ਖਾਸ ਖਬਰਾਂ

ਦਰਬਾਰ ਸਾਹਿਬ ‘ਤੇ ਹਮਲੇ ਦੀ 30ਵੀਂ ਵਰੇਗੰਢ ਮੌਕੇ ਅਮਰੀਕਾ ‘ਚ “ਸਿੱਖ ਪ੍ਰਭੂਸੱਤਾ ਮਾਰਚ” ਕੀਤਾ ਜਾਵੇਗਾ

May 21, 2014 | By

ਨਿਊਯਾਰਕ, (20 ਮਈ,2014):- ਭਾਰਤ ਸਰਕਾਰ ਵੱਲੋਂ ਦਰਬਾਰ ਸਾਹਿਬ ‘ਤੇ ਕੀਤੇ ਹਮਲੇ ਦੇ ਸਬੰਧ ਵਿੱਚ 30ਵੇਂ ਘੱਲੂਘਾਰਾ ਦਿਵਸ ਮੌਕੇ ਸਮੂਹ ਸਿੱਖ ਸੰਗਤਾਂ , ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਸਿੱਖ ਜੱਥੇਬੰਦੀਆਂ ਵੱਲੋਂ “ਸਿੱਖ ਪ੍ਰਭੂਸੱਤਾ ਮਾਰਚ” ਕੀਤਾ ਜਾਵੇਗਾ।

 ਇਹ ਮਾਰਚ ਯੂ.ਐਨ. ਵਿਚ ਭਾਰਤ ਦੇ ਸਥਾਈ ਮਿਸ਼ਨ ਤੋਂ ਸ਼ੁਰੂ ਹੋ ਕੇ ਸੰਯੁਕਤ ਰਾਸ਼ਟਰ ਦੇ ਹੈੱਡਕੁਆਰਟਰ ਵੱਲ ਜਾਵੇਗਾ ਜਿਥੇ ਸਿੱਖ ਵਿਦਵਾਨ ਤੇ ਮਨੁੱਖੀ ਅਧਿਕਾਰ ਕਾਰਕੁੰਨ ਇਕੱਠ ਨੂੰ ਸੰਬੋਧਨ ਕਰਨਗੇ। ਮਨੁੱਖੀ ਅਧਿਕਾਰ ਜਥੇਬੰਦੀ ‘ਸਿੱਖਸ ਫਾਰ ਜਸਟਿਸ’ (ਐਸ.ਐਫ.ਜੇ) ਮਨੁੱਖੀ ਅਧਿਕਾਰਾਂ ਬਾਰੇ ਸੰਯੁਕਤ ਰਾਸ਼ਟਰ ਦੇ ਸਹਾਇਕ ਸਕੱਤਰ ਜਨਰਲ ਇਵਾਨ ਸਿਮੋਨੋਵਿਕ ਨੂੰ ਇਕ ਸ਼ਿਕਾਇਤ ਪੇਸ਼ ਕਰੇਗੀ।

ਇਸ ਸ਼ਿਕਾਇਤ ਵਿਚ ਯੂ.ਐਨ. ਨੂੰ ਬੇਨਤੀ ਕੀਤੀ ਜਾਵੇਗੀ ਕਿ ਆਪ੍ਰੇਸ਼ਨ ‘ਬਲਿਊ ਸਟਾਰ’ ਦੌਰਾਨ ਭਾਰਤੀ ਫੌਜ ਵੱਲੋਂ ਕੀਤੇ ਗਏ ਮਨੁੱਖੀ ਅਧਿਕਾਰਾਂ ਦੇ ਘੋਰ ਘਾਣ ਦੀ ਜਾਂਚ ਕਰਵਾਈ ਜਾਵੇ ਜੋ ਕਿ ਸੰਯੁਕਤ ਰਾਸ਼ਟਰ ਨਿਯਮਾਂ ਤਹਿਤ ਲਾਜ਼ਮੀ ਕਈ ਅਹਿਮ ਵਿਵਸਥਾਵਾਂ ਅਤੇ ਇਹਤਿਆਤ ਦੀ ਸ਼ਰੇਆਮ ਉਲੰਘਣਾ ਸੀ। ਇਹ ਵਿਵਸਥਾਵਾਂ 8 ਜੂਨ, 1977 ਦੇ ‘ਪ੍ਰੋਟੈਕਸ਼ਨ ਆਫ਼ ਵਿਕਟਿਮਸ ਆਫ਼ ਨਾਨ ਇੰਟਰਨੈਸ਼ਨਲ ਆਰਮਡ ਕਨਫਲਿਕਟਸ’ ਨਾਲ ਸੰਬੰਧਿਤ ਸਨ ਅਤੇ 14 ਦਸੰਬਰ, 1974 ਦੇ ‘ਡੈਫੀਨੇਸ਼ਨ ਆਫ਼ ਅਗ੍ਰੈਸ਼ਨ ਯੂਨਾਇਟਿਡ ਨੈਸ਼ਨਸ ਜਨਰਲ ਅਸੈਂਬਲੀ ਰੈਸੋਲੂਸ਼ਨ’ 3314 ਦੀ ਉਲੰਘਣਾ ਵਿਚ ਸੀ।

