ਬੋਲਦੀਆਂ ਲਿਖਤਾਂ » ਲੇਖ

ਸਿਦਕ ਪ੍ਰਬਲਤਾ ਦੀ ਸਾਖੀ

October 7, 2024 | By

ਪੁਸਤਕ ‘ਖਾੜਕੂ ਸੰਘਰਸ਼ ਦੀ ਸਾਖੀ’ ਸਿੱਖ ਯਾਦ ਦੇ ਪਵਿੱਤਰ ਅਹਿਸਾਸ ਹਨ। ਸਿੱਖ ਯਾਦ ਬੜੀ ਬਲਵਾਨ ਹੈ ਇਸਦੇ ਅੰਦਰ ਸਦੀਆਂ ਦੀ ਪੀੜ ਸਮਾਂ ਸਕਦੀ ਹੈ ਅਤੇ ਇਹ ਕਿਸੇ ਤਰਕ ਦੀ ਮੁਥਾਜ ਵੀ ਨਹੀ ਹੁੰਦੀ। ਇਸਦੇ ਆਵੇਸ਼ ਵਿਚ ਕੁਲ ਜ਼ਜਬਾਤ ਸਮਾ ਸਕਦੇ ਹਨ ਅਤੇ ਇਸ ਨੇ ਸਦਾ ਹੀ ਬੜੀਆਂ ਕੀਮਤੀ ਚੀਜਾਂ ਦੀ ਸੰਭਾਲ ਕੀਤੀ ਹੈ ਅਤੇ ਸਮਾਂ ਆਉਣ ਉੱਤੇ ਆਪਣੀ ਪਵਿੱਤਰ ਅਤੇ ਨਿਰਮਲ ਗਵਾਹੀ ਨੂੰ ਕਲਮਬੰਦ ਵੀ ਕਰਵਾਇਆ ਹੈ। ਇਹ ਇਕ ਮੁਬਾਰਕ ਘੜੀ ਹੈ ਕਿ ਸਿੱਖ ਯਾਦ ਦੀ ਬਦੌਲਤ ਸਾਡੇ ਸਮਿਆ ਵਿਚ ਖਾੜਕੂ ਸੰਘਰਸ਼ ਨਾਲ ਸੰਬੰਧਿਤ ਇਕ ਬੜੀ ਹੀ ਅਹਿਮ ਅਤੇ ਕੀਮਤੀ ਰਚਨਾ ਸਾਹਮਣੇ ਆਈ। ਇਹ ਕਿਤਾਬ ਜਾਣਕਾਰੀ ਤੋਂ ਜਿਆਦਾ ਅਨੁਭਵ ਨਾਲ ਲਬਰੇਜ਼ ਹੈ। ਇਹ ਕਿਤਾਬ ਐਕਸ਼ਨਾ/ਕਾਰਜਾਂ ਪਿੱਛੇ ਕਾਰਜਸ਼ੀਲ ਗਿਣਤੀਆਂ ਮਿਣਤੀਆਂ ਨੂੰ ਵਿਖਾਉਣ ਦੀ ਬਜਾਏ ਉਸ ਸਪਿਰਟ ਦੇ ਦਰਸ਼ਨ ਕਰਵਾਉਦੀ ਹੈ ਜੋ ਕਿ ਉਸ ਵੇਲੇ ਵੱਡੇ ਹਿੱਸੇ ‘ਤੇ ਬਖਸ਼ਿਸ਼ ਰੂਪ ਵਿਚ ਵਰਤ ਕੇ ਸੇਵਾ ਲੈ ਰਹੀ ਸੀ। ਸੋ ਇਸ ਕਿਤਾਬ ਨੂੰ ਪੜਦਿਆਂ ਇਹ ਮਹਿਸੂਸ ਹੁੰਦਾ ਹੈ ਕਿ ਇਹ ਕਾਰਜ ਗੁਰੂ ਨੇ ਆਪ ਸਹਾਈ ਹੋ ਕੇ ਕਰਵਾਏ ਹਨ।

