ਸਿਆਸੀ ਖਬਰਾਂ

ਦਲ ਖਾਲਸਾ ਨੇ ਸ਼੍ਰੋਮਣੀ ਕਮੇਟੀ ਦੀ ਕਾਰਜਕਾਰਨੀ ਨੂੰ ਕਿਹਾ: ਗੁਰੂ ਕੀ ਗੋਲਕ ਦੀ ਲੁੱਟ ਰੋਕੋ, ਤੇ ਜੇ ਮਜਬੂਰ ਹੋ ਤਾਂ ਅਹੁਦੇ ਛੱਡ ਦਿਓ

July 12, 2014 | By

ਅੰਮ੍ਰਿਤਸਰ, ਪੰਜਾਬ (ਜੁਲਾਈ 12, 2014): ਦਲ ਖਾਲਸਾ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਅੰਤਰਿੰਗ ਕਮੇਟੀ ਨੂੰ ਕਿਹਾ ਹੈ ਕਿ ਉਹ ਸਿੱਖ ਸੰਗਤਾਂ ਨੂੰ ਦੱਸਣ ਦੀ ਖੇਚਲ ਕਰਨ ਕਿ ਕਿਉਂ ਅਤੇ ਕਿਸਦੇ ਹੁਕਮਾਂ ਨਾਲ ਐਸ ਐਸ ਕੋਹਲੀ ਨਾਮੀ ਮੁਲਾਜ਼ਮ ਨੂੰ ਅਣਗਿਣਤ ਤਾਕਤਾਂ ਅਤੇ ਮਰਜੀ ਦੇ ਫੈਸਲੇ ਕਰਨ ਦੀ ਖੁੱਲ ਦੇ ਰੱਖੀ ਹੈ ਅਤੇ ਕਿਉਂ ਉਹ (ਅੰਤਰਿੰਗ ਕਮੇਟੀ) ਗੁਰੂ ਦੀ ਗੋਲਕ ਦੀ ਹੋ ਰਹੀ ਲੁੱਟ ਅਤੇ ਦੁਰਵਰਤੋਂ ਨੂੰ ਰੋਕਣ ਵਿੱਚ ਅਸਮਰੱਥ ਹਨ।

HS Dhami (Dal Khalsa)

ਹਰਚਰਨਜੀਤ ਸਿੰਘ ਧਾਮੀ

ਪਾਰਟੀ ਪ੍ਰਧਾਨ ਹਰਚਰਨਜੀਤ ਸਿੰਘ ਧਾਮੀ ਨੇ ਕਿਹਾ ਹੈ ਕਿ ਜਾਂ ਤਾਂ ਅੰਤਰਿੰਗ ਕਮੇਟੀ ਮੈਂਬਰ ਆਪਣੀ ਜ਼ਿਮੇਵਾਰੀ ਦ੍ਰਿੜਤਾ ਅਤੇ ਈਮਾਨਦਾਰੀ ਨਾਲ ਨਿਭਾਂਉਦਿਆਂ ਕੋਹਲੀ ਨੂੰ ਚਲਦਾ ਕਰਨ ਅਤੇ ਜੇਕਰ ਉਹ ਮਜ਼ਬੂਰ ਹਨ ਤਾਂ ਫਿਰ ਆਪ ਅਸਤੀਫਾ ਦੇ ਦੇਣ। ਉਹਨਾਂ ਅੰਤਰਿੰਗ ਕਮੇਟੀ ਨੂੰ ਪੁਛਿਆ ਕਿ ਉਹ ਕੋਹਲੀ ਦੀ ਸੂਝ-ਬੂਝ ਅਤੇ ਸਿਆਣਪ ਦਾ ਇੱਕ ਹੀ ਉਦਾਹਰਣ ਦੱਸਣ ਜਿਸ ਨਾਲ ਸ਼੍ਰੋਮਣੀ ਕਮੇਟੀ ਦੀ ਕਾਰਗੁਜ਼ਾਰੀ ਬੇਹਤਰ ਅਤੇ ਪਾਰਦਰਸ਼ ਹੋਈ ਹੋਵੇ ਅਤੇ ਇਸ ਦੇ ਕੰਮ-ਢੰਗ ਤੇ ਸੋਚ-ਢੰਗ ਵਿੱਚ ਕੋਈ ਹਾਂ-ਪੱਖੀ ਤਬਦੀਲੀ ਆਈ ਹੋਵੇ।