ਇਸ ‘ਪ੍ਰਭੁਸੱਤਾ ਮਾਰਚ’ ਨੂੰ ਅਮਰੀਕਾ ਵਿਚ ਸਿੱਖ ਗੁਰਦੁਆਰਿਆਂ ਦੀ ਸੰਗਠਿਤ ਜਥੇਬੰਦੀ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ, ਉਂਟਾਰੀਓ ਗੁਰਦੁਆਰਾ ਕਮੇਟੀ ਜਿਸ ਦੇ ਸਮੁੱਚੇ ਕੈਨੇਡਾ ਵਿਚ 5 ਲੱਖ ਤੋਂ ਵੱਧ ਮੈਂਬਰ ਹਨ, ‘ਮੂਵਮੈਂਟ ਅਗੇਂਸਟ ਐਂਟਰਾਸਿਟੀਜ਼ ਐਂਡ ਰਿਪ੍ਰੈਸ਼ਨ’ ਜੋ ਕਿ ਸਵਿਸ ਸਥਿਤ ਮਨੁੱਖੀ ਅਧਿਕਾਰ ਜਥੇਬੰਦੀ ਹੈ ਅਤੇ ਕਈ ਹੋਰ ਸਿੱਖ ਜਥੇਬੰਦੀਆਂ ਦਾ ਸਮਰਥਨ ਹਾਸਿਲ ਹੈ।

ਕਾਨੂੰਨੀ ਸਲਾਹਕਾਰ ਅਟਾਰਨੀ ਗੁਰਪਤਵੰਤ ਸਿੰਘ ਪੰਨੂ ਨੇ ਕਿਹਾ ਕਿ 6 ਜੂਨ ਨੂੰ ਇਕ ਯੋਜਨਾ ਤਿਆਰ ਕੀਤੀ ਜਾਵੇਗੀ ਕਿ ਸਿੱਖਾਂ ਦੇ ਖੁਦ-ਮੁਖਤਿਆਰੀ ਦੇ ਅਧਿਕਾਰ ਨੂੰ ਹਾਸਿਲ ਕਰਨ ਲਈ ਸੰਘਰਸ਼ ਜਾਰੀ ਰੱਖਿਆ ਜਾਵੇ ਜਿਵੇਂ ਕਿ 1980 ਵਿਆਂ ‘ਚ ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾ ਵਾਲੇ ਅਤੇ ਸ਼ਹੀਦ ਭਾਈ ਅਮਰੀਕ ਸਿੰਘ ਜਿਨ੍ਹਾਂ ਨੇ ਹੋਰਨਾਂ ਦੇ ਨਾਲ ਸ੍ਰੀ ਹਰਿਮੰਦਰ ਸਾਹਿਬ ਦੀ ਪਵਿੱਤਰਤਾ ਕਾਇਮ ਰੱਖਣ ਲਈ  ਸਿੱਖਾਂ ਦੇ ਖੁਦ-ਮੁਖਤਿਆਰੀ ਦੇ ਅਧਿਕਾਰ ਨੂੰ ਹਾਸਿਲ ਕਰਨ ਲਈ ਆਪਣੀਆਂ ਜਾਨਾਂ ਵਾਰ ਦਿੱਤੀਆਂ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,