ਪੁਸਤਕ ਦਾ ਪਾਠ ਕਰਦੇ ਸਮੇਂ ਸਿੱਖ ਆਦਰਸ਼ਾਂ ਨੂੰ ਅਮਲਾਂ ਦੀ ਨੁਹਾਰ ਵਿਚ ਆਉਣ ਸਮੇਂ ਅਨੇਕਾਂ ਰੂਪਾਂ-ਵੇਸਾ ਵਿਚ ਵੇਖਣਾਂ ਨਸੀਬ ਹੁੰਦਾ ਹੈ, ਕਦੇ ਪਾਠਕ ਦੀ ਸੁਰਤਿ ਅੱਗੇ ਬਾਣੀ ਦੇ ਪ੍ਰੇਮੀ ਦਾ ਅਠੱਲ ਜਬਤ ਵਾਲਾ ਦ੍ਰਿਸ਼ ਵਿਖਾਈ ਦਿੰਦਾ ਹੈ, ਕਦੀ ਸੇਵਾ ਦੇ ਪੁੰਜ ਕਿਸੇ ਕਿਰਤੀ ਦੇ ਸਚਿਆਰੇ ਅਮਲ ਦੇ ਦਰਸ਼ਨ ਹੁੰਦੇ ਹਨ, ਕਿਸੇ ਪਲ ਅਰਦਾਸ ਦੇ ਪਵਿੱਤਰ ਬੋਲ ਸਿਦਕ ਪੈਦਾ ਕਰਦੇ ਵਿਖਾਈ ਦਿੰਦੇ ਹਨ, ਕਿਸੇ ਪਲ ਉੱਚੇ ਅਤੇ ਬੁਲੰਦ ਕਿਰਦਾਰਾਂ ਦੇ ਦਰਸ਼ਨ ਹੁੰਦੇ ਹਨ ਜਿਨ੍ਹਾਂ ਦੇ ਨਿਹਚਲ ਸਿਰੜ ਅੱਗੇ ਜਾਲਮ ਨੂੰ ਹੌਲ ਪੈਂਦਾ ਹੈ, ਕਿਸੇ ਸਾਖੀ ਵਿੱਚ ਉਨ੍ਹਾਂ ਮਾਂਵਾਂ ਦੀ ਰੁੱਖਾਂ ਜਹੀ ਜੀਰਾਂਦ ਭਾਵ ਸਬਰ ਦਾ ਅਣਥੱਕ ਰੂਪ ਵਿਖਾਈ ਦਿੰਦਾ ਹੈ ਜਿਨ੍ਹਾਂ ਦੇ ਸਬਰ ਅੱਗੇ ਸਮੇਂ ਦਾ ਵਹਿਣ ਵੀ ਕਮਜੋਰ ਮਹਿਸੂਸ ਹੁੰਦਾ ਹੈ।

ਇਤਿਹਾਸ ਵਿਚ ਸਦਾ ਹੀ ਖਾਸ ਘਟਨਾਵਾ ਜਾਂ ਸ਼ਖਸ਼ੀਅਤਾਂ/ਬੰਦਿਆ ਦਾ ਜਿਕਰ ਆਉਦਾ ਹੈ। ਪਰ ਉਨ੍ਹਾਂ ਖਾਸ ਘਟਨਾਵਾਂ ਜਾਂ ਸਖਸ਼ੀਅਤਾਂ ਦੇ ਅੰਗ-ਸੰਗ ਅਨੇਕਾ ਹੀ ਅਨਾਮ ਸਖਸ਼ੀਅਤਾਂ ਸਫਰ ਕਰ ਰਹੀਆ ਹੁੰਦੀਆਂ ਹਨ। ਜਿਨ੍ਹਾਂ ਦਾ ਯੋਗਦਾਨ ਬੜਾ ਹੀ ਅਹਿਮ ਹੁੰਦਾ ਹੈ ਪਰ ਸਿਹਰਾ ਸਦਾ ਹੀ ਕੁਝ ਜਿੰਮੇਵਾਰੀ ਵਾਲੇ ਪੁਰਸ਼ਾਂ ਦੇ ਸਿਰ ਬੰਨਿਆ ਜਾਣਾ ਹੁੰਦਾ ਹੈ। ਸੋ ਭਾਈ ਸਾਹਿਬ ਦੀ ਇਹ ਰਚਨਾਂ ਇਨ੍ਹਾਂ ਅਨਾਮ ਸਿਦਕੀ ਅਤੇ ਯੋਧਿਆਂ ਦੀ ਬਾਤ ਪਾਉਂਦੀ ਪਲੇਠੀ ਰਚਨਾ ਹੈ। ਜਿਸ ਵਿਚੋਂ ਗ੍ਰਹਿਸਤੀ ਸਿੱਖਾਂ ਦੇ ਉਚੇ ਅਮਲਾਂ ਦੇ ਦਰਸ਼ਨ ਹੁੰਦੇ ਹਨ ਜਿਨ੍ਹਾਂ ਦੇ ਸਿਦਕ ਦੀ ਅਡੋਲਤਾ ਨੂੰ ਜੁਲਮੀ ਝੁਕਾਉਣ ਵਿੱਚ ਕਾਮਯਾਬ ਨਾ ਹੋ ਸਕੇ, ਅਤੇ ਸਿਦਕ ਦੀ ਪ੍ਰਬਲਤਾ ਦੇ ਸਿੱਖਰ ਜਲੌਅ ਨੂੰ ਪ੍ਰਗਟ ਹੋਣੋ ਹੋੜ ਨਾ ਸਕੇ।

