ਲੜੀਵਾਰ ਕਿਤਾਬਾਂ » ਸਿੱਖ ਖਬਰਾਂ

ਸਿੱਖ ਨਸਲਕੁਸ਼ੀ ਨਵੰਬਰ 1984 ਦੇ 40 ਸਾਲਾਂ ਨੂੰ ਸਮਰਪਿਤ ਗੁਰਮਤਿ ਸਮਾਗਮ ਹੋਇਆ

October 28, 2024 | By

ਸੰਗਰੂਰ: ਨਵੰਬਰ 1984 ਵਿੱਚ ਭਾਰਤ ਦੇ ਵੱਡੇ ਹਿੱਸੇ ਵਿੱਚ ਦਿੱਲੀ ਦੀ ਤਰਜ਼ ਤੇ ਕਤਲੇਆਮ ਹੋਇਆ, ਜਿਸ ਦੌਰਾਨ ਸਿੱਖਾਂ ਦਾ ਨਾਮੋ-ਨਿਸ਼ਾਨ ਮਿਟਾਉਣ ਲਈ ਬਹੁਤ ਯਤਨ ਕੀਤੇ ਗਏ। ਇਸ ਦੌਰਾਨ ਅਨੇਕਾਂ ਗੁਰਦੁਆਰਿਆਂ ਨੂੰ ਨੁਕਸਾਨ ਪਹੁੰਚਾਇਆ ਗਿਆ, ਸਿੱਖੀ ਦੀ ਅਜ਼ਮਤ ਰੋਲਣ ਦੇ ਯਤਨ ਕੀਤੇ ਗਏ। ਸਿੱਖਾਂ ਨੂੰ ਵੱਡੀ ਗਿਣਤੀ ਵਿਚ ਕਤਲ ਕੀਤਾ ਗਿਆ। ਇਨ੍ਹਾਂ ਦਿਨਾਂ ਦੀ ਯਾਦ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਜੁੜਨ ਲਈ ਸਿੱਖ ਜਥਾ ਮਾਲਵਾ, ਨੀਸਾਣਿ ਪ੍ਰਕਾਸ਼ਨ, ਅਕਾਲ ਕਾਲਜ ਕੌਂਸਲ, ਗੁਰਮਤਿ ਕਾਲਜ ਮਸਤੂਆਣਾ ਸਾਹਿਬ ਅਤੇ ਪਿੰਡਾਂ ਸ਼ਹਿਰਾਂ ਦੀ ਸੰਗਤ ਵਲੋਂ ਗੁਰਮਤਿ ਸਮਾਗਮ ਮਨਾਉਣ ਦਾ ਉਪਰਾਲਾ ਕੀਤਾ ਗਿਆ।

ਮਸਤੂਆਣਾ ਸਾਹਿਬ ਵਿਖੇ ਅਕਾਲ ਡਿਗਰੀ ਕਾਲਜ ਦੇ ਕਿਤਾਬਘਰ ਵਿਚ ਹੋਏ ਇਸ ਸਮਾਗਮ ਦੀ ਆਰੰਭਤਾ ਸੰਗਤ ਵਲੋਂ ਚੌਪਈ ਸਾਹਿਬ ਦੇ 40 ਪਾਠਾਂ ਦੇ ਜਾਪ ਨਾਲ ਕੀਤੀ ਗਈ। ਉਪਰੰਤ ਸਮਾਗਮ ਵਿੱਚ ਪਹੁੰਚੀ ਸਿੱਖ ਸੰਗਤ ਦਾ ਭਾਈ ਭੁਪਿੰਦਰ ਸਿੰਘ ਗਰੇਵਾਲ, ਧਰਮ ਪ੍ਰਚਾਰ ਕਮੇਟੀ ਮਸਤੂਆਣਾ ਸਾਹਿਬ ਵਲੋਂ ਸਵਾਗਤ ਕਰਦਿਆ ਸਿੱਖ ਨਸਲਕੁਸ਼ੀ ਦੀ ਯਾਦ ਵਿੱਚ ਜੁੜਨ ਦਾ ਸੱਦਾ ਦਿੱਤਾ ਗਿਆ।