ਸ ਧਾਮੀ ਨੇ ਕਿਹਾ ਕਿ ਉਹਨਾਂ ਦੀ ਜਾਣਕਾਰੀ ਅਨੁਸਾਰ ਕੋਹਲੀ ਚਾਰਟਰ ਅਕਾਂਊਟੇਂਟ ਹਨ ਅਤੇ ਸੁਖਬੀਰ ਸਿੰਘ ਬਾਦਲ ਅਤੇ ਰਘੂਜੀਤ ਸਿੰਘ ਵਿਰਕ ਦੇ ਅਤਿ ਦੇ ਨਜ਼ਦੀਕੀ ਹਨ ਅਤੇ ਸੁਖਬੀਰ ਬਾਦਲ ਵਿਰਕ ਅਤੇ ਕੋਹਲੀ ਰਾਂਹੀ ਹੀ ਸ਼੍ਰੋਮਣੀ ਕਮੇਟੀ ਨੂੰ ਰਿਮੋਟ ਰਾਂਹੀ ਚਲਾ ਰਿਹਾ ਹੈ।

ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਗਲਆਰਿਆਂ ਵਿੱਚ ਇਹ ਆਮ ਚਰਚਾ ਹੈ ਕਿ ਹਰ ਮਹੀਨੇ ਸੁਖਬੀਰ ਆਪਣੇ ਪਰਿਵਾਰ ਨਾਲ ਅਖੰਡ ਪਾਠ ਸਾਹਿਬ ਦੇ ਭੋਗ ਮੌਕੇ ਆਉਂਦੇ ਹਨ ਅਤੇ ਕਮੇਟੀ ਦੇ ਮੁਲਾਜ਼ਮਾਂ ਨੂੰ ਹਦਾਇਤ ਦੇ ਜਾਂਦੇ ਹਨ ਕਿ ਉਹ ਕੀ ਕਰਨ ਅਤੇ ਕੀ ਨਾ ਕਰਨ।ਉਹਨਾਂ ਕਿਹਾ ਕਿ ਜਥੇਦਾਰ ਅਵਤਾਰ ਸਿੰਘ, ਸੁਖਦੇਵ ਸਿੰਘ ਭੌਰ ਅਤੇ ਦੂਜੇ ਅੰਤਰਿੰਗ ਕਮੇਟੀ ਮੈਂਬਰ ਕੇਵਲ ਰਬੜ ਦੀ ਮੋਹਰ ਤੱਕ ਸੀਮਤ ਕਰ ਦਿਤੇ ਗਏ ਹਨ ਅਤੇ ਫੈਸਲੇ ਲੈਣ ਦੀਆਂ ਸਾਰੀਆਂ ਤਾਕਤਾਂ ਵਿਰਕ ਅਤੇ ਕੋਹਲੀ ਨੂੰ ਦਿਤੀਆਂ ਗਈਆਂ ਹਨ। ਉਹਨਾਂ ਕਿਹਾ ਕਿ ਜਥੇ: ਮੱਕੜ ਅਤੇ ਉਸ ਦੀ ਟੀਮ ਜਾਂ ਤਾਂ ਆਪਣੀ ਹੋਂਦ-ਹਸਤੀ ਦਾ ਪ੍ਰਗਟਾਵਾ ਕਰਦਿਆਂ ਆਪਣੇ ਅਧਿਕਾਰਾਂ ਦਾ ਇਸਤੇਮਾਲ ਕਰਨ ਨਹੀ ਤਾਂ ਅਸਤੀਫਾ ਦੇ ਕੇ ਲਾਂਭੇ ਹੋ ਜਣ। ਉਹਨਾਂ ਕਿਹਾ ਕਿ ਜੇਕਰ ਹੁਣ ਵੀ ਜਥੇ ਮੱਕੜ ਅਤੇ ਦੂਸਰੇ ਮੈਂਬਰ ਅੱਖਾਂ ਅਤੇ ਮੁੰਹ ਬੰਦ ਰੱਖਦੇ ਹਨ ਤਾਂ ਇਸ ਦਾ ਮਤਲਬ ਇਹ ਲਿਆ ਜਾਵੇਗਾ ਕਿ ਉਹਨਾਂ ਦਾ ਦਾਮਨ ਵੀ ਸਾਫ ਨਹੀ ਅਤੇ ਉਹ ਭ੍ਰਿਸ਼ਟਾਚਾਰ ਅਤੇ ਬੇਨਾਮੀਆਂ ਖਿਲਾਫ ਲੜਣ ਦਾ ਨੈਤਿਕ ਅਧਿਕਾਰ ਨਹੀ ਰੱਖਦੇ।