ਇਸ ਕਿਤਾਬ ਦੀ ਇਕ ਖੂਬਸੂਰਤ ਗੱਲ ਇਹ ਹੈ ਕਿ ਇਸਦੀ ਇਬਾਰਤ ਨੂੰ ਉਹ ਸ਼ਖਸ਼ੀਅਤ ਕਲਮਬੱਧ ਕਰ ਰਹੀ ਹੈ ਜਿਹੜੀ ਸ਼ਖਸ਼ੀਅਤ ਇਸ ਸੰਘਰਸ਼ ਦਾ ਆਪ ਹਿੱਸਾ ਰਹੀ ਹੈ। ਇਹ ਕਿਤਾਬ ਸਰਕਾਰੀ ਬਿਰਤਾਂਤਕਾਰੀ ਦੀਆ ਮਿੱਥਾਂ ਨੂੰ ਤੋੜਦੀ ਹੋਈ ਸੰਘਰਸ਼ ਦੀ ਰੂਹ ਦੇ ਅਸਲ ਅਕੀਦਿਆਂ ਵੱਲ ਇਸ਼ਾਰੇ ਕਰਦੀ ਹੈ। ਇਹ ਕਿਤਾਬ ਪਾਠਕ ਦੇ ਮਨ ਨੂੰ ਅਨੇਕਾਂ ਹੀ ਕਿਸਮ ਦੇ ਕੋਮਲ ਦ੍ਰਿਸ਼ਾਂ ਨਾਲ ਟੁੰਬਦੀ ਹੋਈ ਪ੍ਰਤੀਤ ਹੁੰਦੀ ਹੈ, ਜਿਵੇੰ ਸੰਘਰਸ਼ ਨਾਲ ਹਮਸਫਰ ਸ਼ਖਸ਼ੀਅਤਾਂ ਦੇ ਅੰਦਰ ਜਿੰਦਗੀ ਦੀ ਅਥਾਹ ਸੁਹਿਰਦਤਾ ਦੇ ਦਰਸ਼ਨ ਕਰਵਾਉੰਦੀਆਂ ਸਾਖੀਆਂ, ਜਿਨ੍ਹਾਂ ਦੇ ਯੋਗਦਾਨ ਨੂੰ ਸਟੇਟ ਖਤਰਨਾਕ ਅੱਤਵਾਦੀ ਕਹਿ ਸ਼ਹੀਦ ਕਰਦੀ ਰਹੀ ਹੈ। ਸੋ ਨਾਲ ਹੀ ਪਿਆਰ, ਮੁਹੱਬਤ , ਅਪਣੱਤ, ਸੁਹਿਰਦਤਾ, ਸਾਦਗੀ, ਗੁਰੂ ਪ੍ਰਤੀ ਅਥਾਹ ਪਿਆਰ, ਇਨਸਾਫ ਲਈ ਯਕੀਨ ਅਤੇ ਆਪਣੇ ਹੱਕਾਂ ਲਈ ਲੜਨਾ ਇਹ ਇਸ ਕਿਤਾਬ ਦੇ ਪ੍ਰਮੁੱਖ ਦ੍ਰਿਸ਼/ਸੁਨੇਹੇ ਹਨ। ਜਿਨ੍ਹਾਂ ਨਾਲ ਇਕ ਖਾਸ ਕਿਸਮ ਦੇ ਬਿੰਬ ਦੀ ਸਿਰਜਣਾ ਹੁੰਦੀ ਹੈ ਕਿ ਸੰਘਰਸ਼ ਗੁਰੂ ਦੀ ਅਜ਼ਮਤ ਦੀ ਪ੍ਰਥਾਏ ਲੜਿਆ ਗਿਆ ਸੀ ਜਿਸ ਵਿਚ ਦੁਨਿਆਵੀ ਪ੍ਰਾਪਤੀਆ ਦੋਮ ਦਰਜੇ ‘ਤੇ ਸਨ ।