New Books on 1984 Sikh Genocide Released

ਗੁਰਮਤਿ ਸਮਾਗਮ ਦੌਰਾਨ ਇਕ ਸਾਂਝੀ ਤਸਵੀਰ।

ਸਿੱਖ ਨਸਲਕੁਸ਼ੀ ਬਾਰੇ ਭਾਈ ਪਰਮਜੀਤ ਸਿੰਘ ਗਾਜ਼ੀ ਨੇ ਵਿਸਤਾਰ ਸਹਿਤ ਗੱਲ ਕਰਦਿਆਂ ਦੱਸਿਆ ਕਿ ਨਸਲਕੁਸ਼ੀ ਦੇ ਵਰਤਾਰੇ ਨੂੰ ਸਰਕਾਰ ਵਲੋਂ ਦਿੱਲੀ ਤੱਕ ਹੀ ਸੀਮਤ ਕਰਕੇ ਦੱਸਿਆ ਜਾਂਦਾ ਹੈ। ਜਦਕਿ ਹੁਣ ਵੱਖ ਵੱਖ ਕਿਤਾਬਾਂ ਰਾਹੀਂ ਇਹ ਤੱਥ ਆ ਰਹੇ ਹਨ ਕਿ ਇਹ ਵਰਤਾਰਾ ਸਿਰਫ਼ ਦਿੱਲੀ ਤੱਕ ਸੀਮਤ ਨਹੀਂ ਸੀ, ਇਸਦਾ ਘੇਰਾ ਅਤੇ ਪਸਾਰਾ ਇੰਡੀਆ ਪੱਧਰ ਤੇ ਵਿਆਪਕ ਸੀ। ਉਨ੍ਹਾਂ ਦਿੱਲੀ ਸਰਕਾਰ ਵਲੋਂ ਨਸਲਕੁਸ਼ੀ ਸਬੰਧੀ ਪਾਏ ਮਤੇ ਨੂੰ ਮੀਡੀਆ ਦੁਆਰਾ ਦੱਬ ਲਏ ਜਾਣ ਦੀ ਗੱਲ ਕਰਦਿਆਂ ਆਖਿਆ ਕਿ ਸਰਕਾਰ ਨੇ ਮੀਡੀਆ ਦੇ ਰਾਹੀਂ ਕਿਵੇਂ ਹੁਣ ਤੱਕ ਸਿੱਖਾਂ ਸਮੇਤ ਸਮੁੱਚੇ ਲੋਕਾਂ ਨੂੰ ਨਸਲਕੁਸ਼ੀ ਦੇ ਤੱਥ ਅਤੇ ਵੇਰਵਿਆਂ ਤੋਂ ਦੂਰ ਰੱਖਿਆ ਹੈ। ਅੱਜ ਦੇ ਸਮੇਂ ਵਿੱਚ ਉਨ੍ਹਾਂ ਨੇ ਨੌਜਵਾਨਾਂ ਨੂੰ ਸਭਿਆਚਾਰਿਕ ਨਸਲਕੁਸ਼ੀ ਦੇ ਚਿੰਨ੍ਹ ਪਛਾਨਣ ਦੀ ਤਾਕੀਦ ਕਰਦਿਆਂ ਆਪਣੀਆਂ ਜੜ੍ਹਾਂ ਨਾਲ ਜੁੜਨ ਦੀ ਅਪੀਲ ਕੀਤੀ। ਭਾਈ ਦਲਜੀਤ ਸਿੰਘ ਨੇ ਸੰਗਤ ਨਾਲ ਵੀਚਾਰ ਸਾਂਝੇ ਕਰਦਿਆਂ ਅੱਜ ਦੇ ਸਮੇਂ ਵਿਚ ਸਿੱਖਾਂ ਨੂੰ ਆਪਸੀ ਬਹਿਸਬਾਜ਼ੀ ਅਤੇ ਫੁੱਟਪਾਓ ਗੱਲਾਂ ਤੋਂ ਦੂਰ ਰਹਿਣ ਅਤੇ ਗੁਰਮਤਿ ਨਾਲ ਜੁੜਨ ਦੀ ਬੇਨਤੀ ਕੀਤੀ।

S. Parmjeet Singh Gazi

ਸ. ਪਰਮਜੀਤ ਸਿੰਘ ਗਾਜ਼ੀ ਸੰਗਤਾਂ ਨਾਲ ਵਿਚਾਰ ਸਾਂਝੇ ਕਰਦੇ ਹੋਏ।

ਸਮਾਗਮ ਦੌਰਾਨ ਨੀਸਾਣਿ ਪ੍ਰਕਾਸ਼ਨ ਵਲੋਂ ਸਿੱਖ ਨਸਲਕੁਸ਼ੀ ਬਾਰੇ ਭਾਈ ਪਰਮਜੀਤ ਸਿੰਘ ਗਾਜ਼ੀ ਵਲੋਂ ਲਿਖੀਆਂ ਦੋ ਕਿਤਾਬਾਂ, “ਨਸਲਕੁਸ਼ੀ ਅਤੇ ਸਿੱਖ ਨਸਲਕੁਸ਼ੀ 1984” ਅਤੇ “Genocide & Sikh Genocide 1984” ਅਤੇ ਭਾਈ ਗੁਰਜੰਟ ਸਿੰਘ ਬੱਲ ਦੀ ਕਿਤਾਬ, “ਸਿਰਫ ਦਿੱਲੀ ਨਹੀਂ – ਨਵੰਬਰ 1984” ਜਾਰੀ ਕੀਤੀ ਗਈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਟਹਿਲ ਸੇਵਾ ਗੁਰਮਤਿ ਕਾਲਜ ਦੇ ਵਿਦਿਆਰਥੀਆਂ ਦੁਆਰਾ ਕੀਤੀ ਗਈ। ਡਾ. ਅਮਨਪ੍ਰੀਤ ਸਿੰਘ ਸੰਗਰੂਰ ਵਲੋਂ ਮੰਚ ਸੰਚਾਲਨ ਅਤੇ ਅਖੀਰ ਆਈ ਹੋਈ ਸੰਗਤ ਦਾ ਭਾਈ ਮਲਕੀਤ ਸਿੰਘ ਭਵਾਨੀਗੜ੍ਹ ਹੋਰਾਂ ਨੇ ਧੰਨਵਾਦ ਕੀਤਾ।

