ਾ ਕਾਂਡ ਦੀ ਜਾਂਚ ਆਉਂਦੀ 31 ਜੁਲਾਈ ਤੱਕ ਮੁਕੰਮਲ ਕਰਨ ਦੇ ਹੁਕਮ ਜਾਰੀ ਕੀਤੇ ਹਨ। ਇਹ ਟੀਮ ਪਹਿਲਾਂ ਹੋਈਆਂ ਜਾਂਚਾਂ ਦੀ ਸਮੀਖਿਆ ਲਈ ਗਠਤ ਕੀਤੀ ਗਈ ਸੀ ਤੇ ਪਹਿਲਾਂ ਇਹ ਸਮੀਖਿਆ 31 ਦਸੰਬਰ, 2015 ਤੱਕ ਮੁਕੰਮਲ ਕੀਤੀ ਜਾਣੀ ਸੀ।

ਹਾਈ ਕੋਰਟ ਨੇ ਵਿਸ਼ੇਸ਼ ਜਾਂਚ ਟੀਮ ਨੂੰ ਆਪਣੀ ਪੜਤਾਲ 31 ਜੁਲਾਈ ਤੱਕ ਮੁਕੰਮਲ ਕਰਨ ਲਈ ਕਿਹਾ

ਸੁੱਚਾ ਸਿੰਘ ਛੋਟੇਪੁਰ ਨੇ ਇੰਕਸ਼ਾਫ਼ ਕੀਤਾ ਕਿ ਪਿਛਲੇ ਸਾਲ 10 ਅਕਤੂਬਰ ਨੂੰ ਹਾਈ ਕੋਰਟ ਨੇ ਇੰਸਪੈਕਟਰ ਜਨਰਲ ਪੁਲਿਸ ਰੈਂਕ ਦੇ ਤਿੰਨ ਅਧਿਕਾਰੀਆਂ ‘ਤੇ ਆਧਾਰਤ ਇੱਕ ਨਿਗਰਾਨੀ ਪੈਨਲ ਕਾਇਮ ਕੀਤਾ ਸੀ; ਈਸ਼ਵਰ ਸਿੰਘ, ਜੀ. ਨਾਗੇਸ਼ਵਰ ਰਾਓ ਅਤੇ ਵੀ. ਨੀਰਜਾ ਜਿਸ ਦੇ ਮੈਂਬਰ ਸਨ ਤੇ ਉਨ੍ਹਾਂ ਨੇ ਜਾਂਚ ਦੀ ਸਮੀਖਿਆ ਕਰਨੀ ਸੀ ਪਰ ਉਸ ਜਾਂਚ ਦਾ ਨਤੀਜਾ ਹਾਲੇ ਤੱਕ ਵੀ ਜੱਗ ਜ਼ਾਹਿਰ ਨਹੀਂ ਕੀਤਾ ਗਿਆ।

ਅਕਤੂਬਰ 2015 ‘ਚ, ਵਿਸ਼ੇਸ਼ ਜਾਂਚ ਟੀਮ ਨੂੰ ਆਪਣਾ ਕੰਮ 31 ਦਸੰਬਰ ਤੱਕ ਖ਼ਤਮ ਕਰਨ ਲਈ ਕਿਹਾ ਗਿਆ ਸੀ ਅਤੇ ਉਸ ਨੂੰ ਲੋੜੀਂਦੀਆਂ ਹੇਠਲੀਆਂ ਅਦਾਲਤਾਂ ਸਾਹਮਣੇ ਪੂਰਕ ਰਿਪੋਰਟਾਂ ਪੇਸ਼ ਕਰਨ ਦੀ ਖੁੱਲ੍ਹ ਦਿੱਤੀ ਗਈ ਸੀ। ਛੋਟੇਪੁਰ ਨੇ ਕਿਹਾ ਕਿ ਵਿਸ਼ੇਸ਼ ਜਾਂਚ ਟੀਮ ਨੂੰ ਪਹਿਲਾਂ ਹੋਈਆਂ ਜਾਂਚਾਂ ਦੀ ਸਮੀਖਿਆ ਕਰਨ ਲਈ ਕਿਹਾ ਗਿਆ ਸੀ ਕਿਉਂਕਿ ਹਾਈ ਕੋਰਟ ਨੇ ਪਾਇਆ ਸੀ ਕਿ ਕੁੱਝ ਮਾਮਲਿਆਂ ਵਿੱਚ ਕੁੱਝ ਪੁਲਿਸ ਅਧਿਕਾਰੀਆਂ ਵਿੱਚ ‘ਪ੍ਰਤੀਬੱਧਤਾ ਦੀ ਘਾਟ’ ਪਾਈ ਗਈ ਸੀ ਤੇ ਜਾਂਚ ਵਿੱਚ ਵੀ ”ਕੁੱਝ ਨੁਕਸ ਤੇ ਫ਼ਰਕ ਸਨ”।

ਆਪ ਦੇ ਉਸ ਸਟੈਂਡ ‘ਤੇ ਲੱਗੀ ਮੋਹਰ ਕਿ ਮਾਮਲੇ ਨੂੰ ਦਬਾਉਣ ਦੀ ਹੋ ਰਹੀ ਹੈ ਕੋਸ਼ਿਸ਼

ਛੋਟੇਪੁਰ ਨੇ ਕਿਹਾ ਉਸੇ ਮਾਮਲੇ ਨਾਲ ਸਬੰਧਤ ਵੱਖਰੀ ਪਟੀਸ਼ਨ ਬਾਰੇ ਵਿਸ਼ੇਸ਼ ਜਾਂਚ ਟੀਮ ਨੇ ਹਾਲੇ ਆਪਣੀ ਰਿਪੋਰਟ ਪੇਸ਼ ਕਰਨੀ ਹੈ। ਹਾਈ ਕੋਰਟ ਨੇ ਇਹ ਰਿਪੋਰਟ 12 ਮਈ ਨੂੰ ਮੰਗੀ ਸੀ, ਜਿਸ ਵਿੱਚ ਇੱਕ ਦੋਸ਼ੀ ਸਤਪ੍ਰੀਤ ਸਿੰਘ ਸੱਤਾ ਦੀ ਭੂਮਿਕਾ ਦੀ ਸ਼ਨਾਖ਼ਤ ਕਰਨ ਵਾਲੇ ਜਾਂਚ ਅਧਿਕਾਰੀਆਂ ਦੀ ਸਾਰੀ ਕਾਰਵਾਈ ਦੀ ਸੂਚੀ ਤਿਆਰ ਕਰਨ ਲਈ ਕਿਹਾ ਗਿਆ ਸੀ ਤੇ ਵਿਸ਼ੇਸ਼ ਜਾਂਚ ਟੀਮ ਨੇ ਇਹ ਵੀ ਪਤਾ ਲਾਉਣਾ ਸੀ ਕਿ ਇਸ ਦੋਸ਼ੀ ਨੂੰ ਫੜਨ ਲਈ ਕਿਹੜੇ ਜਤਨ ਕੀਤੇ ਗਏ ਸਨ।

ਛੋਟੇਪੁਰ ਨੇ ਦੱਸਿਆ ਕਿ ਵਿਸ਼ੇਸ਼ ਜਾਂਚ ਟੀਮ ਨੂੰ ਤਾਂ ਪਿੰਡੀ ਨੂੰ ਵੀ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕਰਨ ਲਈ ਕਿਹਾ ਗਿਆ ਸੀ, ਜਿਵੇਂ ਜਾਂਚ ਟੀਮ ਨੇ ਜਗਜੀਤ ਸਿੰਘ ਚਾਹਲ, ਸੁਖਰਾਜ ਸਿੰਘ ਕੰਗ, ਮਨਿੰਦਰ ਸਿੰਘ ਔਲਖ ਆਦਿ ਜਿਹੇ ਹੋਰ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ। ਇਸ ਮਾਮਲੇ ਦੀ ਰਿਪੋਰਟ 30 ਮਈ ਤੱਕ ਅਦਾਲਤ ਵਿੱਚ ਪੇਸ਼ ਹੋਣੀ ਸੀ।

ਛੋਟੇਪੁਰ ਨੇ ਤਦ ਪੰਜਾਬ ਦੇ ਕੈਬਿਨੇਟ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ਵੱਲ ਆਪਣਾ ਨਿਸ਼ਾਨਾ ਸਾਧਦਿਆਂ ਕਿਹਾ ਕਿ ਭਾਵੇਂ ਨਸ਼ਿਆਂ ਦੇ ਇਸ ਬਹੁ-ਕਰੋੜੀ ਕਾਰੋਬਾਰ ਵਿੱਚ ਮੁੱਖ ਦੋਸ਼ੀ ਤੇ ਸਾਬਕਾ ਡੀ.ਐਸ.ਪੀ. ਜਗਦੀਸ਼ ਭੋਲਾ ਨੇ ਨਸ਼ਿਆਂ ਦੇ ਇਸ ਕਾਰੋਬਾਰ ਵਿੱਚ ਮਜੀਠੀਆ ਦੇ ਸ਼ਾਮਲ ਹੋਣ ਦੀ ਗੱਲ ਆਖੀ ਸੀ, ਪਰ ਮਜੀਠੀਆ ਦੀ ਸ਼ਮੂਲੀਅਤ ਦੀ ਜਾਂਚ ਬਾਰੇ ਹਾਲੇ ਤੱਕ ਕਿਸੇ ਨੂੰ ਕੁੱਝ ਪਤਾ ਨਹੀਂ ਹੈ।

ਛੋਟੇਪੁਰ ਨੇ ਕਿਹਾ,”ਭਾਵੇਂ ਇਨਫ਼ੋਰਸਮੈਂਟ ਡਾਇਰੈਕਟੋਰੇਟ ਨੇ ਮਜੀਠੀਆ ਨੂੰ ਪੁੱਛਗਿੱਛ ਲਈ ਸੱਦਿਆ ਸੀ ਪਰ ਇਨਫ਼ੋਰਸਮੈਂਟ ਡਾਇਰੈਕਟੋਰੇਟ ਦੀ ਜਾਂਚ ਦਾ ਨਤੀਜਾ ਵੀ ਜੱਗ ਜ਼ਾਹਿਰ ਨਹੀਂ ਕੀਤਾ ਗਿਆ ਸੀ।”

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,