ਕਿਤਾਬ ਪਾਠਕ ਦੇ ਮਨ ‘ਤੇ ਇਕ ਖਾਸ ਕਿਸਮ ਦਾ ਪ੍ਰਭਾਵ ਛੱਡਦੀ ਹੈ ਇਸ ਪ੍ਰਭਾਵ ਵਿੱਚ ਚੜ੍ਹਦੀ ਕਲਾ ਮੌਜੂਦ ਹੈ, ਇਸ ਵਿੱਚ ਇਕ ਯਕੀਨ ਦਾ ਅਹਿਸਾਸ ਹੈ ਇਸ ਵਿੱਚ ਇਕ ਮਾਣ ਜਾਂ ਜੰਗ ਦੀ ਲਗਾਤਾਰਤਾ ਨੂੰ ਬਣਾਈ ਰੱਖਣ ਦਾ ਪੈਗਾਮ ਹੈ ਅਤੇ ਸ਼ਹੀਦਾ ਦੇ ਪਾਏ ਪੂਰਨਿਆ ਨੂੰ ਮੁੜ ਉਜਾਗਰ ਕਰਨ ਦੀ ਪ੍ਰੇਰਣਾ ਇਸ ਦਾ ਮੁਖ ਸਬਕ ਹੈ। ਇਸ ਕਿਤਾਬ ਦਾ ਪਾਠ ਸਾਨੂੰ ਖਾੜਕੂ ਸੰਘਰਸ਼ ‘ਤੇ ਮਾਣ ਮਹਿਸੂਸ ਕਰਵਾਉੰਦਾ ਹੈ। ਇਸ ਕਿਤਾਬ ਦਾ ਮੁੱਢਲਾ ਮਨੋਰਥ ਸਾਨੂੰ ਸੰਘਰਸ਼ ਨੂੰ ਚੜਦੀਕਲਾ ਵਿਚ ਰੱਖਣ ਲਈ ਲਾਏ ਬੇਨਾਮ ਸਿਰਾਂ ਦੀ ਉੱਚ ਸਖਸ਼ੀਅਤ ਦੇ ਦਰਸ਼ਨ ਕਰਵਾਉਣੇ ਅਤੇ ਇਹ ਦੱਸਣਾ ਹੈ ਕਿ ਉਨਾਂ ਦਾ ਯੋਗਦਾਨ ਕਿੱਡਾ ਵਡੇਰਾ ਸੀ। ਇਨ੍ਹਾਂ ਮਨੁੱਖਾਂ ਦੀ ਭੂਮਿਕਾ ਸੰਘਰਸ਼ ਦੀ ਪਿੱਠ ਵਜੋਂ ਸੀ ਜਿਸ ਤੋਂ ਬਿਨ੍ਹਾਂ ਸੰਘਰਸ਼ ਨੂੰ ਲੰਬੇ ਸਮੇਂ ਲਈ ਜਾਰੀ ਰੱਖਣਾ ਕਠਿਨ ਕਾਰਜ ਸੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,