ਨੀਸਾਣਿ ਪ੍ਰਕਾਸ਼ਨ ਵਲੋਂ ਸਿੱਖ ਨਸਲਕੁਸ਼ੀ ਬਾਰੇ ਭਾਈ ਪਰਮਜੀਤ ਸਿੰਘ ਗਾਜ਼ੀ ਵਲੋਂ ਲਿਖੀਆਂ ਦੋ ਕਿਤਾਬਾਂ, “ਨਸਲਕੁਸ਼ੀ ਅਤੇ ਸਿੱਖ ਨਸਲਕੁਸ਼ੀ 1984” ਅਤੇ “Genocide & Sikh Genocide 1984” ਅਤੇ ਭਾਈ ਗੁਰਜੰਟ ਸਿੰਘ ਬੱਲ ਦੀ ਕਿਤਾਬ, “ਸਿਰਫ ਦਿੱਲੀ ਨਹੀਂ – ਨਵੰਬਰ 1984” ਜਾਰੀ ਕੀਤੀ ਗਈ।

ਸਮਾਗਮ ਵਿੱਚ ਇਲਾਕੇ ਦੀ ਸੰਗਤ ਤੋਂ ਇਲਾਵਾ ਅਕਾਲ ਕਾਲਜ ਕੌਂਸਲ ਤੋਂ ਸ. ਜਸਵੰਤ ਸਿੰਘ ਖਹਿਰਾ, ਬਾਬਾ ਹਰਦੀਪ ਸਿੰਘ ਮਹਿਰਾਜ (ਦਲ ਖਾਲਸਾ), ਗੁਰਜੰਟ ਸਿੰਘ ਬੱਲ, ਭਾਈ ਨਿਰਮਲ ਸਿੰਘ ਰੱਤਾਖੇੜਾ, ਦਲੀਪ ਸਿੰਘ ਭੂਰੇ, ਗੁਰਮੀਤ ਸਿੰਘ ਸ਼ੇਰੋਂ, ਸ਼ੇਰ ਸਿੰਘ ਉਭਾਵਾਲ, ਬਲਵਿੰਦਰ ਸਿੰਘ ਘਰਾਚੋਂ, ਅਵਤਾਰ ਸਿੰਘ ਮਹਿਲਾਂ, ਦਰਸ਼ਨ ਸਿੰਘ ਦੁੱਗਾਂ, ਗੁਰਮਤਿ ਕਾਲਜ ਮਸਤੂਆਣਾ ਸਾਹਿਬ ਦੇ ਪ੍ਰਿੰਸੀਪਲ ਰਾਜਵਿੰਦਰ ਸਿੰਘ ਅਤੇ ਵਿਦਿਆਰਥੀ, ਕੁਲਵੰਤ ਸਿੰਘ ਰਾਗੀ ਗ੍ਰੰਥੀ ਸਭਾ ਸੰਗਰੂਰ, ਮਨਬੀਰ ਸਿੰਘ, ਜਸਬੀਰ ਸਿੰਘ, ਅੰਮ੍ਰਿਤਪਾਲ ਸਿੰਘ ਪੱਖੋਕੇ, ਗੁਰਮੀਤ ਸਿੰਘ, ਅਜੀਤਪਾਲ ਸਿੰਘ ਧੂਰੀ, ਮੱਖਣ ਸਿੰਘ ਰਾਜੋਮਾਜਰਾ, ਸੁਖਪਾਲ ਸਿੰਘ ਬਟੂਹਾ, ਗੁਰਮੀਤ ਸਿੰਘ ਰਾਂਚੀ, ਲੱਖੀ ਜੰਗਲ ਖਾਲਸਾ ਜਥਾ, ਲਕਸ਼ਦੀਪ ਸਿੰਘ ਪੁੰਨਾਵਾਲ, ਭਾਈ ਸਵਰਨ ਸਿੰਘ, ਹਰਮਨ ਸਿੰਘ ਬੇਨੜਾ, ਇੰਦਰਪਾਲ ਸਿੰਘ ਸੰਗਰੂਰ, ਆਦਿ ਸਖਸ਼ੀਅਤਾਂ ਹਾਜ਼ਰ ਹੋਈਆਂ।

 


 

ਅੰਗ੍ਰੇਜ਼ੀ ਵਿੱਚ ਪੜ੍ਹੋ— New Books on 1984 Sikh Genocide Released at 40th Anniversary Commemoration

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , , , , , , , , ,