ਸਿੱਖ ਖਬਰਾਂ

ਗਿਆਨੀ ਇਕਬਾਲ ਸਿੰਘ ਨੇ ਹਿੰਦੂ ਪ੍ਰੀਸ਼ਦ ਦੀ ਮੀਟਿੰਗ ਵਿੱਚ ਸ਼ਾਮਲ ਹੋ ਕੇ ਸਿੱਖ ਕੌਮ ਨਾਲ ਧ੍ਰੋਹ ਕਮਾਇਆਂ, ਜੱਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਕੀਤੀ ਕਾਰਵਾਈ ਦੀ ਮੰਗ

August 21, 2014 | By

ਅੰਮ੍ਰਿਤਸਰ (20 ਅਗਸਤ 2014): ਵਿਵਾਦਾਂ ਕਾਰਣ ਹਮੇਸ਼ਾਂ ਚਰਚਾ ਵਿੱਚ ਰਹਿਣ ਵਾਲੇ ਤਖਤ ਪਟਨਾ ਸਾਹਿਬ ਦੇ ਜੱਥੇਦਾਰ ਗਿਆਨੀ ਇਕਬਲ ਸਿੰਘ ਨੇ ਵਿਸ਼ਵ ਹਿੰਦੂ ਪਰੀਸ਼ਦ ਦੇ ਗੋਲਡਨ ਜੁਬਲੀ ਸਮਾਰੋਹ ਵਿੱਚ ਸ਼ਾਮਲ ਹੋਕੇ ਇੱਕ ਨਵਾਂ ਵਿਵਾਦ ਖੜਾ ਕਰ ਦਿੱਤਾ ਹੈ।ਬੀਤੇ ਦਿਨ ਮੁੰਬਈ ਵਿਖੇ ਆਰ ਐਸ ਐਸ ਮੁਖੀ ਮੋਹਨ ਭਾਗਵਤ ਨਾਲ ਤਖਤ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਵੱਲੋਂ ਵਿਸ਼ਵ ਹਿੰਦੂ ਪ੍ਰਸ਼ਦ ਦੀ ਸਥਾਪਨਾ ਦੀ ਗੋਲਡਨ ਜੁਬਲੀ ਮੌਕੇ ਹੋਏ ਸਮਾਗਮਾਂ ਵਿੱਚ ਪੁੱਜਣਾ ਸਿੱਖ ਪੰਥ ਲਈ ਕਈ ਤਰ੍ਹਾਂ ਦੇ ਸਵਾਲ ਖੜੇ ਕਰ ਗਿਆ ਹੈ।

ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਮੰਗ ਪੱਤਰ ਭੇਜ ਕੇ ਕਿਹਾ ਕਿ ਇੱਕ ਪਾਸੇ ਇਕਬਾਲ ਸਿੰਘ ਆਰ ਐੱਸ ਐੱਸ ਦੀਆਂ ਮੀਟਿੰਗਾਂ ਵਿੱਚ ਸ਼ਾਮਲ ਹੋ ਰਹੇ ਹਨ, ਦੂਸਰੇ ਪਾਸੇ ਸਿੱਖ ਪੰਥ ਦੇ ਮਸਲੇ ਹੱਲ ਕਰਨ ਲਈ ਪੰਜ ਸਿੰਘ ਸਾਹਿਬਾਨ ਦੀਆਂ ਮੀਟਿੰਗਾਂ ਵਿੱਚ ਬੈਠਦੇ ਹਨ।

iqbal-singh-RSS-300x101
ਆਗੂਆਂ ਨੇ ਕਿਹਾ ਕਿ ਇਕਬਾਲ ਸਿੰਘ ਦੀ ਆਰ ਐਸ ਐਸ ਨਾਲ ਦੋਸਤੀ ਜ਼ਾਹਰ ਹੋ ਗਈ ਹੈ। ਇਕਬਾਲ ਸਿੰਘ ਆਰ ਐਸ ਐਸ ਨਾਲ ਮਿਲ ਕੇ ਸਿੱਖ ਪੰਥ ਨਾਲ ਧਰੋਹ ਕਮਾ ਰਹੇ ਹਨ ਤੇ ਪੰਥ ਮਾਰੂ ਨੀਤੀਆਂ ‘ਚ ਹਿੱਸਾ ਲੈ ਕੇ ਸਿੱਖੀ ਦਾ ਘਾਣ ਕਰ ਰਹੇ ਹਨ। ਸਿੱਖ ਸੰਗਤਾਂ ਨੇ ਗਿਆਨੀ ਗੁਰਬਚਨ ਸਿੰਘ ਨੂੰ ਅਪੀਲ ਕੀਤੀ ਹੈ ਕਿ ਸਿੱਖ ਕੌਮ ਨਾਲ ਗੱਦਾਰੀ ਦੇ ਦੋਸ਼ ਹੇਠ ਗਿਆਨੀ ਇਕਬਾਲ ਸਿੰਘ ਨੂੰ ਜਥੇਦਾਰ ਦੇ ਅਹੁਦੇ ਤੋਂ ਫਾਰਗ ਕੀਤਾ ਜਾਵੇ ਤੇ ਅਕਾਲ ਤਖਤ ਤੇ ਸੱਦ ਕੇ ਬਣਦੀ ਸਜ਼ਾ ਦਿੱਤੀ ਜਾਵੇ।

ਸਿੱਖ ਜਥੇਬੰਦੀਆਂ ਨੇ ਸੰਤ ਸਮਾਜ ਦੇ ਪ੍ਰਧਾਨ ਅਤੇ ਦਮਦਮੀ ਟਕਸਾਲ ਦੇ ਮੁਖੀ ਗਿਆਨੀ ਹਰਨਾਮ ਸਿੰਘ ਧੁੰਮਾ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਸਿੱਖ ਕੌਮ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣ ਤਾਂ ਕਿ ਸਿੱਖ ਕੌਮ ਨੂੰ ਢਾਅ ਲਾਉਣ ਵਾਲੇ ਸ਼ਖਸ ਨੂੰ ਜੱਗ ਜ਼ਾਹਰ ਕੀਤਾ ਜਾਵੇ।

ਵਰਨਣ ਯੋਗ ਹੈ ਕਿ ਗਿਆਨੀ ਇਕਬਾਲ ਸਿੰਘ ਦਾ ਜਥੇਦਾਰ ਹੋਣਾ ਵੀ ਵਿਵਾਦ ਦਾ ਵਿਸ਼ਾ ਹੈ। ਤਖਤ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਉਸ ਨੂੰ ਮੁਅੱਤਲ ਕੀਤਾ ਹੋਇਆ ਹੈ ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਉਸ ਉੱਤੇ ਲੱਗਦੇ ਦੋਸ਼ਾਂ ਦੇ ਬਾਵਜੂਦ ਪਿਛਲੇ ਦਿਨੀਂ ਸਿੰਘ ਸਾਹਿਬਾਨ ਦੀਆਂ ਮੀਟਿੰਘ ਵਿੱਚ ਬਿਠਾਇਆ ਹੈ।

ਜ਼ਿਕਰਯੋਗ ਹੈ ਕਿ ਆਰ. ਐੱਸ. ਐੱਸ ਮੁਖੀ ਭਾਗਵਤ ਨੇ ਥੋੜੇ ਸਮੇਂ ਵਿੱਚ ਹੀ ਕਈ ਵਾਰ ਘੱਟ ਗਿਣਤੀਆਂ ਪ੍ਰਤੀ ਇਤਰਾਜ਼ਯੋਗ ਬਿਆਨ ਬਾਜ਼ੀ ਕੀਤੀ ਹੈ। ਉਸਨੇ ਇਹ ਗੱਲ ਹਿੱਕ ਠੋਕ ਕੇ ਕਹੀ ਹੈ ਕਿ ਸਿੱਖ ਕੌਮ ਦੀ ਕੋਈ ਸੁਤੰਤਰ ਹੌਂਦ ਨਹੀਂ ਬਲਕਿ ਹਿੰਦੂ ਧਰਮ ਦੀ ਹੀ ਇੱਕ ਸ਼ਾਖ ਹੈ।

ਜੱਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਪੱਤਰ ਲਿਖਣ ਵਾਲਆਂਿ ਜੱਥੇਬੰਦੀਆਂ ਦੇ ਆਗੂਆਂ ਵਿੱਚ ਗੁਰਜੀਤ ਸਿੰਘ ਬਾਜਵਾ (ਪ੍ਰਧਾਨ) ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਸੁਰੱਖਿਆ ਬਿਊਰੋ, ਰੁਪਿੰਦਰ ਸਿੰਘ ਸ਼ਾਮਪੁਰਾ (ਪ੍ਰਧਾਨ) ਭਾਈ ਘਨੱਈਆ ਵੈਲਫੇਅਰ ਸੁਸਾਇਟੀ (ਪੰਜਾਬ), ਮਨਜੀਤ ਸਿੰਘ ਹੈਪੀ (ਮੀਤ ਪ੍ਰਧਾਨ) ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ, ਬਲਦੇਵ ਸਿੰਘ ਖੁਜਾਲਾ (ਸਕੱਤਰ), ਗੁਰਦਰਸ਼ਨ ਸਿੰਘ (ਪ੍ਰਧਾਨ) ਸਿੱਖ ਚੇਤਨਾ ਮੰਚ, ਬਲਵਿੰਦਰ ਸਿੰਘ ਦੁੱਗਲ (ਪ੍ਰਧਾਨ) ਸਿੰਘ ਸ਼ਾਮਲ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,