ਉਹਨਾਂ ਕਿਹਾ ਕਿ ਮੌਜੂਦਾ ਅੰਤਰਿੰਗ ਕਮੇਟੀ ਮੈਂਬਰ ਮਰਯਾਦਾ ਅਤੇ ਰਾਵਾਇਤਾਂ ਦੀ ਉਲੰਘਣਾ ਦੇ ਵੀ ਦੋਸ਼ੀ ਹਨ। ਉਹਨਾਂ ਕਿਹਾ ਗੁਰੁ-ਘਰਾਂ ਅਤੇ ਸਰਾਵਾਂ ਦਾ ਨਿਰਮਾਨ ਹਮੇਸ਼ਾਂ ਕਾਰ ਸੇਵਾ ਰਾਂਹੀ ਹੁੰਦਾ ਆਇਆ ਹੈ ਨਾ ਕਿ ਠੇਕੇਦਾਰਾਂ ਰਾਹੀਂ। ਉਹਨਾਂ ਕਿਹਾ ਸੰਗਤ ਦੇ ਯੋਗਦਾਨ ਨਾਲ ਗੁਰਦੁਆਰਿਆਂ ਅਤੇ ਸਰਾਵਾਂ ਦੀਆਂ ਈਮਾਰਤਾਂ ਦਾ ਨਿਰਮਾਨ ਹੁੰਦਾ ਹੈ ਅਤੇ ਕਦੇ ਕਿਸੇ ਨੇ ਵੀ ਇਸ ਨੇਕ ਕੰਮ ਵਿਚੋਂ ਨਿਜੀ ਫਾਇਦਾ ਲੈਣ ਜਾਂ ਕਮਾਈ ਕਰਨ ਬਾਰੇ ਨਹੀ ਸੋਚਿਆ। ਉਹਨਾਂ ਅਫਸੋਸ ਜਿਤਾਇਆ ਕਿ ਪਹਿਲੀ ਵਾਰ ਦਰਬਾਰ ਸਾਹਿਬ ਨੂੰ ਵੀ ਹਲਕੀ ਸੋਚ ਵਾਲੇ ਲਾਲਚੀ, ਭ੍ਰਿਸ਼ਟ ਸਿਆਸੀ ਆਗੂਆਂ ਨੇ ਨਹੀ ਬਖਸ਼ਿਆ।

ਉਹਨਾਂ ਹਰਿਆਣਾ ਵਿਖੇ ਬਣ ਰਹੀ ਵੱਖਰੀ ਸ਼ਰੋਮਣੀ ਕਮੇਟੀ ਦੇ ਮੁਦੇ ਦਾ ਹਵਾਲਾ ਦੇਂਦਿੰਆਂ ਕਿਹਾ ਕਿ ਭ੍ਰਿਸ਼ਟਾਚਾਰ, ਗੁਰੂ ਦੀ ਗੋਲਕ ਦੀ ਲੁੱਟ, ਉਸ ਦੀ ਦੁਰਵਰਤੋਂ, ਅਤੇ ਮਾੜੇ ਪ੍ਰਬੰਧਾਂ ਕਰਕੇ ਹੀ ਪੰਜਾਬ ਤੋਂ ਬਾਹਰ ਰਹਿੰਦੇ ਸਿੱਖ ਬਾਦਲਾਂ ਦੀ ਜਕੜ ਤੋਂ ਆਜ਼ਾਦ ਆਪਣੇ ਧਾਰਮਿਕ ਸਥਾਨਾਂ ਦੀ ਸਾਂਭ-ਸੰਭਾਲ ਕਰਨ ਦੇ ਇੱਛੁਕ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,